ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)- ਪੁਲਸ ਨੇ 6 ਕੇਸਾਂ 'ਚ 10 ਗ੍ਰਾਮ ਚਿੱਟਾ, ਨਸ਼ੇ ਵਾਲੀਆਂ 70 ਗੋਲੀਆਂ ਅਤੇ 180 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਇਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਜਰਨੈਲ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਬਾਲੀਆਂ ਵਿਖੇ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਭੀਮ ਸਿੰਘ ਵਾਸੀ ਭਿੰਡਰਾਂ ਅੱਜ ਪਟਿਆਲਾ ਦੇ ਸੂਏ ਪਟੜੀ ਰਾਹੀਂ ਪਿੰਡ ਭਿੰਡਰਾਂ ਨੂੰ ਆਵੇਗਾ। ਉਸ ਕੋਲ ਨਸ਼ੇ ਵਾਲੀਆਂ ਗੋਲੀਆਂ ਹਨ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਕੇ ਭੀਮ ਸਿੰਘ ਤੋਂ ਨਸ਼ੇ ਵਾਲੀਆਂ 50 ਗੋਲੀਆਂ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਇਕ ਹੋਰ ਮਾਮਲੇ 'ਚ ਥਾਣਾ ਅਮਰਗੜ੍ਹ ਦੇ ਏ. ਐੱਸ. ਆਈ. ਕ੍ਰਿਪਾਲ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਕਰਮਜੀਤ ਕੌਰ ਉਰਫ ਕਾਲੀ ਵਾਸੀ ਬਾਗੜੀਆਂ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਨਸ਼ੇ ਵਾਲੀਆਂ 20 ਗੋਲੀਆਂ ਅਤੇ 4500 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
ਇਸੇ ਤਰ੍ਹਾਂ ਥਾਣਾ ਸਿਟੀ 1 ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਨਿਰਭੈ ਸਿੰਘ ਜਦੋਂ ਪੁਲਸ ਪਾਰਟੀ ਸਮੇਤ ਨੌਧਰਾਣੀ ਚੌਕ ਮਾਲੇਰਕੋਟਲਾ ਵਿਖੇ ਮੌਜੂਦ ਸਨ ਤਾਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਪੁਲਸ ਪਾਰਟੀ ਨੂੰ ਵੇਖ ਕੇ ਉਹ ਇਕਦਮ ਪਿੱਛੇ ਮੁੜਨ ਲੱਗਿਆ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਕੇ ਉਸ ਕੋਲੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਉਕਤ ਵਿਅਕਤੀ ਦੀ ਪਛਾਣ ਮੁਹੰਮਦ ਰਿਆਜ ਵਾਸੀ ਮਾਲੇਰਕੋਟਲਾ ਵਜੋਂ ਹੋਈ।
ਉੱਧਰ, ਥਾਣਾ ਸਿਟੀ ਮਾਲੇਰਕੋਟਲਾ 1 ਪੁਲਸ ਅਧਿਕਾਰੀ ਗੁਰਮੀਤ ਸਿੰਘ ਜਦੋਂ ਰਾਏਕੋਟ ਫਾਟਕ ਮਾਲੇਰਕੋਟਲਾ ਵਿਖੇ ਮੌਜੂਦ ਸਨ ਤਾਂ ਇਕ ਵਿਅਕਤੀ ਜੋ ਕਿ ਪੈਦਲ ਚਿੱਟਾ ਵੇਚਣ ਲਈ ਜਾ ਰਿਹਾ ਸੀ, ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਉਕਤ ਵਿਅਕਤੀ ਦੀ ਪਛਾਣ ਮੁਹੰਮਦ ਜਮੀਲ ਵਾਸੀ ਮਾਲੇਰਕੋਟਲਾ ਦੇ ਤੌਰ 'ਤੇ ਹੋਈ।
ਇਸੇ ਤਰ੍ਹਾਂ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਜਦੋਂ ਗਸ਼ਤ ਦੌਰਾਨ ਸਬਜ਼ੀ ਮੰਡੀ ਸੰਗਰੂਰ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਨੀਸ਼ੂ ਵਾਸੀ ਸੰਗਰੂਰ ਹਰਿਆਣਾ ਤੋਂ ਸ਼ਰਾਬ ਲਿਆ ਕੇ ਆਪਣੇ ਘਰ 'ਚ ਵੇਚਦਾ ਹੈ। ਜੇਕਰ ਉਸ ਦੇ ਘਰ ਦੇ ਨੇੜੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਨੇੜੇ ਨਾਕਾਬੰਦੀ ਕਰ ਕੇ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ, ਦੋਸ਼ੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।
ਇਕ ਹੋਰ ਮਾਮਲੇ 'ਚ ਥਾਣਾ ਚੀਮਾ ਦੇ ਹੌਲਦਾਰ ਭੁਪਿੰਦਰ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਪਿੰਡ ਬੀਰ ਕਲਾਂ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਨਿੱਕਾ ਸਿੰਘ, ਪੀਤਾ ਸਿੰਘ ਅਤੇ ਪੰਮਾ ਵਾਸੀ ਬੀਰ ਕਲਾਂ ਬਾਹਰੋਂ ਸ਼ਰਾਬ ਲਿਆ ਕੇ ਵੇਚਣ ਦੇ ਆਦੀ ਹਨ। ਉਨ੍ਹਾਂ ਅੱਜ ਵੀ ਪਿੰਡ ਬੀਰ ਕਲਾਂ ਵਿਖੇ ਇਕ ਕਮਰੇ 'ਚ ਸ਼ਰਾਬ ਲੁਕਾ-ਛਿਪਾ ਕੇ ਰੱਖੀ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਦੋਸ਼ੀ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਕਾਬੂ ਕੀਤੇ ਜਾ ਸਕਦੇ ਹਨ। ਇਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਰੇਡ ਕਰ ਕੇ 156 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ।
ਖਬਰ ਦਾ ਅਸਰ, ਅੰਗਰੇਜ਼ੀ ਦਾ ਉਤਾਰ ਪੰਜਾਬੀ ਭਾਸ਼ਾ ਦਾ ਬੋਰਡ ਲਗਾਇਆ
NEXT STORY