ਮੋਹਾਲੀ, (ਕੁਲਦੀਪ)- ਪੰਜਾਬ ਐਂਡ ਹਰਿਆਣਾ ਹਾਈ ਕੋਰਟ ’ਚ ਸੁਪਰਡੈਂਟ ਦੇ ਅਹੁਦੇ ’ਤੇ ਨੌਕਰੀ ਦਿਵਾਉਣ ਦੇ ਨਾਮ ’ਤੇ ਬੀਤੇ ਦਿਨੀਂ ਮਟੌਰ ਪੁਲਸ ਸਟੇਸ਼ਨ ’ਚ ਦਰਜ 20 ਲੱਖ ਰੁਪਏ ਦੀ ਠੱਗੀ ਵਾਲੇ ਕੇਸ ’ਚ ਪੁਲਸ ਨੇ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਸ ਮੁਲਜ਼ਮ ਦਾ ਨਾਮ ਕਰਮ ਸਿੰਘ ਹੈ, ਜੋ ਕਿ ਚੰਡੀਗਡ਼੍ਹ ਦੇ ਖੁੱਡਾ ਲਾਹੌਰਾ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਮੁਲਜ਼ਮ ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦਾ ਸੁਪਰਡੈਂਟ ਹੈ। ਸੋਮਵਾਰ ਉਸ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਉਸ ਨੂੰ ਇਕ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਪੁਲਸ ਸਟੇਸ਼ਨ ਮਟੌਰ ਤੋਂ ਸਬ-ਇੰਸਪੈਕਟਰ ਰਾਮ ਦਰਸ਼ਨ ਨੇ ਦੱਸਿਆ ਕਿ ਬੀਤੇ ਦਿਨੀਂ ਗ੍ਰਿਫਤਾਰ ਕੀਤੀ ਗਈ ਮਹਿਲਾ ਸੋਨਪ੍ਰੀਤ ਨਿਵਾਸੀ ਜ਼ਿਲਾ ਬਠਿੰਡਾ ਦੀ ਨਿਸ਼ਾਨਦੇਹੀ ’ਤੇ ਉਕਤ ਮੁਲਜ਼ਮ ਕਰਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਮਹਿਲਾ ਨੇ ਪੁਲਸ ਵਲੋਂ ਕੀਤੀ ਗਈ ਪੁੱਛਗਿੱਛ ’ਚ ਦੱਸਿਆ ਕਿ ਕਰਮ ਸਿੰਘ ਨੇ ਉਸ ਕੋਲੋਂ 17 ਲੱਖ ਰੁਪਏ ਲਏ ਸਨ। ਪੁਲਸ ਹੁਣ ਕਰਮ ਸਿੰਘ ਦੇ ਬੈਂਕ ਅਕਾਊਂਟਸ ਖੰਗਾਲਣ ਦੀ ਤਿਆਰੀ ਵਿਚ ਹੈ, ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਠੱਗੀ ਦਾ ਪੈਸਾ ਉਸ ਨੇ ਕਿੱਥੇ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੂੰ ਮਟੌਰ ਨਿਵਾਸੀ ਲਖਵਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੀ ਪਤਨੀ ਨੂੰ ਸਰਕਾਰੀ ਨੌਕਰੀ ਲਗਵਾਉਣਾ ਚਾਹੁੰਦਾ ਸੀ। ਉਕਤ ਮਹਿਲਾ ਮੁਲਜ਼ਮ ਸੋਨਪ੍ਰੀਤ ਉਸ ਦੇ ਸੰਪਰਕ ਵਿਚ ਆਈ, ਜਿਸ ਨੇ ਹਾਈ ਕੋਰਟ ’ਚ ਨੌਕਰੀ ਲਗਵਾਉਣ ਦੀ ਗੱਲ ਕਹੀ ਅਤੇ 20 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਲੈਣ ਤੋਂ ਬਾਅਦ ਮਹਿਲਾ ਨੇ ਉਸ ਨੂੰ ਜੋ ਨਿਯੁਕਤੀ ਪੱਤਰ ਦਿੱਤਾ, ਉਹ ਜਾਅਲੀ ਨਿਕਲਿਆ। ਉਸ ਨਿਯੁਕਤੀ ਪੱਤਰ ਉਤੇ ਮੋਹਰਾਂ ਵੀ ਉਲਟੀਆਂ ਲੱਗੀਆਂ ਹੋਈਆਂ ਸਨ। ਆਪਣੇ ਨਾਲ ਹੋਈ ਠੱਗੀ ਸਬੰਧੀ ਲਖਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੌਰਾਨ ਪੁਲਸ ਸਟੇਸ਼ਨ ਮਟੌਰ ’ਚ ਠੱਗੀ ਦਾ ਕੇਸ ਦਰਜ ਕਰ ਕੇ ਮਹਿਲਾ ਸੋਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹੁਣ ਪੁਲਸ ਨੇ ਕਰਮ ਸਿੰਘ ਸੁਪਰਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ੋਮੈਟੋ ਡਲਿਵਰੀ ਬੁਆਏ ਨੇ ਸਾਥੀਆਂ ਸਮੇਤ ਸਵੀਟਸ਼ਾਪ ਦੇ ਜੀ. ਐੱਮ. ਦੀ ਕੀਤੀ ਕੁੱਟ-ਮਾਰ
NEXT STORY