ਪਟਿਆਲਾ (ਰਾਜੇਸ਼, ਇੰਦਰਜੀਤ): ਸਟੇਟ ਟਰਾਂਸਪੋਰਟ ਵਿਭਾਗ ਵੱਲੋਂ ਪ੍ਰਾਈਵੇਟ ਬੱਸਾਂ ਖਿਲਾਫ ਆਰੰਭੀ ਚੈਕਿੰਗ ਮੁਹਿੰਮ ਕਾਰਣ ਬੱਸ ਚਾਲਕਾਂ ਵਿਚ ਭੜਥੂ ਪੈ ਗਿਆ ਹੈ। ਟਰਾਂਸਪੋਰਟ ਵਿਭਾਗ ਦੀਆਂ ਟੀਮਾਂ ਵੱਲੋਂ ਸੋਮਵਾਰ ਅਤੇ ਮੰਗਲਵਾਰ 55 ਬੱਸਾਂ ਦੇ ਭੜਕਾਊ ਤੇ ਅਸ਼ਲੀਲ ਗਾਣੇ ਵਜਾਉਣ ਦੇ ਮਾਮਲੇ ਵਿਚ ਚਲਾਨ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪੂਰੇ ਸੂਬੇ ਭਰ ਵਿਚ ਚੈਕਿੰਗ ਮੁਹਿੰਮ ਜਾਰੀ ਹੈ। ਟਰਾਂਸਪੋਰਟ ਵਿਭਾਗ ਦੇ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ (ਪਟਿਆਲਾ) ਅਰਵਿੰਦਰ ਕੁਮਾਰ ਅਤੇ ਸਹਾਇਕ ਟਰਾਂਸਪੋਰਟ ਅਫਸਰ ਸ਼ਿਆਮ ਲਾਲ ਸ਼ਰਮਾ ਦੀ ਅਗਵਾਈ ਹੇਠ 2 ਟੀਮਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲੇ ਦੀਆਂ ਵੱਖ-ਵੱਖ ਸੜਕਾਂ 'ਤੇ ਨਾਕਾਬੰਦੀ ਕਰ ਕੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਚੈਕਿੰਗ ਕਰਦਿਆਂ ਆਰ. ਟੀ. ਏ. ਪਟਿਆਲਾ ਅਰਵਿੰਦ ਕੁਮਾਰ ਨੇ ਦੱਸਿਆ ਕਿ ਕਈ ਬੱਸ ਚਾਲਕ ਆਪਣੀਆਂ ਬੱਸਾਂ ਵਿਚ ਸਫਰ ਦੌਰਾਨ ਅਸ਼ਲੀਲ ਅਤੇ ਭੜਕਾਊ ਗਾਣੇ ਵਜਾਉਂਦੇ ਹਨ। ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰ. ਟੀ. ਏ. ਨੇ ਦੱਸਿਆ ਕਿ ਚੈਕਿੰਗ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਚਾਲਕ ਗਾਣੇ ਵਜਾਉਣੇ ਬੰਦ ਨਹੀਂ ਕਰਦੇ। ਬੱਸਾਂ 'ਚ ਉੱਚੀ ਅਵਾਜ਼ ਵਿਚ ਵੱਜਣ ਵਾਲੇ ਗਾਣਿਆਂ ਕਾਰਣ ਡਰਾਈਵਰਾਂ ਦਾ ਧਿਆਨ ਵੀ ਬੱਸ ਚਲਾਉਣ ਦੇ ਨਾਲ-ਨਾਲ ਗਾਣਿਆਂ ਵਿਚ ਰਹਿੰਦਾ ਹੈ। ਇਸ ਨਾਲ ਸੜਕ ਹਾਦਸਿਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕਈ ਬੱਸ ਕੰਡਕਟਰਾਂ ਕੋਲ ਕੰਡਕਟਰ ਲਾਇਸੈਂਸ ਨਹੀਂ ਸਨ। ਉਨ੍ਹਾਂ ਦੇ ਵੀ ਚਲਾਨ ਕੀਤੇ ਗਏ ਹਨ। ਇਸ ਮੌਕੇ ਲੇਖਾਕਾਰ ਰਜਿੰਦਰਪਾਲ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਗੰਨਮੈਨ ਮਨਜੀਤ ਔਲਖ ਅਤੇ ਹੋਰ ਸਟਾਫ ਹਾਜ਼ਰ ਸੀ।
ਕਿਸਾਨ ਰੱਦ ਕੀਤੇ ਟਿਊਬਵੈੱਲ ਕੁਨੈਕਸ਼ਨ ਨੂੰ 10 ਸਾਲ ਤੱਕ ਕਰਵਾ ਸਕਣਗੇ ਰਿਵਾਈਵ
NEXT STORY