ਫਿਰੋਜ਼ਪੁਰ(ਮਲਹੋਤਰਾ, ਖੁੱਲਰ, ਪਰਮਜੀਤ) : ਘਰ ਦੇ ਬਾਹਰ ਲੜਾਈ ਦਾ ਰੌਲਾ ਸੁਣ ਕੇ ਪਰਿਵਾਰ ਨਾਲ ਬਾਹਰ ਨਿਕਲੀ ਕੁੜੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਘਟਨਾ ਸ਼ਨੀਵਾਰ ਰਾਤ ਕੈਂਟ ਦੇ ਬਾਜ਼ਾਰ ਨੰਬਰ-1 ਵਿਚ ਵਾਪਰੀ। ਥਾਣਾ ਕੈਂਟ ਪੁਲਸ ਨੇ ਮ੍ਰਿਤਕ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਅਤੇ ਉਨ੍ਹਾਂ ਦੇ 4 ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਡਾ. ਅਵਨੀਸ਼ ਕੁਮਾਰ ਬਾਬਾ ਫਰੀਦਕੋਟ ਯੂਨੀਵਰਿਸਟੀ ਦੇ ਕਾਰਜਕਾਰੀ ਵੀ. ਸੀ. ਨਿਯੁਕਤ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੋਨੂੰ ਵਾਸੀ ਬਾਜ਼ਾਰ ਨੰਬਰ-1 ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ ਸਾਢੇ 10 ਵਜੇ ਉਹ ਘਰ ਵਿਚ ਆਪਣੇ ਪਰਿਵਾਰ ਦੇ ਨਾਲ ਮੌਜੂਦ ਸੀ ਤਾਂ ਬਾਹਰ ਰੌਲੇ ਦੀ ਆਵਾਜ਼ ਸੁਣੀ। ਉਹ, ਉਸਦੀ ਪਤਨੀ ਅਤੇ 15 ਸਾਲ ਦੀ ਕੁੜੀ ਖੁਸ਼ੀ ਬਾਹਰ ਨਿਕਲੇ ਤਾਂ ਹਰਸ਼, ਉਸਦੀ ਪਤਨੀ ਈਸ਼ਾ ਅਤੇ ਭਰਾ ਦੇਵ ਵਾਸੀ ਇੰਦਰਾ ਕਾਲੋਨੀ ਭੱਜਦੇ ਹੋਏ ਉਨ੍ਹਾਂ ਦੇ ਗੁਆਂਢ ਘਰ ਵੱਲ ਨੂੰ ਆ ਰਹੇ ਸਨ, ਜਦਕਿ ਉਨ੍ਹਾਂ ਦੇ ਪਿੱਛੇ ਕਰਨ ਐੱਮ. ਜੇ., ਉਸਦੇ ਸਾਥੀ ਮੋਹਿਤ ਕੁਮਾਰ, ਚੰਦੂ ਅਤੇ ਚਾਰ ਹੋਰ ਅਣਪਛਾਤੇ ਵਿਅਕਤੀ ਮੋਟਰਸਾਈਕਲਾਂ ’ਤੇ ਪਿੱਛੇ ਕਰ ਰਹੇ ਸਨ। ਇਸੇ ਦੌਰਾਨ ਮੁਲਜ਼ਮਾਂ ’ਚੋਂ ਕਿਸੇ ਨੇ ਗੋਲ਼ੀ ਚਲਾਈ ਜੋ ਉਸਦੀ ਕੁੜੀ ਦੀ ਛਾਤੀ ਵਿਚ ਆ ਲੱਗੀ। ਜ਼ਖ਼ਮੀ ਹਾਲਤ ਵਿਚ ਉਸ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਥਾਣਾ ਕੈਂਟ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਉਕਤ 7 ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਘਰ-ਘਰ ਰਾਸ਼ਨ ਸਕੀਮ ਨੂੰ ਲੈ ਕੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਖੀ ਵੱਡੀ ਗੱਲ
NEXT STORY