ਮੋਹਾਲੀ, (ਕੁਲਦੀਪ)— ਫੇਜ਼-9 ਸਥਿਤ ਕ੍ਰਿਕਟ ਸਟੇਡੀਅਮ ਸਾਹਮਣੇ ਬੀਤੀ ਦੇਰ ਰਾਤ ਡੇਢ ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦਾ ਨਾਂ ਹਰਜੀਤ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਜ਼ਿਲ੍ਹਾ ਰੋਪੜ ਦੀ ਤਹਿਸੀਲ ਚਮਕੌਰ ਸਾਹਿਬ ਦੇ ਪਿੰਡ ਮਨਜੀਤਪੁਰਾ ਦਾ ਵਸਨੀਕ ਸੀ ਤੇ ਇੱਥੇ ਜ਼ੋਮੈਟੋ ਕੰਪਨੀ 'ਚ ਡਲਿਵਰੀ ਦਾ ਕੰਮ ਕਰਦਾ ਸੀ।
ਜਾਣਕਾਰੀ ਅਨੁਸਾਰ ਹਰਜੀਤ ਸਿੰਘ (25) ਜੋ ਕਿ ਕਿਰਾਏ ਦੇ ਮਕਾਨ 'ਚ ਰਹਿ ਰਿਹਾ ਸੀ। ਬੀਤੀ ਰਾਤ ਡੇਢ ਵਜੇ ਦੇ ਕਰੀਬ ਆਪਣੇ ਮੋਟਰਸਾਈਕਲ 'ਤੇ ਫੇਜ਼-9 ਦੇ ਇਕ ਰੈਸਟੋਰੈਂਟ ਤੋਂ ਖਾਣੇ ਦਾ ਆਰਡਰ ਲੈ ਕੇ ਫੇਜ਼-11 ਵੱਲ ਜਾ ਰਿਹਾ ਸੀ ਅਤੇ ਪੀ. ਸੀ. ਏ. ਸਟੇਡੀਅਮ ਤੋਂ ਅਚਾਨਕ ਬਾਹਰ ਨਿਕਲੀ ਇਕ ਤੇਜ਼ ਰਫਤਾਰ ਕਾਰ ਨਾਲ ਉਸ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਨੌਜਵਾਨ ਕਾਫੀ ਦੂਰ ਜਾ ਕੇ ਡਿੱਗਿਆ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਹਾਦਸੇ 'ਚ ਗੰਭੀਰ ਜ਼ਖਮੀ ਹੋਏ ਹਰਜੀਤ ਸਿੰਘ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਸੈਕਟਰ-32 ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਸੰਤੋਖ ਸਿੰਘ ਵੀ ਬੀਤੀ ਰਾਤ ਉਸ ਦੇ ਕੋਲ ਹੀ ਆਏ ਹੋਏ ਸਨ ਤੇ ਉਨ੍ਹਾਂ ਨੇ ਰਾਤ ਨੂੰ ਫੇਜ਼-9 ਦੇ ਇਕ ਢਾਬੇ 'ਚ ਇਕੱਠਿਆਂ ਰੋਟੀ ਖਾਧੀ ਸੀ। ਇਸ ਸਬੰਧੀ ਮੋਹਾਲੀ ਪੁਲਸ ਨੇ ਪਜੈਰੋ ਗੱਡੀ ਦੇ ਚਾਲਕ ਪਵਨਦੀਪ ਸਿੰਘ ਵਾਸੀ ਫੇਜ਼-10 ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਅਕਾਲੀ ਦਲ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ
NEXT STORY