ਲੁਧਿਆਣਾ, (ਮਹੇਸ਼)— ਹੈਬੋਵਾਲ ਦੇ ਹਕੀਕਤ ਨਗਰ ਇਲਾਕੇ ਵਿਚ ਇਕ ਨਵ-ਵਿਆਹੁਤਾ ਨੂੰ ਉਸ ਦੇ ਸਹੁਰਿਆਂ ਤੋਂ ਅਗਵਾ ਕਰ ਲਿਆ ਗਿਆ। ਅਗਵਾ ਕਰਨ ਦੇ ਦੋਸ਼ 'ਚ ਨਵ-ਵਿਆਹੁਤਾ ਦੇ ਭਰਾ 'ਤੇ ਲੱਗਾ ਹੈ, ਜੋ ਕਿ ਉਸ ਦੇ ਪ੍ਰੇਮ ਵਿਆਹ ਤੋਂ ਖਫਾ ਸੀ।
ਦੋਸ਼ ਹੈ ਕਿ ਉਸ ਨੇ ਬਹੁਤ ਹੀ ਯੋਜਨਾ ਨਾਲ ਭੈਣ ਦੇ ਸਹੁਰਿਆਂ ਨੂੰ ਮਠਿਆਈ ਵਿਚ ਨਸ਼ਾ ਦੇ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਅਗਵਾ ਕਰ ਲਿਆ। ਇਲਾਕਾ ਪੁਲਸ ਨੇ ਅਗਵਾ ਹੋਈ ਲੜਕੀ ਦੇ ਪਤੀ ਜਵਾਏ ਦੀ ਸ਼ਿਕਾਇਤ 'ਤੇ ਉਸ ਦੇ ਸਾਲੇ ਅਜੇ ਬਾਜ਼ੀਗਰ ਅਤੇ ਅਣਪਛਾਤੇ ਖਿਲਾਫ ਕੇਸ ਦਰਜ ਲਿਆ ਹੈ। ਦੋਸ਼ੀ ਹਰਿਆਣਾ ਦੇ ਜ਼ਿਲਾ ਸਿਰਸਾ ਦੇ ਪਿੰਡ ਨੇਜਾਢੇਲਾ ਦਾ ਰਹਿਣ ਵਾਲਾ ਹੈ। ਹੁਣ ਤਕ ਇਸ ਸਬੰਧ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।
ਜਵਾਏ ਦੇ ਸਿਰਸਾ ਦੇ ਰਹਿਣ ਵਾਲੇ ਸੁਭਾਸ਼ ਕੁਮਾਰ ਦੀ ਬੇਟੀ ਸੁਨੀਤਾ ਰਾਣੀ ਨਾਲ ਪ੍ਰੇਮ ਸਬੰਧ ਸਨ। ਜਵਾਏ ਬਿਜਲੀ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਸਮੇਤ ਉਕਤ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਲਗਭਗ ਢਾਈ ਮਹੀਨੇ ਪਹਿਲਾਂ ਸੁਨੀਤਾ ਨੇ ਆਪਣੇ ਪਰਿਵਾਰ ਵਾਲਿਆਂ ਦੇ ਫੈਸਲੇ ਖਿਲਾਫ ਜਾ ਕੇ 27 ਮਾਰਚ ਨੂੰ 2019 ਨੂੰ ਜਵਾਏ ਨਾਲ ਲੁਧਿਆਣਾ ਵਿਚ ਕੋਰਟ ਮੈਰਿਜ ਕਰਵਾ ਲਈ ਸੀ। ਇਸ ਕਾਰਨ ਅਦਾਲਤ ਨੇ ਵੀ ਉਨ੍ਹਾਂ ਨੂੰ ਪੁਲਸ ਪ੍ਰੋਟੈਕਸ਼ਨ ਦੇਣ ਦੇ ਆਦੇਸ਼ ਦਿੱਤੇ ਸਨ।
ਜਵਾਏ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦਾ ਸਾਲਾ ਅਜੇ ਉਸ ਦੇ ਘਰ ਮਠਿਆਈ ਦਾ ਡੱਬਾ ਲੈ ਕੇ ਆਇਆ। ਉਹ ਉਸ ਦੀ ਚਾਲ ਸਮਝ ਨਹੀਂ ਸਕੇ। ਉਸ ਨੇ ਭੈਣ ਸਮੇਤ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਮਠਿਆਈ ਖਾਣ ਤੋਂ ਬਾਅਦ ਪੂਰਾ ਪਰਿਵਾਰ ਬੇਹੋਸ਼ ਹੋ ਗਿਆ। ਅਗਲੀ ਸਵੇਰ ਲਗਭਗ 8.30 ਵਜੇ ਉਸ ਨੂੰ ਹੋਸ਼ ਆਇਆ। ਉਸ ਦਾ ਜੀਜਾ, ਭੈਣਾਂ, ਭਰਾ ਅਤੇ ਮਾਤਾ ਬੇਹੋਸ਼ ਪਏ ਸਨ ਪਰ ਉਸ ਦੀ ਪਤਨੀ ਦਾ ਕਿਤੇ ਕੁੱਝ ਪਤਾ ਨਹੀਂ ਸੀ।
ਉਸ ਨੇ ਰੌਲਾ ਪਾ ਕੇ ਨੇੜੇ ਦੇ ਲੋਕਾਂ ਨੂੰ ਇਕੱਠਾ ਕੀਤਾ। ਜਦ ਉਸ ਨੂੰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਲਗਭਗ 5 ਵਜੇ 3 ਅਣਪਛਾਤੇ ਲੋਕਾਂ ਨੂੰ ਕਾਲੇ ਕੱਪੜੇ 'ਚ ਲਿਪਟੀ ਹੋਈ ਮਨੁੱਖੀ ਦੇਹ ਨੂੰ ਗੱਡੀ ਵਿਚ ਰੱਖ ਕੇ ਲਿਜਾਂਦੇ ਹੋਏ ਦੇਖਿਆ ਸੀ। ਇਸ 'ਤੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ।
2 ਸਾਲ ਪਹਿਲਾਂ ਫੇਸਬੁਕ 'ਤੇ ਹੋਈ ਦੋਸਤੀ
ਜਵਾਏ ਨੇ ਦੱਸਿਆ ਕਿ ਲਗਭਗ 2 ਸਾਲ ਪਹਿਲਾਂ ਸੁਨੀਤਾ ਨਾਲ ਉਸ ਦੀ ਦੋਸਤੀ ਫੇਸਬੁਕ 'ਤੇ ਹੋਈ ਸੀ। ਬਾਅਦ ਵਿਚ ਦੋਵਾਂ ਨੇ ਮੈਰਿਜ ਕਰਨ ਦਾ ਫੈਸਲਾ ਕੀਤਾ। ਦੋਵਾਂ ਦਾ ਧਰਮ ਇਕ ਹੀ ਹੋਣ ਦੇ ਕਾਰਨ ਕੋਈ ਜਾਤ-ਪਾਤ ਦਾ ਰੌਲਾ ਨਹੀਂ ਪਿਆ। ਦੋਵਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਫੈਸਲੇ ਬਾਰੇ ਦੱਸਿਆ।
ਸੁਨੀਤਾ ਦੇ ਪਰਿਵਾਰ ਵਾਲੇ ਉਸ ਦਾ ਘਰ ਬਾਰ ਦੇਖਣ ਲਈ ਲੁਧਿਆਣਾ ਆਏ। ਪਹਿਲਾਂ ਤਾਂ ਉਹ ਵਿਆਹ ਲਈ ਹਾਂ ਕਰਦੇ ਰਹੇ ਪਰ ਬਾਅਦ ਵਿਚ ਮੁੱਕਰ ਗਏ। ਉਨ੍ਹਾਂ ਨੇ ਸੁਨੀਤਾ ਦਾ ਦੂਜੀ ਜਗ੍ਹਾ ਵਿਆਹ ਕਰਨ ਲਈ ਲੜਕਾ ਦੇਖਣਾ ਸ਼ੁਰੂ ਕਰ ਦਿੱਤਾ। ਇਸ 'ਤੇ ਸੁਨੀਤਾ ਨੇ ਆਪਣੇ ਪਰਿਵਾਰ ਵਾਲਿਆਂ ਖਿਲਾਫ ਜਾ ਕੇ ਉਸ ਨਾਲ ਕੋਰਟ ਮੈਰਿਜ ਕਰਵਾ ਲਈ। ਮੈਰਿਜ ਤੋਂ ਬਾਅਦ ਦੋਵੇਂ ਬਹੁਤ ਖੁਸ਼ ਸਨ ਅਤੇ ਅੱਗੇ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਪਲੈਨਿੰਗ ਕਰ ਰਹੇ ਸਨ ਪਰ ਇਸ ਘਟਨਾ ਨੇ ਸਭ ਕੁੱਝ ਵਿਗਾੜ ਦਿੱਤਾ।
ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। 2 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਫਤਿਹਵੀਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਕੰਵਰ ਗਰੇਵਾਲ
NEXT STORY