ਤਪਾ ਮੰਡੀ, (ਸ਼ਾਮ, ਗਰਗ)- ਭਾਕਿਯੂ (ਡਕੌਂਦਾ) ਵੱਲੋਂ ਝੋਨੇ ਦੀ ਸਹੀ ਢੰਗ ਨਾਲ ਖਰੀਦ ਨਾ ਹੋਣ ਅਤੇ ਸ਼ੈਲਰ ਮਾਲਕ ਦੀਆਂ ਅਾਪਹੁਦਰੀਆਂ ਕਾਰਨ ਬਰਨਾਲਾ-ਬਠਿੰਡਾ ਮੁੱਖ ਮਾਰਗ ਜਾਮ ਕਰ ਕੇ ਸ਼ੈਲਰ ਮਾਲਕ ਅਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਖਿਲਾਫ ਜੰਮ ਕੇ ਰੋਸ ਪ੍ਰਗਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਪ੍ਰੈੱਸ ਸਕੱਤਰ ਲਖਵੀਰ ਸਿੰਘ ਦੁਲਮਸਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ 2004-05 ’ਚ ਇਕ ਸ਼ੈਲਰ ਬੰਦ ਹੋ ਗਿਆ ਸੀ, ਜਦੋਂ 2007 ’ਚ ਅਕਾਲੀ ਸਰਕਾਰ ਆਈ ਤਾਂ ਉਸ ਨੇ ਅਪਣੇ ਨਾਲ 2-3 ਸਾਥੀਆਂ ਨਾਲ ਸ਼ੈਲਰ ਦਾ ਨਾਂ ਬਦਲ ਕੇ ਸੂਬਾ ਸਰਕਾਰ ਤੋਂ ਬੰਦ ਪਏ ਸ਼ੈਲਰ ’ਤੇ ਜਿਸ ’ਤੇ ਕਰੀਬ ਡੇਢ ਕਰੋਡ਼ ਰੁਪਏ ਦਾ ਸੀ. ਬੀ. ਆਈ. ਦਾ ਕੇਸ ਚੱਲ ਰਿਹਾ ਹੈ ਪਰ ਧਨਾਢਾਂ ਨੇ ਸਰਕਾਰ ਨਾਲ ਮਿਲੀਭੁਗਤ ਕਰ ਕੇ ਸ਼ੈਲਰ ਦਾ ਨਾਂ ਹੀ ਬਦਲ ਕੇ ਤੇ ਸਰਕਾਰ ਤੋਂ ਹੋਰ ਰੁਪਏ ਲੈ ਲਏ ਗਏ, ਜਿਸ ’ਚ ਸਰਕਾਰਾਂ ਨਾਲ ਮਿਲੀਭੁਗਤ ਜਗ ਜ਼ਾਹਰ ਹੋਈ ਤਾਂ ਇਸ ਸਬੰਧੀ ਡੀ. ਸੀ.ਬਰਨਾਲਾ ਨੂੰ 9 ਨਵੰਬਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਪਰ ਮਸਲੇ ਦਾ ਹੱਲ ਨਾ ਹੁੰਦਾ ਦੇਖ ਇਹ ਜਾਮ ਲਾਉਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਸ਼ੈਲਰ ਮਾਲਕ ਖਰੀਦ ਏਜੰਸੀਆਂ ਨਾਲ ਮਿਲੀਭੁਗਤ ਕਰ ਕੇ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ, 100 ਗੱਟਿਆਂ ਮਗਰ 4-5 ਗੱਟਿਆਂ ਦੀ ਕਾਟ ਮੰਗੀ ਜਾ ਰਹੀ ਹੈ ਪਰ ਪ੍ਰਸ਼ਾਸਨ ਨੂੰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਚੁੱਪ ਧਾਰੀ ਬੈਠੀ ਹੈ ਅਤੇ ਮਾਰਕੀਟ ਕਮੇਟੀ ਤਪਾ ਦਾ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਖਰੀਦ ਕੇਂਦਰਾਂ ’ਚ ਜਾਣ ਦੀ ਬਜਾਏ ਦਫਤਰ ਤਪਾ ਹੀ ਬੈਠ ਕੇ ਖਾਨਾਪੂਰਤੀ ਪੂਰੀ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਸ਼ੈਲਰ ਮਾਲਕ ਅਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਇਸ ਤੋਂ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਸ ਮੌਕੇ ਬਲਾਕ ਦੇ ਸੀ. ਮੀਤ ਪ੍ਰਧਾਨ ਬੂਟਾ ਸਿੰਘ ਢਿੱਲਵਾਂ, ਕੁਲਵੰਤ ਸਿੰਘ ਭਦੌਡ਼ ਜਨਰਲ ਸਕੱਤਰ, ਪਰਮਿੰਦਰ ਹੰਡਿਆਇਆ ਬਲਾਕ ਮੀਤ ਪ੍ਰਧਾਨ, ਮੀਤ ਪ੍ਰਧਾਨ ਗੁਰਨੈਬ ਸਿੰਘ, ਬਲਵੰਤ ਸਿੰਘ ਚੀਮਾ, ਸੰਦੀਪ ਚੀਮਾ, ਮੇਲਾ ਸਿੰਘ ਖੁੱਡੀ ਆਦਿ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਬਿਨਾਂ ਵਜ੍ਹਾ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕਰਨ ’ਤੇ ਤੁਲੀ ਹੋਈ ਹੈ ਜੇਕਰ ਇਹੋ ਹਾਲ ਰਿਹਾ ਤਾਂ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਥਾਣਾ ਮੁਖੀ ਗੁਰਪ੍ਰਤਾਪ ਸਿੰਘ ਦੀ ਅਗਵਾਈ ’ਚ ਪੁਲਸ ਤਾਇਨਾਤ ਸੀ।
ਵਾਹ ਨੀ ਸਰਕਾਰੇ! ਵਰਦੀਆਂ ਨੂੰ ਤਰਸਣ ਸਕੂਲੀ ਬਾਲ ਵਿਚਾਰੇ
NEXT STORY