ਫਿਰੋਜ਼ਪੁਰ(ਕੁਮਾਰ,ਮਲਹੋਤਰਾ)— ਸ਼ਹਿਰ ਦੀ ਬਸਤੀ ਨਿਜ਼ਾਮਦੀਨ ਵਾਲੀ ਵਿਚ ਸਵੇਰ ਦੇ ਸਮੇਂ ਇਕ 7-8 ਸਾਲ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਜ਼ਖਮੀ ਕਰ ਦਿੱਤਾ, ਜਿਸ ਕਾਰਨ ਬਸਤੀ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਦੌਰਾਨ ਬੱਚੇ ਦਾ ਰੌਲਾ ਸੁਣ ਕੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅਵਾਰਾ ਕੁੱਤਿਆਂ ਨੂੰ ਉਥੋਂ ਭਜਾਇਆ।
ਜਾਣਕਾਰੀ ਦਿੰਦਿਆਂ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਬਸਤੀ ਨਿਜ਼ਾਮਦੀਨ ਵਾਲੀ ਵਿਚ ਅਰਸ਼ ਪੁੱਤਰ ਵਿਜੇ ਕੁਮਾਰ ਉਮਰ ਕਰੀਬ 7-8 ਸਾਲ ਸਵੇਰ ਦੇ ਸਮੇਂ ਜਦੋਂ ਘਰ ਦੇ ਬਾਹਰ ਖੜ੍ਹਾ ਹੋਇਆ ਸੀ ਤਾਂ ਅਚਾਨਕ ਆਵਾਰਾ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਘਸੀਟ ਕੇ ਖੇਤਾਂ ਵਿਚ ਲੈ ਗਏ, ਜਿੱਥੇ ਕੁੱਤਿਆਂ ਨੇ ਉਸ ਨੂੰ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਅਰਸ਼ ਦਾ ਰੌਲਾ ਸੁਣ ਕੇ ਪਹੁੰਚੇ ਲੋਕਾਂ ਨੇ ਉਸ ਨੂੰ ਕੁੱਤਿਆਂ ਦੇ ਚੁੰਗਲ 'ਚੋਂ ਬਚਾਇਆ ਅਤੇ ਇਲਾਜ ਲਈ ਉਸ ਨੂੰ ਡਾਕਟਰ ਕੋਲ ਲੈ ਗਏ। ਇਸ ਦੌਰਾਨ ਸੰਸਥਾ ਪ੍ਰਧਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰ ਰੋਜ਼ ਕਿਤੇ ਨਾ ਕਿਤੇ ਕਿਸੇ 'ਤੇ ਹਮਲਾ ਕਰਨ ਵਾਲੇ ਇਨ੍ਹਾਂ ਆਵਾਰਾ ਕੁੱਤਿਆਂ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ ਅਤੇ ਕੁੱਤਿਆਂ ਨੂੰ ਫੜਨ ਦਾ ਇੰਤਜ਼ਾਮ ਕੀਤਾ ਜਾਵੇ, ਤਾਂ ਕਿ ਕੱਲ ਨੂੰ ਕਿਸੇ ਹੋਰ ਨਾਲ ਅਜਿਹੀ ਘਟਨਾ ਨਾ ਵਾਪਰੇ।
'ਨਵਜੋਤ ਸਿੱਧੂ ਦੇ ਪੋਸਟਰ 'ਤੇ ਮਲੀ ਕਾਲਖ' (ਵੀਡੀਓ)
NEXT STORY