ਤਲਵੰਡੀ ਸਾਬੋ (ਮੁਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਨੌ ਆਬਾਦ ਵਿਖੇ ਜ਼ਮੀਨੀ ਵਿਵਾਦ ਕਾਰਨ ਇਕ ਅੰਮ੍ਰਿਤਧਾਰੀ ਸਿੱਖ ਦੇ ਕਕਾਰਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਪਿੰਡ ਫਤਿਹਗੜ੍ਹ ਨੌ ਆਬਾਦ ਦੇ ਬਲਵਿੰਦਰ ਸਿੰਘ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਜ਼ਮੀਨ ਪਿੰਡ ਜਗਾ ਰਾਮ ਤੀਰਥ ਦੀ ਜ਼ਮੀਨ ਨਾਲ ਲੱਗਦੀ ਹੈ ਪਰ ਉਸ ਦੀ ਜ਼ਮੀਨ ਨੀਵੀਂ ਹੋਣ ਕਰ ਕੇ ਕਈ ਸਾਲਾਂ ਤੋਂ ਜਗਾ ਰਾਮ ਤੀਰਥ ਵਾਲੇ ਉਸ ਦੀ ਜ਼ਮੀਨ ’ਚ ਪਾਣੀ ਛੱਡ ਦਿੰਦੇ ਹਨ, ਜਿਸ ਕਰ ਕੇ ਉਸ ਦੀਆਂ ਫਸਲਾਂ ਖ਼ਰਾਬ ਹੋ ਜਾਂਦੀਆਂ ਹਨ।
ਇਸ ਵਾਰ ਉਸ ਨੇ ਪਿੰਡ ਜਗ੍ਹਾ ਰਾਮ ਤੀਰਥ ਦੇ ਸਰਪੰਚ ਨੂੰ ਮੌਕਾ ਦਿਖਾਉਣ ਲਈ ਬੁਲਾਇਆ ਤਾਂ ਉਸ ਦੀ ਜ਼ਮੀਨ ਨਾਲ ਲੱਗਦੇ ਖੇਤ ਦੇ ਮਾਲਕ ਚਾਨਣ ਸਿੰਘ ਵਾਸੀ ਜਗਾ ਰਾਮ ਤੀਰਥ, ਉਸ ਦਾ ਪੁੱਤਰ ਅਤੇ ਇਕ ਹੋਰ ਵਿਅਕਤੀ, ਜੋ ਪਹਿਲਾਂ ਹੀ ਖੇਤ ’ਚ ਮੌਜੂਦ ਸਨ, ਨੇ ਮੇਰੇ ਅਤੇ ਮੇਰੇ ਪੁੱਤਰ ਨਾਲ ਹੱਥੋਪਾਈ ਕੀਤੀ ਅਤੇ ਇਸੇ ਦੌਰਾਨ ਮੇਰੇ ਅਤੇ ਮੇਰੇ ਪੁੱਤਰ ਦੇ ਕੇਸ ਪੁੱਟ ਦਿੱਤੇ। ਜਦੋਂ ਸਰਪੰਚ ਅਤੇ ਹੋਰ ਵਿਅਕਤੀ ਆ ਰਹੇ ਸਨ ਤਾਂ ਉਹ ਸਾਨੂੰ ਛੱਡ ਕੇ ਭੱਜ ਗਏ।
ਤਲਵੰਡੀ ਸਾਬੋ ਪੁਲਸ ਨੇ ਬਲਵਿੰਦਰ ਸਿੰਘ ਵਾਸੀ ਫਤਿਹਗੜ੍ਹ ਨੌ ਆਬਾਦ ਦੇ ਬਿਆਨਾਂ ’ਤੇ ਚਾਨਣ ਸਿੰਘ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਇਕ ਹੋਰ ਵਿਅਕਤੀ ਮਨੀ ਸਿੰਘ ਵਾਸੀ ਜਗਾ ਰਾਮ ਤੀਰਥ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਤਲਵੰਡੀ ਸਾਬੋ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਮੰਤਰੀ ਸੋਨੀ ਨੇ 202 ਸਟਾਫ਼ ਨਰਸਾਂ ਅਤੇ 73 ਪੈਰਾਮੈਡੀਕਲ ਟੈਕਨੀਸ਼ਨਾਂ ਨੂੰ ਸੌਂਪੇ ਨਿਯੁਕਤੀ ਪੱਤਰ
NEXT STORY