ਭਵਾਨੀਗੜ੍ਹ(ਵਿਕਾਸ)— ਸੂਬੇ 'ਚ ਮਹਿੰਗੀ ਬਿਜਲੀ ਖਿਲਾਫ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੰਗਰੂਰ ਤੋਂ ਸੰਸਦ ਮੈਂਬਰ ਤੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਪਟਨ ਸਰਕਾਰ ਵਿਰੁੱਧ ਛੇੜੇ ਗਏ 'ਬਿਜਲੀ ਅੰਦੋਲਨ' ਦਾ ਅਸਰ ਦਿਖਾਈ ਦੇਣ ਲੱਗ ਪਿਆ ਹੈ। ਇਸ ਸਬੰਧੀ ਭਗਵੰਤ ਮਾਨ ਨੇ ਕਿਹਾ ਕਿ 8 ਫਰਵਰੀ ਨੂੰ ਉਨ੍ਹਾਂ ਨੇ ਸੰਗਰੂਰ ਦੇ ਪਿੰਡ ਘਰਾਚੋਂ ਤੋਂ ਸੂਬੇ ਵਿਚ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀ ਜਾ ਰਹੀ ਮਹਿੰਗੀ ਬਿਜਲੀ ਦੇ ਖਿਲਾਫ ਬਿਜਲੀ ਅੰਦੋਲਨ ਦੀ ਸ਼ੁਰੂਆਤ ਕਰ ਕੇ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਸੀ। ਮਾਨ ਨੇ ਦਾਅਵਾ ਕੀਤਾ ਕਿ ਇਸ ਅੰਦੋਲਨ ਤੋਂ ਬਾਅਦ ਭਾਰੀ ਰਕਮਾਂ ਵਾਲੇ ਬਿਜਲੀ ਦੇ ਬਿੱਲਾਂ ਤੋਂ ਪੀੜਤ ਗਰੀਬ ਲੋਕਾਂ ਦੀ ਆਵਾਜ਼ ਹੁਣ ਇਸ ਮੁੱਦੇ 'ਤੇ ਗੂੰਗੀ-ਬੋਲ਼ੀ ਬਣ ਕੇ ਬੈਠੀ ਸਰਕਾਰ ਦੇ ਕੰਨਾਂ ਤੱਕ ਜਾ ਪਹੁੰਚੀ ਹੈ, ਜਿਸ ਤਹਿਤ ਹੀ ਸਰਕਾਰ ਨੇ ਹਰਕਤ 'ਚ ਆਉਂਦਿਆਂ ਪਾਵਰਕਾਮ ਨੂੰ ਸਭ ਤੋਂ ਪਹਿਲਾਂ ਪਿੰਡ ਘਰਾਚੋਂ 'ਚ ਬਿਜਲੀ ਉਪਭੋਗਤਾਵਾਂ ਨੂੰ ਭੇਜੇ ਗਏ ਵਾਧੂ ਬਿਜਲੀ ਦੇ ਬਿੱਲਾਂ ਵਿਚ ਛੋਟ ਦੇਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ, ਜਿਸ ਤਹਿਤ ਪਾਵਰਕਾਮ ਨੂੰ ਘਰਾਚੋਂ ਪਿੰਡ ਵਿਖੇ ਬਿਜਲੀ ਦੇ ਬਿੱਲਾਂ 'ਚ ਅਡਜਸਟਮੈਂਟ ਕਰ ਕੇ ਦੋ ਉਪਭੋਗਤਾਵਾਂ ਨੂੰ ਕਰੀਬ 56 ਹਜ਼ਾਰ ਰੁਪਏ ਦੀ ਰਾਹਤ ਦੇਣ ਲਈ ਮਜਬੂਰ ਹੋਣਾ ਪਿਆ।
ਇਸ ਸਮੇਂ ਮਾਨ ਨਾਲ ਹਾਜ਼ਰ ਸਬਜ਼ੀ ਵੇਚ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਨਾਹਰ ਸਿੰਘ ਵਾਸੀ ਘਰਾਚੋਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬਿਜਲੀ ਵਿਭਾਗ ਨੇ ਉਨ੍ਹਾਂ ਨੂੰ 41 ਹਜ਼ਾਰ ਰੁਪਏ ਦੀ ਰਕਮ ਦਾ ਮੋਟਾ ਬਿੱਲ ਭੇਜ ਦਿੱਤਾ ਸੀ, ਜਿਸ ਉਪਰੰਤ ਉਸ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਮਿਲ ਕੇ ਆਪਣਾ ਮੀਟਰ ਚੈੱਕ ਕਰਵਾਇਆ ਤਾਂ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਉਸ ਦਾ ਮੀਟਰ ਤੇਜ਼ ਚੱਲਦਾ ਹੈ ਪਰ ਫਿਰ ਵੀ ਉਸ ਨੂੰ ਆਇਆ ਬਿਜਲੀ ਦਾ ਬਿੱਲ ਭਰਨਾ ਹੀ ਪਵੇਗਾ। ਬਿਜਲੀ ਉਪਭੋਗਤਾ ਨਾਹਰ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਬਿੱਲ ਨੂੰ ਲੈ ਕੇ ਉਹ ਪਿੰਡ 'ਚ ਬਿਜਲੀ ਅੰਦੋਲਨ ਦੀ ਸ਼ੁਰੂਆਤ ਕਰਨ ਆਏ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੂੰ ਮਿਲੇ ਸਨ, ਜਿਸ ਤੋਂ ਅਗਲੇ ਦਿਨ ਹੀ ਉਨ੍ਹਾਂ ਨੂੰ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਦਫ਼ਤਰ ਬੁਲਾ ਕੇ 6500 ਰੁਪਏ ਭਰਵਾ ਕੇ ਬਿੱਲ ਦਾ ਨਿਪਟਾਰਾ ਕਰ ਦਿੱਤਾ ਗਿਆ। ਉਸ ਵੱਲੋਂ ਪੁੱਛੇ ਜਾਣ 'ਤੇ ਪਾਵਰਕਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਸ ਦੇ ਬਿਜਲੀ ਬਿੱਲ ਦੀ ਮੁਆਫ਼ੀ ਲਈ ਉਨ੍ਹਾਂ ਨੂੰ ਉੱਪਰੋਂ ਲਿਖ ਕੇ ਆਇਆ ਹੈ।
ਇਸੇ ਤਰ੍ਹਾਂ ਇਕ ਹੋਰ ਉਪਭੋਗਤਾ ਜੈ ਸਿੰਘ ਨੇ ਦੱਸਿਆ ਕਿ ਉਸ ਨੂੰ ਬਿਜਲੀ ਦੀਆਂ ਯੂਨਿਟਾਂ ਮੁਆਫ਼ ਹੋਣ ਅਤੇ ਘਰ 'ਚ ਸਿਰਫ ਦੋ ਬੱਲਬ ਤੇ ਇਕ ਪੱਖੇ ਦੀ ਬਿਜਲੀ ਖਪਤ ਹੋਣ ਦੇ ਬਾਵਜੂਦ ਪਾਵਰਕਾਮ ਨੇ ਉਸ ਨੂੰ 22 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ ਸੀ, ਜਿਸ ਸਬੰਧੀ ਉਸ ਨੇ ਵੀ ਬਿਜਲੀ ਅੰਦੋਲਨ ਸ਼ੁਰੂ ਕਰਨ ਵਾਲੇ ਭਗਵੰਤ ਸਿੰਘ ਮਾਨ ਅੱਗੇ ਆਪਣਾ ਮਸਲਾ ਰੱਖਿਆ ਸੀ, ਜਿਸ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀਆਂ ਨੇ ਉਸ ਕੋਲੋਂ 1200 ਰੁਪਏ ਭਰਵਾ ਕੇ ਬਿੱਲ ਕਲੀਅਰ ਕਰ ਦਿੱਤਾ। ਇਸ ਸਮੇਂ ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੇ ਬਿਜਲੀ ਅੰਦੋਲਨ ਨਾਲ ਜੇਕਰ ਘਰਾਚੋਂ ਦੇ ਗਰੀਬ ਲੋਕਾਂ ਨੂੰ ਬਿਜਲੀ ਬਿੱਲਾਂ 'ਚ ਭਾਰੀ ਛੋਟ ਮਿਲ ਸਕਦੀ ਹੈ ਤਾਂ ਸੂਬੇ ਭਰ 'ਚ ਕੈਪਟਨ ਸਰਕਾਰ ਬਿਜਲੀ ਉਪਭੋਗਤਾਵਾਂ ਨੂੰ ਇਸੇ ਤਰ੍ਹਾਂ ਰਾਹਤ ਪ੍ਰਦਾਨ ਕਰੇ। ਮਾਨ ਨੇ ਕਿਹਾ ਕਿ 'ਆਪ' ਦੇ ਬਿਜਲੀ ਅੰਦੋਲਨ ਨੂੰ ਸੂਬੇ ਭਰ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜੋ ਹੇਠਲੇ ਪੱਧਰ ਤੱਕ ਜਾਰੀ ਹੈ ।
ਰਾਤ 8 ਵਜੇ ਹਾਈਕੋਰਟ 'ਚ ਕਾਰਵਾਈ ਸ਼ੁਰੂ, 9 ਵਜੇ ਪਾਸ ਹੋਏ ਹੁਕਮ ਤੇ 11 ਵਜੇ ਸੰਮਨ ਜਾਰੀ
NEXT STORY