ਤਪਾ ਮੰਡੀ (ਮੇਸ਼ੀ): ਜ਼ਿਲ੍ਹਾ ਪੁਲਸ ਮੁਖੀ ਸੰਦੀਪ ਗੋਇਲ ਵਲੋਂ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਅਤੇ ਕੁਝ ਅਹਿਮ ਮਾਮਲਿਆਂ 'ਚ ਲੋੜੀਦੀ ਕਾਰਵਾਈ ਕਰਨ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹਾ ਪੁਲਸ ਟੀਮ ਵਲੋਂ ਤਪਾ ਇਲਾਕੇ ਦੇ ਪਿੰਡਾਂ ਦੇ ਘਰਾਂ ਅਤੇ ਹੋਰ ਸ਼ੱਕੀ ਠਿਕਾਣਿਆਂ ਤੇ ਅਚਾਨਕ ਗੁਪਤ ਛਾਪੇਮਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਵਿਖੇ ਚੜਦੀ ਸਵੇਰ ਸਮੇਂ ਪੁਲਸ ਦੇ ਉੱਚ ਅਧਿਕਾਰੀਆਂ ਸਮੇਤ 120 ਦੇ ਕਰੀਬ ਮੁਲਾਜ਼ਮਾਂ ਨੇ ਕੁਝ ਅਹਿਮ ਮਾਮਲਿਆਂ 'ਚ ਲੋੜੀਂਦਾ ਸੁਰਗਾਂ ਅਤੇ ਹਰ ਤਰ੍ਹਾਂ ਦੇ ਨਸ਼ੇ ਅਤੇ ਦੇਸੀ ਸ਼ਰਾਬ ਦੇ ਤਸਕਰਾਂ ਤੇ ਸ਼ੱਕ ਦੇ ਆਧਾਰ ਤੇ ਅਚਾਨਕ ਛਾਪੇਮਾਰੀ ਕੀਤੀ ਗਈ ਹੈ, ਜਿਸ ਦੌਰਾਨ ਪਿੰਡ ਦੇ ਲਗਭਗ 10 ਘਰਾਂ ਦੇ ਕਮਰਿਆਂ ਤੱਕ ਦੀ ਢੁਕਵੀਂ ਜਾਂਚ ਪੜਤਾਲ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਸ ਛਾਪੇਮਾਰੀ ਦੌਰਾਨ ਵੱਡੀ ਪੱਧਰ ਤੇ ਨਸ਼ੀਲੇ ਪਦਾਰਥ ਮਿਲਣ ਦੇ ਸੰਕੇਤ ਹਨ। ਜਿਸ ਵਜੋਂ ਪਿੰਡ ਦੀ ਰਾਜਾ ਪੱਤੀ ਦੇ ਜਸਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਨੂੰ ਵਰਣਾ ਕਾਰ ਸਮੇਤ ਕਾਬੂ ਕੀਤਾ ਗਿਆ ਹੈ।
ਪੁਲਸ ਵਲੋਂ ਕਾਬੂ ਕਰਨ ਦੇ ਵਿਰੋਧ ਕਰਦਿਆਂ ਜਸਵਿੰਦਰ ਸਿੰਘ ਦੀ ਭਰਜਾਈ ਮਨਪ੍ਰੀਤ ਕੌਰ ਨੇ ਮੀਡੀਆ ਨੂੰ ਦੱਸਿਆ ਕਿ ਪੁਲਸ ਦੇ ਵਧੇਰੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸੇ ਬਿਨਾਂ ਅਚਾਨਕ ਘਰਾਂ ਦੀਆਂ ਕੰਧਾ ਟੱਪ ਕੇ ਅੰਦਰ ਦਾਖ਼ਲ ਹੋ ਕੇ ਚੱਪੇ-ਚੱਪੇ ਦੀ ਤਲਾਸ਼ੀ ਕਰਨ ਸਮੇਂ ਅਲਮਾਰੀਆਂ ਦੇ ਕਪੜੇ ਤੱਕ ਫਰੋਲੇ ਗਏ ਹਨ ਪਰ ਪੁਲਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਫਿਰ ਵੀ ਉਨ੍ਹਾਂ ਦੇ ਦਿਓਰ ਜਸਵਿੰਦਰ ਸਿੰਘ ਨੂੰ ਸਮੇਤ ਕਾਰ ਪੁਲਸ ਆਪਣੇ ਨਾਲ ਲੈ ਗਈ ਜੋ ਕਿ ਬਿਲਕੁਲ ਗਲਤ ਹੈ। ਇਸ ਮੌਕੇ ਤਪਾ ਪੁਲਸ ਮੁਖੀ ਨਰਾਇਣ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਵੱਡੀ ਪੱਧਰ ਤੇ ਗੁਪਤ ਸੂਚਨਾਵਾਂ ਦੇ ਆਧਾਰ ਤੇ ਛਾਪਾਮਾਰੀ ਕੀਤੀ ਗਈ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸ਼ੱਕ ਦੇ ਆਧਾਰ ਤੇ ਅਗਲੀ ਪੁੱਛਗਿਛ ਲਈ ਵਿਅਕਤੀ ਨੂੰ ਥਾਣੇ ਲਿਆਂਦਾ ਗਿਆ ਹੈ। ਇਸ ਮੌਕੇ ਸੀ.ਆਈ.ਏ. ਦੇ ਬਲਜੀਤ ਸਿੰਘ, ਤਪਾ ਐੱਸ.ਐੱਚ.ਓ. ਨਰਾਇਣ ਸਿੰਘ ਏ.ਐੱਸ.ਆਈ. ਸਰਬਜੀਤ ਸਿੰਘ ਆਦਿ ਵੱਡੀ ਗਿਣਤੀ 'ਚ ਪੁਲਿਸ ਟੀਮਾਂ ਮੌਜੂਦ ਸਨ।
ਆਪ ਦੇ ਆਗੂ ਕੱਲ੍ਹ ਫੂਕਣਗੇ ਸੁਖਬੀਰ ਬਾਦਲ ਦਾ ਪੁਤਲਾ
NEXT STORY