ਬਠਿੰਡਾ,(ਵਰਮਾ)— ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ-1 ਦੀ ਟੀਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਸ ਨੇ ਪਿਉ-ਪੁੱਤ ਨੂੰ ਨਕਲੀ ਵੇਰਕਾ ਘਿਉ ਦੇ 16 ਟੀਨਾਂ (2.40 ਕੁਇੰਟਲ) ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਨੂੰ ਨਾਲ ਲੈ ਕੇ ਲੁਧਿਆਣਾ ਦੇ ਇਕ ਪਿੰਡ 'ਚ ਸਥਿਤ ਉਨ੍ਹਾਂ ਦੀ ਨਕਲੀ ਘਿਓ ਤਿਆਰ ਕਰਨ ਵਾਲੀ ਫੈਕਟਰੀ ਦੀ ਵੀ ਜਾਂਚ ਕੀਤੀ, ਜਿਥੋਂ ਘਿਓ ਬਣਾਉਣ ਦਾ ਕੱਚਾ ਸਾਮਾਨ ਬਰਾਮਦ ਹੋਇਆ ਹੈ, ਜਿਸ ਤਹਿਤ ਲੁਧਿਆਣਾ ਸਿਹਤ ਵਿਭਾਗ ਵਲੋਂ ਵੱਖ ਤੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਮਨ ਕੁਮਾਰ ਤੇ ਉਸ ਦਾ ਬੇਟਾ ਲਕਸ਼ ਗਰਗ ਵਾਸੀ ਭਾਈ ਹਿੰਮਤ ਸਿੰਘ ਨਗਰ ਲੁਧਿਆਣਾ ਨੇ ਲੁਧਿਆਣਾ ਦੇ ਨਜ਼ਦੀਕ ਪਿੰਡ ਡੇਹਲੋਂ 'ਚ ਇਕ ਫੈਕਟਰੀ ਲਾਈ ਹੋਈ ਸੀ, ਜਿਥੇ ਉਹ ਲੋਕ ਵੇਰਕਾ ਦੇ ਨਾਂ 'ਤੇ ਨਕਲੀ ਦੇਸੀ ਘਿਓ ਤਿਆਰ ਕਰਦੇ ਸੀ ਤੇ ਉਸ ਨੂੰ ਬਠਿੰਡਾ ਤੇ ਨਜ਼ਦੀਕੀ ਜ਼ਿਲਿਆਂ 'ਚ ਸਪਲਾਈ ਕੀਤਾ ਜਾਂਦਾ ਸੀ। ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਕੈਂਟ 'ਚ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬਠਿੰਡਾ ਨੂੰ ਆਉਂਦੇ ਸਮੇਂ ਕਾਰ ਸਮੇਤ ਕੀਤਾ ਕਾਬੂ
ਸੀ. ਆਈ. ਏ. ਸਟਾਫ-1 ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਮੁਲਜ਼ਮ ਇਕ ਕਾਰ 'ਚ ਬਠਿੰਡਾ 'ਚ ਘਿਓ ਸਪਲਾਈ ਕਰਦੇ ਹਨ ਤੇ ਹੁਣ ਵੀ ਘਿਓ ਸਪਲਾਈ ਕਰਨ ਲਈ ਆ ਰਹੇ ਹਨ। ਇਸ 'ਤੇ ਸੀ. ਆਈ. ਏ. ਸਟਾਫ-1 ਦੇ ਐੱਸ. ਆਈ. ਹਰਜੀਵਨ ਸਿੰਘ ਨੇ ਚੇਤਕ ਪਾਰਕ ਨਜ਼ਦੀਕ ਨਾਕਾਬੰਦੀ ਕਰ ਲਈ। ਇਸ ਦੌਰਾਨ ਪੁਲਸ ਨੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸ ਵਿਚ ਉਕਤ ਦੋਵੇਂ ਪਿਉ-ਪੁੱਤ ਸਵਾਰ ਸਨ। ਤਾਲਾਸ਼ੀ ਦੌਰਾਨ ਪੁਲਸ ਨੇ ਕਾਰ 'ਚੋਂ 15-15 ਕਿਲੋ ਦੇ 16 ਟੀਨ ਬਰਾਮਦ ਕੀਤੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਉਕਤ ਟੀਨਾਂ 'ਤੇ ਵੇਰਕਾ ਦੇ ਸਟਿੱਕਰ ਲੱਗੇ ਹੋਏ ਹਨ। ਉਕਤ ਘਿਓ ਦੇ ਸੈਂਪਲ ਲੈ ਕੇ ਜਾਂਚ ਕਰਵਾਈ ਗਈ ਤਾਂ ਪਤਾ ਲੱਗਾ ਕਿ ਘਿਓ ਨਕਲੀ ਹੈ। ਇਸ 'ਤੇ ਪੁਲਸ ਨੇ ਮੁਲਜ਼ਮਾਂ ਦੀ ਡੇਹਲੋਂ ਸਥਿਤ ਫੈਕਟਰੀ 'ਚ ਵੀ ਛਾਪਾਮਾਰੀ ਕੀਤੀ, ਜਿਥੇ ਪੁਲਸ ਨੇ ਖਾਲੀ ਟੀਨ, ਕੰਡਾ, ਟੱਬ, ਬਾਲਟੀ, ਗਮ ਤੇ ਵੇਰਕਾ ਦੇ ਸਟਿੱਕਰ ਤੇ ਸੀਲ ਲਾਉਣ ਵਾਲੀ ਮਸ਼ੀਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਬਰਾਮਦ ਘਿਓ ਦੀ ਕੀਮਤ 80 ਹਜ਼ਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਮੁਲਜ਼ਮ ਉਕਤ ਘਿਓ ਕਿਸ ਨੂੰ ਸਪਲਾਈ ਕਰਦੇ ਸਨ।
ਰਾਹੁਲ ਸਾਹਮਣੇ ਮੋਦੀ ਦਾ ਕੱਦ ਹੋਇਆ ਬੌਣਾ : ਧਰਮਸੌਤ
NEXT STORY