ਸ਼ੇਰਪੁਰ,(ਸਿੰਗਲਾ)- ਅੱਜ ਪੂਰੇ ਹਿੰਦੁਸਤਾਨ 'ਚ ਸੁਰੱਖਿਆ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਹੈਲਪਰ ਦੇ ਸੱਦੇ 'ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਬਲਾਕ ਸ਼ੇਰਪੁਰ ਦੇ ਪ੍ਰਧਾਨ ਸਿੰਦਰ ਕੌਰ ਬੜੀ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਆਪਣੀ ਮੰਗਾਂ ਦੀ ਪੂਰਤੀ ਲਈ ਪਿੰਡ-ਪਿੰਡ, ਸਰਕਲ ਅਤੇ ਬਲਾਕ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਦਾ ਲਿਖਤੀ ਪੱਤਰ ਸੂਬਾ ਤੇ ਕੇਂਦਰ ਸਰਕਾਰ ਨੂੰ ਭੇਜਿਆ। ਬਲਾਕ ਸ਼ੇਰਪੁਰ ਦੇ ਜਨਰਲ ਸਕੱਤਰ ਜਗਜੀਤ ਕੌਰ ਚਹਿਲ ਖੇੜੀ ਕਲਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਆਂਗਣਵਾੜੀ ਵਰਕਰਾਂ ਕੋਰੋਨਾ ਦੇ ਵਿਰੁੱਧ ਫਰੰਟ ਲਾਈਨ ਉੱਤੇ ਕੰਮ ਕਰ ਰਹੀਆਂ ਹਨ ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਅਣਦੇਖਿਆ ਕੀਤਾ ਗਿਆ ਹੈ ਜਦਕਿ ਹਰ ਕੰਮ ਦੇ ਲਈ ਆਂਗਨਵਾੜੀ ਵਰਕਰ ਹੈਲਪਰ ਨੂੰ ਫਰੰਟ ਉੱਤੇ ਰੱਖਿਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਫਰੰਟ ਲਾਈਨ ਉੱਤੇ ਕਰੋਨਾ ਯੋਧਿਆਂ ਦੇ ਰੂਪ ਵਿੱਚ ਡੱਟੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਇਸ ਮਹਾਂਮਾਰੀ ਉੱਤੇ ਰੋਕ ਲਈ ਫਰੰਟ ਲਾਈਨ ਉੱਤੇ ਡਟੀਆਂ ਹੋਈਆਂ ਹਨ। ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣ ਵਾਲੀਆਂ ਸੇਵਾਵਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਲਾਭਪਾਤਰੀਆਂ ਤਕ ਪੁੱਜਦਾ ਕਰਨ ਲਈ ਕੰਮ ਕਰ ਰਹੀਆਂ ਹਨ।
ਜਗਜੀਤ ਕੌਰ ਖੇੜੀ ਨੇ ਕਿਹਾ ਕਿ ਇਸ 'ਚ ਸਰਵੇ, ਕੁਆਰੰਟਾਈਨ ਕੀਤੇ ਲੋਕਾਂ ਦਾ ਸਰਵੇ ਅਤੇ ਉਨ੍ਹਾਂ ਦਾ ਧਿਆਨ ਰੱਖਣਾ, ਘਰ-ਘਰ ਵਿੱਚ ਬੁਢਾਪਾ, ਵਿਧਵਾ ,ਆਸ਼ਰਿਤ ਪੈਨਸ਼ਨ ਦਾ ਪਹੁੰਚਾਉਣਾ, ਘਰ ਘਰ ਆਂਗਨਵਾੜੀ ਦੀ ਫੀਡ ਪਾਉਣਾ ਆਦਿ ਕੰਮਾਂ ਨੂੰ ਬਿਨਾਂ ਕਿਸੇ ਸੁਰੱਖਿਆ ਦੇ ਅਤੇ ਬਿਨਾਂ ਸੁਰੱਖਿਅਤ ਬੀਮੇ ਦੇ ਆਂਗਣਵਾੜੀ ਵਰਕਰਾਂ ਕੰਮ ਕਰ ਰਹੀਆਂ ਹਨ । ਜਦੋਂ ਕਿ ਪੂਰੇ ਹਿੰਦੁਸਤਾਨ ਵਿੱਚ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਾਰੇ ਹੀ ਵਰਕਰਜ਼ ਮੁਲਾਜ਼ਮਾਂ ਨੂੰ ਕਰੋਨਾ ਰਿਸਕਵਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪਰ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸੁਰੱਖਿਆ ਮੁਹੱਈਆ ਨਹੀਂ ਹੈ। ਇਸ ਦੇ ਬਾਅਦ ਵੀ ਉਹ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਨਿਭਾ ਰਹੀਆਂ ਹਨ ਪਰ ਇੰਨੇ ਸਾਰੇ ਕੰਮਾਂ ਦੇ ਬਾਅਦ ਵੀ ਕੇਂਦਰ ਸਰਕਾਰ ਵੱਲੋਂ ਆਂਗਨਵਾੜੀ ਵਰਕਰ ਹੈਲਪਰਾਂ ਨੂੰ ਕੋਰੋਨਾ ਸੁਰੱਖਿਆ ਬੀਮਾ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਰਾਜ ਸਰਕਾਰ ਵੱਲੋਂ ਵੀ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਅੱਖੋਂ ਪਰੋਖੇ ਰੱਖਿਆ ਗਿਆ ਹੈ। ਇਸ ਸਮੇਂ ਪਰਮਜੀਤ ਕੌਰ ਸ਼ੇਰਪੁਰ ਜਨਰਲ ਸਕੱਤਰ ਸਰਕਲ ਸ਼ੇਰਪੁਰ, ਮਮਤਾ ਰਾਣੀ, ਰਣਜੀਤ ਕੌਰ, ਕਿਰਨ ਕੁਮਾਰੀ, ਪਰਮਜੀਤ ਕੌਰ, ਕਮਲੇਸ਼ ਰਾਣੀ, ਕੁਲਵਿੰਦਰ ਕੌਰ, ਗੁਰਮੀਤ ਕੌਰ ਹੈਲਪਰ, ਬਲਜਿੰਦਰ ਕੌਰ, ਨਛੱਤਰ ਕੌਰ, ਪੂਨਮ ਰਾਣੀ, ਕਿਰਨਜੀਤ ਕੌਰ, ਜਸਵਿੰਦਰ ਕੌਰ ਹੈਲਪਰ ਆਦਿ ਹਾਜ਼ਰ ਸਨ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ -
1. ਕੇਂਦਰ ਸਰਕਾਰ ਤੋਂ ਆਂਗਨਵਾੜੀ ਵਰਕਰਾਂ ਹੈਲਪਰਾਂ ਲਈ ਸੁਰੱਖਿਆ ਬੀਮਾ ਵਿੱਚ ਸ਼ਾਮਿਲ ਕੀਤੇ ਜਾਵੇ।
2. ਸਾਰੇ ਹੀ ਸੁਰੱਖਿਆ ਉਪਕਰਨ ਮੁਹੱਈਆ ਕਰਵਾਏ ਜਾਣ।
3. ਜੇਕਰ ਕਰੋਨਾ ਡਿਊਟੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਦੇ ਸਮੇਂ ਵਰਕਰ ਜਾਂ ਹੈਲਪਰ ਕਰੋਨਾ ਮਹਾਂਮਾਰੀ ਦੀ ਚਪੇਟ ਵਿੱਚ ਆ ਜਾਂਦੀ ਹੈ ਤਾਂ ਉਸ ਦਾ ਇਲਾਜ ਸਰਕਾਰ ਦੁਆਰਾ ਕਰਵਾਇਆ ਜਾਵੇ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਘੇਰੇ ਵਿੱਚ ਸ਼ਾਮਿਲ ਕੀਤਾ ਜਾਵੇ।
4. ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਕੇਂਦਰਾਂ ਵਿੱਚ ਦਾਖ਼ਲ ਕਰਵਾਉਣੇ ਯਕੀਨੀ ਬਣਾਉਂਦੇ ਹੋਏ ਪ੍ਰੀ ਸਕੂਲ ਸਿੱਖਿਆ ਦਾ ਅਧਿਕਾਰ ਆਂਗਣਵਾੜੀ ਕੇਂਦਰਾਂ ਨੂੰ ਦਿੱਤਾ ਜਾਵੇ।
5. ਐਡਵਾਇਜ਼ਰੀ ਬੋਰਡ ਅਤੇ ਚਾਈਲਡ ਵੈੱਲਫੇਅਰ ਕੌਂਸਲ ਅਧੀਨ ਚੱਲ ਰਹੇ ਆਂਗਨਵਾੜੀ ਕੇਂਦਰਾਂ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਵਾਪਿਸ ਲਿਆਂਦਾ ਜਾਵੇ।
6. ਕੇਂਦਰ ਸਰਕਾਰ ਵੱਲੋਂ ਵਧਾਏ ਮਾਣ ਭੱਤੇ ਵਿੱਚ ਕੀਤੀ 600 ਰੁਪਏ ਦੇ 300 ਰੁਪਏ ਦੀ ਕਟੌਤੀ ਤੁਰੰਤ ਜਾਰੀ ਕੀਤੀ ਜਾਵੇ।
7. ਸੁਪਰਵਾਈਜ਼ਰ ਦੀਆਂ ਲਟਕ ਰਹੀਆਂ ਅਸਾਮੀਆਂ ਸੀਨੀਅਰਤਾ ਸੂਚੀ ਬਣਾਕੇ ਤੂਰੰਤ ਭਰੀਆਂ ਜਾਣ ਤੇ ਟੀ ਏ ਡੀ ਏ ਯਕੀਨੀ ਬਣਾਇਆ ਜਾਵੇ।
8. ਪਿਛਲੇ ਕਈ ਸਾਲਾਂ ਤੋਂ ਖਾਲੀ ਪਈਆਂ ਵਰਕਰ ਹੈਲਪਰ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ।
ਕੋਰੋਨਾ ਦੀ ਮਾਰ, ਸਮੁੱਚਾ ਕੰਮਕਾਰ 'ਠੱਪ' ਪਰ ਬਿਜਲੀ ਦੇ ਬਿੱਲ ਆਉਣ ਨਾਲ ਭੜਕੀ ਆਪ
NEXT STORY