ਫ਼ਰੀਦਕੋਟ (ਰਾਜਨ): ਸਥਾਨਕ ਬਹੁ ਤਕਨੀਕੀ ਮਾਰਡਰਨ ਜੇਲ੍ਹ ਵਿੱਚ ਦੀਆਂ ਬੈਰਕਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੀ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ 13 ਮੋਬਾਇਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਨ੍ਹਾਂ ’ਚ ਇੱਕ ਗੈਂਗਸਟਰ ਵੀ ਸ਼ਾਮਲ ਹੈ। ਬੇਸ਼ੱਕ ਇਸ ਮਾਮਲੇ ਵਿੱਚ ਵੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ ਦੀ ਸ਼ਿਫਾਰਿਸ਼ ’ਤੇ ਸਬੰਧਤ ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਵਿਖੇ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਵੱਖਰੇ ਮੁਕੱਦਮੇ ਦਰਜ ਕਰ ਲਏ ਗਏ। ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਪਿਛਲੇ ਦੋ ਦਿਨ ਤੋਂ ਲਗਾਤਾਰ ਜੇਲ੍ਹ ਦੇ ਬੰਦੀਆਂ ਕੋਲੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਦਵਿੰਦਰ ਸਿੰਘ, ਸਹਾਇਕ ਸੁਪਰਡੈਂਟ ਜਸਵੀਰ ਸਿੰਘ, ਡਿਪਟੀ ਸੁਪਰਡੈਂਟ ਕੁਲਵੀਰ ਸਿੰਘ ਨੇ ਜਦ ਸੁਰੱਖਿਆ ਕਰਮਚਾਰੀਆਂ ਸਣੇ ਜੇਲ੍ਹ ਦੇ ਬਲਾਕ-ਸੀ ਦੀ ਬੈਰਕ-2 ਦੀ ਤਲਾਸ਼ੀ ਲਈ ਤਾਂ ਗੈਂਗਸਟਰ ਹਵਾਲਾਤੀ ਅਜੈਬ ਸਿੰਘ ਵਾਸੀ ਰਾਏਪੁਰ ਮਾਨਸਾ ਅਤੇ ਇਸੇ ਹੀ ਬੈਰਕ ’ਚੋਂ ਦੂਸਰਾ ਮੋਬਾਇਲ ਲਾਵਾਰਿਸ ਹਾਲਤ ’ਚ ਬਰਾਮਦ ਹੋਇਆ। ਇਸੇ ਤਰ੍ਹਾਂ ਬਲਾਕ–ਈ ਦੀ ਬੈਰਕ-10 ਦੇ ਬੰਦੀਆਂ ਦੀ ਤਲਾਸ਼ੀ ਲੈਣ ਸਮੇਂ ਹਵਾਲਾਤੀ ਸਾਹਿਲ ਕੁਮਾਰ ਕਾਲੜਾ ਵਾਸੀ ਜੰਡੀ ਵਾਲਾ ਚੌਂਕ ਮਲੋਟ, ਹਵਾਲਾਤੀ ਹੀਰਾ ਸਿੰਘ ਵਾਸੀ ਦੌਲੇ ਵਾਲਾ, ਕੈਦੀ ਰਾਕੇਸ਼ ਕੁਮਾਰ ਉਰਫ਼ ਬੌਕਸਰ ਵਾਸੀ ਗਿੱਲ ਕਲੌਨੀ ਲੁਧਿਆਣਾ, ਹਵਾਲਾਤੀ ਬੂਟਾ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਪਾਸੋਂ 4 ਮੋਬਾਇਲ ਬਰਾਮਦ ਹੋਏ। ਬਲਾਕ-ਈ ਦੀ ਬੈਰਕ-12 ਦੇ ਕੈਦੀ ਕੁਲਵਿੰਦਰ ਸਿੰਘ ਵਾਸੀ ਬੁਰਜ ਮੁਹੰਮਦ ਜ਼ਿਲ੍ਹਾ ਫ਼ਿਰੋਜ਼ਪੁਰ ਪਾਸੋਂ 1 ਅਤੇ ਬਲਾਕ–ਸੀ ਦੀ ਬੈਰਕ-5 ਦੇ ਹਵਾਲਾਤੀ ਸੋਨੂੰ ਮਸੀਹ ਵਾਸੀ ਪਿੰਡ ਖਾਨ ਵਾਲਾ, ਬਲਾਕ-ਜੀ ਦੀ ਬੈਰਕ-5 ਦੇ ਹਵਾਲਾਤੀ ਰਾਹੁਲ ਗਿੱਲ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ, ਹਵਾਲਾਤੀ ਹਰਪ੍ਰੀਤ ਸਿੰਘ ਉਰਫ਼ ਕਾਲੂ ਵਾਸੀ ਪਿੰਡ ਭਾਊਵਾਲ ਜ਼ਿਲ੍ਹਾ ਤਰਨਤਾਰਨ ਕੋਲੋਂ 1-1 ਮੋਬਾਇਲ ਅਤੇ 2 ਮੋਬਾਇਲ ਲਾਵਾਰਿਸ ਹਾਲਤ ਵਿੱਚ ਮਿਲੇ। ਇਸੇ ਹੀ ਸਰਚ ਮੁਹਿੰਮ ਦੇ ਚੱਲਦਿਆਂ ਬਲਾਕ-ਸੀ ਦੀ ਬੈਰਕ-8 ਦੇ ਹਵਾਲਾਤੀ ਰਵਿੰਦਰ ਸਿੰਘ ਵਾਸੀ ਦੀਵਾਨਾ ਜ਼ਿਲ੍ਹਾ ਬਰਨਾਲਾ ਕੋਲੋਂ ਵੀ ਇੱਕ ਮੋਬਾਇਲ ਫੋਨ ਚਾਲੂ ਹਾਲਤ ਵਿੱਚ ਮਿਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜੇਲ੍ਹ ’ਚੋਂ ਮੋਬਾਇਲ ਬਰਾਮਦਗੀ ਦਾ ਸਿਲਸਿਲਾ ਜਾਰੀ ਹੈ ਜੋ ਜੇਲ੍ਹ ਪ੍ਰਸਾਸ਼ਨ ਦੀ ਕਾਰਗੁਜਾਰੀ ’ਤੇ ਪ੍ਰਸ਼ਨ ਚਿੰਨ ਹੈ।
ਕੈਬਨਿਟ ਮੰਤਰੀ ਕਾਕਾ ਰਣਦੀਪ ਦਾ ਬਿਆਨ, ਪੰਜਾਬ ਦੇ ਲੋਕਾਂ ਲਈ ਸਰਕਾਰ ਨੇ ਦੂਜੇ ਸੂਬਿਆਂ ਤੋਂ ਖ਼ਰੀਦੀ ਮਹਿੰਗੀ ਬਿਜਲੀ
NEXT STORY