ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਤੋਂ ਇਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਭਜਾ ਕੇ ਲਿਜਾਣ ਦੇ ਦੋਸ਼ ਹੇਠ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਸ ਨੇ ਪਿੰਡ ਬੀਂਬੜੀ ਦੇ ਰਹਿਣ ਵਾਲੇ ਲੜਕੇ, ਉਸ ਦੇ ਮਾਤਾ-ਪਿਤਾ ਅਤੇ ਭਰਾ ਸਮੇਤ ਇਕ ਹੋਰ ਔਰਤ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸਥਾਨਕ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਨਾਭਾ ਵਿਖੇ ਇਕ ਕਾਲਜ ਵਿਚ ਬੀ.ਏ ਦੀ ਪੜ੍ਹਾਈ ਕਰਦੀ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਹੀ 9 ਜੂਨ 2019 ਨੂੰ ਨਾਭਾ ਵਿਖੇ ਕਾਲਜ ਗਈ ਸੀ ਪਰ ਉਸ ਦਿਨ ਤੋਂ ਘਰ ਵਾਪਸ ਨਹੀਂ ਪਰਤੀ। ਭਾਲ ਕਰਨ 'ਤੇ ਵੀ ਲੜਕੀ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਕਿਹਾ ਕਿ ਫਿਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਿੰਡ ਬੀਂਬੜੀ ਦਾ ਇਕ ਲੜਕਾ ਮਨੀ ਸਿੰਘ ਪੁੱਤਰ ਬਿੰਦਰ ਸਿੰਘ ਵੀ ਉਸੇ ਦਿਨ ਤੋਂ ਘਰੋਂ ਗਾਇਬ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਮਨੀ ਸਿੰਘ ਕਥਿਤ ਤੌਰ 'ਤੇ ਆਪਣੇ ਮਾਤਾ-ਪਿਤਾ, ਭਰਾ ਅਤੇ ਭਵਾਨੀਗੜ੍ਹ ਨਿਵਾਸੀ ਇਕ ਹੋਰ ਔਰਤ ਦੀ ਸ਼ਹਿ 'ਤੇ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਘਰੋਂ ਭਜਾ ਕੇ ਲੈ ਗਿਆ ਹੈ। ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਮਨੀ ਸਿੰਘ, ਪਿਤਾ ਬਿੰਦਰ ਸਿੰਘ, ਮਾਂ ਗੁਰਦੀਪ ਕੌਰ ਅਤੇ ਭਰਾ ਹੈਪੀ ਸਿੰਘ ਸਾਰੇ ਵਾਸੀਆਨ ਪਿੰਡ ਬੀਂਬੜੀ ਅਤੇ ਭੂਰੋ ਪਤਨੀ ਡੋਗਰ ਸਿੰਘ ਵਾਸੀ ਅਜੀਤ ਨਗਰ ਭਵਾਨੀਗੜ੍ਹ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਜੇਲ ਝੜਪ 'ਤੇ ਜੇਲ ਮੰਤਰੀ ਦਾ ਬਿਆਨ ਆਇਆ ਸਾਹਮਣੇ
NEXT STORY