ਮੋਗਾ (ਆਜ਼ਾਦ)-ਮੋਗਾ ਜ਼ਿਲੇ ਦੇ ਪਿੰਡ ਤਖਾਣਵੱਧ ਨਿਵਾਸੀ ਨੌਜਵਾਨ ਕੁਲਦੀਪ ਸਿੰਘ (27) ਵਲੋਂ ਆਪਣੇ ਚਾਚਾ ਅਤੇ ਵਿਦੇਸ਼ ਰਹਿੰਦੇ ਤਾਏ ਤੋਂ ਤੰਗ ਆ ਕੇ ਆਪਣੇ ਘਰ ਵਿਚ ਹੀ ਫਾਹਾ ਲਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਜੀਤਵਾਲ ਪੁਲਸ ਵਲੋਂ ਮ੍ਰਿਤਕ ਦੀ ਮਾਤਾ ਬਲਜੀਤ ਕੌਰ ਦੇ ਬਿਆਨਾਂ ’ਤੇ ਦਰਸ਼ਨ ਸਿੰਘ ਨਿਵਾਸੀ ਪਿੰਡ ਤਖਾਣਵੱਧ ਅਤੇ ਉਸਦੇ ਭਰਾ ਗੁਰਚਰਨ ਸਿੰਘ ਨਿਵਾਸੀ ਪਿੰਡ ਤਖਾਣਵੱਧ ਹਾਲ ਅਬਾਦ ਕੈਨੇਡਾ ਖਿਲਾਫ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਦੋਸ਼ੀਆਂ ਜੋ ਉਨ੍ਹਾਂ ਦੇ ਸਕੇ ਸਬੰਧੀ ਹਨ, ਨਾਲ ਜ਼ਮੀਨੀ ਅਤੇ ਕੰਧ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ, ਇਸ ਗੱਲ ਨੂੰ ਲੈ ਕੇ ਦਰਸ਼ਨ ਸਿੰਘ ਮੇਰੇ ਬੇਟੇ ਕੁਲਦੀਪ ਸਿੰਘ ਨੂੰ ਧਮਕੀਆਂ ਦਿੰਦਾ ਰਹਿੰਦਾ ਸੀ, ਜਦ ਵੀ ਮੇਰਾ ਬੇਟਾ ਬਾਹਰ ਜਾਂਦਾ ਤਾਂ ਉਹ ਉਸ ਨੂੰ ਡਰਾਉਣ ਲੱਗਦਾ। ਇਸ ਤਰ੍ਹਾਂ ਦੋਸ਼ੀ ਗੁਰਚਰਨ ਸਿੰਘ ਵੀ ਕੈਨੇਡਾ ਤੋਂ ਸਾਨੂੰ ਫੋਨ ’ਤੇ ਧਮਕੀਆਂ ਦਿੰਦਾ ਰਹਿੰਦਾ ਸੀ, ਇਸ ਗੱਲ ਨੂੰ ਲੈ ਕੇ ਮੇਰਾ ਬੇਟਾ ਪ੍ਰੇਸ਼ਾਨ ਰਹਿੰਦਾ ਸੀ। ਦੋ ਮਹੀਨੇ ਪਹਿਲਾਂ ਵੀ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ। ਆਖਿਰ ਮੇਰੇ ਬੇਟੇ ਨੇ ਦੋਸ਼ੀਆਂ ਤੋਂ ਤੰਗ ਆ ਕੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਫੈਸਲਾ ਕੀਤਾ। ਸਾਨੂੰ ਅਚਾਨਕ ਪਤਾ ਲੱਗਣ ’ਤੇ ਅਸੀਂ ਰੋਲਾ ਪਾਇਆ ਅਤੇ ਆਪਣੇ ਬੇਟੇ ਨੂੰ ਲੋਕਾਂ ਦੀ ਸਹਾਇਤਾ ਨਾਲ ਹੇਠਾਂ ਉਤਾਰਿਆ ਅਤੇ ਉਸ ਨੂੰ ਮੋਗਾ ਦਾ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ, ਉਥੇ ਉਸਨੇ ਦਮ ਤੋੜ ਦਿੱਤਾ। ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਕੁਲਦੀਪ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ।
ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਘਾਹ ਕੱਟਣ ਵਾਲੀ ਮਸ਼ੀਨ 'ਚ ਕਰੰਟ ਆਉਣ ਕਾਰਨ ਵਾਪਰਿਆ ਹਾਦਸਾ
NEXT STORY