ਬਠਿੰਡਾ (ਸੁਖਵਿੰਦਰ) : ਚਿੱਟੇ ਦੀ ਓਵਰਡੋਜ਼ ਲੈਣ ਨਾਲ ਇਕ ਨੌਜਵਾਨ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਾਲੰਟੀਅਰਾਂ ਨੇ ਹਸਪਤਾਲ ਦਾਖਲ ਕਰਵਾਇਆ।
ਜਾਣਕਾਰੀ ਅਨੁਸਾਰ ਜੀ. ਟੀ. ਰੋਡ 'ਤੇ ਕੋਰਟ ਕੰਪਲੈਕਸ ਨਜ਼ਦੀਕ ਇਕ ਕੈਂਟਰ ਖੜ੍ਹਾ ਸੀ। ਅਚਾਨਕ ਉਸ ਕੈਂਟਰ 'ਚੋਂ ਇਕ ਨੌਜਵਾਨ ਹੇਠਾਂ ਡਿੱਗ ਪਿਆ। ਇਸ ਦੌਰਾਨ ਆਸ-ਪਾਸ ਦੇ ਲੋਕ ਵੀ ਉਕਤ ਜਗ੍ਹਾ 'ਤੇ ਇਕੱਠੇ ਹੋ ਗਏ। ਘਟਨਾ ਸਥਾਨ ਤੋਂ ਲੰਘ ਰਹੇ ਸੰਸਥਾ ਵਰਕਰ ਮੌਕੇ 'ਤੇ ਪਹੁੰਚੇ ਤਾਂ ਉਕਤ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਸੀ। ਨੌਜਵਾਨ ਕੋਲ ਇਕ ਖਾਲੀ ਸਰਿੰਜ ਪਈ ਹੋਈ ਸੀ ਅਤੇ ਉਸ ਦੀ ਇਕ ਬਾਂਹ 'ਤੇ ਇੰਜਕੈਸ਼ਨ ਲਾਉਣ ਦਾ ਵੀ ਨਿਸ਼ਾਨ ਬਣਿਆ ਹੋਇਆ ਸੀ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਹੀ ਉਸ ਦੀ ਹਾਲਤ ਗੰਭੀਰ ਹੋ ਗਈ। ਸੰਸਥਾ ਵਰਕਰਾਂ ਵੱਲੋਂ ਗੰਭੀਰ ਹਾਲਤ 'ਚ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਬੇਹੋਸ਼ੀ ਦੀ ਹਾਲਤ 'ਚ ਹੋਣ ਕਾਰਨ ਉਕਤ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਰਾਮਾ ਮੰਡੀ ਚੌਕ 'ਚ ਟ੍ਰੈਫਿਕ ਸਿਗਨਲ ਲਾਉਣ ਲਈ ਕੀਤਾ ਸਰਵੇ
NEXT STORY