ਚੰਡੀਗੜ੍ਹ(ਰਮਨਜੀਤ)-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਫਰੀਦਕੋਟ ਪੁਲਸ ਦੀ ਹਿਰਾਸਤ 'ਚ 19 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਪੂਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕਰੜੇ ਹੱਥੀ ਲੈਂਦਿਆਂ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਮੰਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਕੱਲ੍ਹ ਫਰੀਦਕੋਟ ਜਾਣਗੇ।
'ਆਪ' ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੀ. ਆਈ. ਏ. ਸਟਾਫ਼ ਫਰੀਦਕੋਟ ਵਲੋਂ 18 ਮਈ ਨੂੰ ਨੌਜਵਾਨ ਜਸਪਾਲ ਸਿੰਘ ਦੀ ਪੁਲਸ ਹਿਰਾਸਤ ਦੌਰਾਨ ਸ਼ੱਕੀ ਹਾਲਤ 'ਚ ਹੋਈ ਮੌਤ ਉਪਰੰਤ ਮੌਕੇ ਦੇ ਪੁਲਸ ਅਫ਼ਸਰ ਨਰਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਵਲੋਂ ਜਸਪਾਲ ਸਿੰਘ ਦੀ ਲਾਸ਼ ਨਹਿਰ 'ਚ ਸੁੱਟੇ ਜਾਣ ਅਤੇ ਫਿਰ ਨਰਿੰਦਰ ਸਿੰਘ ਵਲੋਂ ਵੀ ਸ਼ੱਕੀ ਹਾਲਤਾਂ 'ਚ ਆਤਮ ਹੱਤਿਆ ਕਰਨਾ ਦਿਲ ਦਹਿਲਾਊ ਵਾਰਦਾਤ ਹੈ ਪਰ ਏਨੀ ਵੱਡੀ ਘਟਨਾ ਪ੍ਰਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਖਾਈ ਜਾ ਰਹੀ ਗੈਰ-ਜ਼ਿੰਮੇਵਾਰੀ ਨਾ ਕੇਵਲ ਨਿਖੇਧੀਜਨਕ ਹੈ ਬਲਕਿ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਪਿਛਲੀ ਬਾਦਲ ਸਰਕਾਰ ਵਰਗੀ ਹੀ ਹੈ ਅਤੇ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪੁਲਸ ਤੰਤਰ ਦਾ ਇੱਕ ਵੱਡਾ ਹਿੱਸਾ ਬੇਕਾਬੂ ਹੈ, ਲੋਕ ਇਨਸਾਫ਼ ਲਈ ਤ੍ਰਾਹ-ਤ੍ਰਾਹ ਕਰ ਰਹੇ ਹਨ ਪਰ 'ਮਹਾਰਾਜਾ' ਆਪਣੀ ਐਸ਼ਪ੍ਰਸ਼ਤੀ 'ਚ ਮਸਤ ਹੈ। ਇਸ ਲਈ ਕੈਪਟਨ ਨੂੰ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਕਾਬਿਲ ਮੰਤਰੀ ਨੂੰ ਸੌਂਪ ਦੇਣੀ ਚਾਹੀਦੀ ਹੈ, ਜੋ ਬੇਕਾਬੂ ਪੁਲਸ ਤੰਤਰ ਨੂੰ ਅਨੁਸ਼ਾਸਨ 'ਚ ਬੰਨ੍ਹ ਸਕੇ ਅਤੇ ਜਵਾਬਦੇਹ ਬਣਾ ਸਕੇ।
ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 31 ਲੱਖ ਦੀ ਮਾਰੀ ਠੱਗੀ
NEXT STORY