ਫਿਰੋਜ਼ਪੁਰ (ਹਰਚਰਨ, ਬਿੱਟੂ) - 2022 ਦੀਆਂ ਚੋਣਾਂ ਲਈ ਜਿੱਥੇ ਹਰੇਕ ਪਾਰਟੀ ਵੱਲੋਂ ਤਿਆਰੀਆਂ ਅਰੰਭੀਆਂ ਜਾ ਰਹੀਆਂ ਹਨ ਓਥੇ ਭਾਜਪਾ ਨਾਲੋਂ ਤੋੜ ਵਿਛੋੜਾ ਹੋਣ ਪਿੱਛੋਂ ਭਾਜਪਾ ਵਾਲੀਆਂ ਸੀਟਾਂ ਤੇ ਅਕਾਲੀ ਦਲ ਬਾਦਲ ਦੇ ਕਈ ਨਵੇਂ ਦਾਅਵੇਦਾਰ ਅਤੇ ਚਿਹਰੇ ਸਾਹਮਣੇ ਆਉਣ ਲੱਗੇ ਹਨ।
ਫਿਰੋਜ਼ਪੁਰ ਸ਼ਹਿਰੀ ਸੀਟ 'ਤੇ ਵੀ ਮਜ਼ਬੂਤ ਦਾਅਵੇਦਾਰ ਅਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋ ਜ਼ੀਰਾ ਸੀਟ 'ਤੇ ਚੋਣ ਲੜਨ ਦੇ ਫੈਸਲੇ ਤੋਂ ਬਾਅਦ ਇਥੋਂ ਕਈ ਸੰਭਾਵੀ ਉਮੀਦਵਾਰਾਂ ਦੇ ਨਾਂ ਸਾਹਮਣੇ ਆਉਣ ਲੱਗੇ ਹਨ, ਜਿਨ੍ਹਾਂ ਵਿਚ ਮੌਂਟੂ ਵੋਹਰਾ, ਨਵਨੀਤ ਗੋਰਾ ਆਦਿ ਨਾਮ ਸੁਰਖੀਆਂ ਵਿਚ ਚੱਲ ਰਹੇ ਹਨ ਓਥੇ ਹੀ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਜਸਦੀਪ ਸਿੰਘ ਕੰਬੋਜ ਦਾ ਨਾਂ ਵੀ ਅਕਾਲੀ ਸਫਾਂ ਵਿਚ ਗੂੰਜਣ ਲੱਗ ਪਿਆ ਹੈ। ਕੰਬੋਜ ਬਰਾਦਰੀ ਨਾਲ ਸਬੰਧਿਤ ਐਡਵੋਕੇਟ ਜਸਦੀਪ ਸਿੰਘ 2007 ਵਿਚ ਮੀਤ ਪ੍ਰਧਾਨ ਅਤੇ 2013 ਵਿਚ ਬਾਰ ਐਸੋਸੀਏਸ਼ਨ ਫ਼ਿਰੋਜਪੁਰ ਦੇ ਪਹਿਲੀ ਵਾਰ ਪ੍ਰਧਾਨ ਚੁਣੇ ਗਏ ਸਨ। ਉਸ ਤੋਂ ਬਾਅਦ 2018 ਤੋਂ ਲੈ ਕੇ ਲਗਾਤਾਰ ਓਹ ਚੌਥੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਕੁਰਸੀ 'ਤੇ ਕਾਬਜ਼ ਹਨ। ਇਸ ਦੇ ਨਾਲ ਹੀ ਐਡਵੋਕੇਟ ਜਸਦੀਪ ਸਿੰਘ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੀ ਅਨੁਸ਼ਾਸ਼ਨੀ ਕਮੇਟੀ ਦੇ ਮੌਜੂਦਾ ਮੈਂਬਰ ਵੀ ਹਨ।
ਦੱਸ ਦੇਈਏ ਕਿ ਕਾਂਗਰਸ ਦੇ ਕਬਜ਼ੇ ਵਾਲੀ ਫਿਰੋਜ਼ਪੁਰ ਦੀ ਸ਼ਹਿਰੀ ਸੀਟ 'ਤੇ ਲਗਾਤਾਰ ਦੋ ਵਾਰ ਪਰਮਿੰਦਰ ਸਿੰਘ ਪਿੰਕੀ ਵਿਧਾਇਕ ਚੱਲੇ ਆ ਰਹੇ ਹਨ ਅਤੇ ਉਨ੍ਹਾਂ ਵੱਲੋ ਕਰਵਾਏ ਕੰਮਾਂ ਕਰਕੇ ਉਨ੍ਹਾਂ ਦਾ ਅਧਾਰ ਵੀ ਚੰਗਾ ਮੰਨਿਆ ਜਾ ਰਿਹਾ ਹੈ। ਅਜਿਹੇ ਵਿਚ ਅਕਾਲੀ ਦਲ ਫੂਕ ਫੂਕ ਕੇ ਪੈਰ ਰੱਖ ਰਿਹਾ ਹੈ। ਉਮੀਦਵਾਰੀ ਵਾਸਤੇ ਜਿੱਥੇ ਹੋਰ ਦਾਵੇਦਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਉਥੇ ਜਸਦੀਪ ਸਿੰਘ ਦਾ ਜਿਥੇ ਕੰਬੋਜ ਬਰਾਦਰੀ ਵਿੱਚ ਚੰਗਾ ਅਧਾਰ ਮੰਨਿਆ ਜਾਂਦਾ ਹੈ ਉਥੇ ਉਹ ਨੌਜਵਾਨਾ ਵਿਚ ਵੀ ਖ਼ਾਸਾ ਅਧਾਰ ਰਖਦੇ ਹਨ। ਜਿਸ ਦਾ ਉਹ ਲਾਹਾ ਲੈ ਸਕਦੇ ਹਨ। ਸੂਤਰਾਂ ਮੁਤਾਬਿਕ ਜਸਦੀਪ ਸਿੰਘ ਕੰਬੋਜ ਅਕਾਲੀ ਹਾਈਕਮਾਂਡ ਦੇ ਸੰਪਰਕ ਵਿਚ ਚੱਲ ਰਹੇ ਹਨ। ਅਕਾਲੀ ਵਰਕਰਾਂ ਮੁਤਾਬਿਕ ਆਉਂਦੇ ਕੁਝ ਦਿਨਾਂ ਵਿਚ ਉਮੀਦਵਾਰ ਦਾ ਨਾਂ ਐਲਾਨਿਆ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
DC ਵੱਲੋਂ ਜ਼ਿਲੇ ਵਿਚਲੇ ਚੋਆਂ ਤੇ ਨਾਲਿਆਂ ਦੀ ਸਫਾਈ ਦਾ ਕੰਮ 30 ਜੂਨ ਤੋਂ ਪਹਿਲਾਂ ਮੁਕੰਮਲ ਕਰਨ ਦੇ ਹੁਕਮ
NEXT STORY