ਖੰਨਾ,(ਸੁਖਵਿੰਦਰ ਕੌਰ)— ਨਾਰਕੋਟਿਕ ਸੈੱਲ ਤੇ ਥਾਣਾ ਸਿਟੀ-2 ਪੁਲਸ ਪਾਰਟੀ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਯੂ. ਪੀ. ਤੋਂ ਨਸ਼ੇ ਵਾਲੇ ਪਦਾਰਥਾਂ ਦੀ ਵੱਡੀ ਖੇਪ ਲਿਆ ਰਹੇ 2 ਵਿਅਕਤੀਆਂ ਨੂੰ 71,100 ਕੈਪਸੂਲਾਂ ਸਮੇਤ ਕਾਬੂ ਕੀਤਾ ਹੈ। ਮੰਗਲਵਾਰ ਸ਼ਾਮ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. (ਆਈ.) ਜਸਵੀਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਖੰਨਾ-2 ਦੇ ਐੱਸ. ਐੱਚ. ਓ. ਇੰਸਪੈਕਟਰ ਜਸਵੀਰ ਸਿੰਘ, ਨਾਰਕੋਟਿਕ ਸੈੱਲ ਖੰਨਾ ਦੇ ਇੰਚਾਰਜ ਇੰਸਪੈਕਟਰ ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਵਲੋਂ ਜੀ. ਟੀ. ਰੋਡ ਪਿੰਡ ਅਲੌੜ ਵਿਖੇ ਪ੍ਰਿਸਟਾਈਨ ਮਾਲ ਦੇ ਸਾਹਮਣੇ ਵਿਸ਼ੇਸ਼ ਨਾਕਾਬੰਦੀ ਕਰ ਕੇ ਸ਼ੱਕੀ ਵਿਅਕਤੀਆਂ ਤੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸੇ ਦੌਰਾਨ 2 ਵਿਅਕਤੀ ਕਿਸੇ ਅਣਪਛਾਤੇ ਵਹੀਕਲ 'ਚੋਂ ਉਤਰ ਕੇ ਪੁਲਸ ਪਾਰਟੀ ਨੂੰ ਦੇਖਦੇ ਹੀ ਪਿੱਛੇ ਮੰਡੀ ਗੋਬਿੰਦਗੜ੍ਹ ਵਾਲੀ ਸਾਈਡ ਵੱਲ ਨੂੰ ਤੁਰ ਪਏ, ਜਿਨ੍ਹਾਂ ਕੋਲ ਕਾਲੇ ਰੰਗ ਦੇ 2 ਵੱਡੇ ਬੈਗ ਚੁੱਕੇ ਹੋਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਉਕਤ ਸੁਨੀਲ ਕੁਮਾਰ ਪੁੱਤਰ ਸ਼ੌਕਤ ਮਸੀਹ ਤੇ ਆਸ਼ੂ ਮਸੀਹ ਪੁੱਤਰ ਸਾਬ ਮਸੀਹ ਦੋਵੇਂ ਵਾਸੀ ਗੁਰਦਾਸਪੁਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਕਤ ਵਿਅਕਤੀਆਂ ਦੇ ਬੈਗਾਂ 'ਚੋਂ 71,100 ਨਸ਼ੇ ਵਾਲੇ ਕੈਪਸੂਲ ਬਰਾਮਦ ਹੋਏ।
ਐੱਸ. ਪੀ. ਜਸਵੀਰ ਸਿੰਘ ਅਨੁਸਾਰ ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਇਹ ਨਸ਼ੇ ਵਾਲੇ ਕੈਪਸੂਲ ਸਹਾਰਨਪੁਰ (ਯੂ. ਪੀ.) ਤੋਂ ਸਸਤੇ ਭਾਅ 'ਤੇ ਲਿਆ ਕੇ ਜਲੰਧਰ ਇਲਾਕੇ 'ਚ ਮਹਿੰਗੇ ਭਾਅ 'ਤੇ ਵੇਚਣੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਖੰਨਾ-2 ਵਲੋਂ ਦੋਵਾਂ ਹੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅਧਿਆਪਕਾਂ ਨੇ ਮੰਗਾਂ ਸਬੰਧੀ ਕੱਢਿਆ ਕੈਂਡਲ ਮਾਰਚ
NEXT STORY