ਪਟਿਆਲਾ (ਜੋਸਨ, ਬਲਜਿੰਦਰ, ਰਾਣਾ, ਲਖਵਿੰਦਰ, ਇੰਦਰ)—ਬਹੁ-ਚਰਚਿਤ ਕਿਰਨਜੀਤ ਕੌਰ ਮਹਿਲ ਕਲਾਂ ਕਾਂਡ ਘੋਲ ਦੇ ਇਕ ਸਿਰਕੱਢ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਰੱਦ ਕਰਵਾਉਣ ਲਈ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੋਤੀ ਮਹਿਲ ਵੱਲ ਰੋਸ ਮਾਰਚ ਦੇ ਕੀਤੇ ਐਲਾਨ ਨੇ ਜ਼ਿਲਾ ਪ੍ਰਸ਼ਾਸਨ ਨੂੰ ਝੁਕਾਅ ਦਿੱਤਾ। ਮਾਰਚ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਨੇ ਸਾਰੀ ਤਾਕਤ ਝੋਕ ਦਿੱਤੀ। ਥਾਂ-ਥਾਂ 'ਤੇ ਲੱਗੇ ਨਾਕਿਆਂ ਨੇ ਕਰਫਿਊ ਵਰਗਾ ਮਾਹੌਲ ਬਣਾ ਦਿੱਤਾ। ਆਖਿਰ ਮੰਡੀ ਵਿਚ ਚੱਲ ਰਹੇ ਧਰਨੇ ਵਿਚ ਜਾ ਕੇ ਹਜ਼ਾਰਾਂ ਕਿਸਾਨਾਂ ਵਿਚਕਾਰ ਪਟਿਆਲਾ ਦੇ ਐੱਸ. ਡੀ. ਐੱਮ. ਰਵਿੰਦਰ ਸਿੰਘ ਅਰੋੜਾ ਨੇ ਐਲਾਨ ਕੀਤਾ ਕਿ ਇਸ ਮਾਮਲੇ 'ਤੇ ਕਿਸਾਨ ਆਗੂਆਂ ਦੀ ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ 26 ਸਤੰਬਰ ਨੂੰ ਮੀਟਿੰਗ ਹੋਵੇਗੀ। ਇਸ ਐਲਾਨ ਨਾਲ ਜਿਥੇ ਵੱਡਾ ਟਕਰਾਅ ਟਲਿਆ, ਉਥੇ ਹੀ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਨੇ ਸੁਖ ਦਾ ਸਾਹ ਲਿਆ।
ਕਿਸਾਨਾਂ ਦੇ ਮੋਤੀ ਮਹਿਲ ਵੱਲ ਮਾਰਚ ਦੇ ਐਲਾਨ ਨੂੰ ਦੇਖਦੇ ਹੋਏ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ 6 ਜ਼ਿਲਿਆਂ ਦੀ ਪੁਲਸ ਫੋਰਸ ਨਾਲ ਸਾਰੇ ਰਸਤਿਆਂ ਨੂੰ ਜਿਥੇ ਸੀਲ ਕਰ ਦਿੱਤਾ, ਉਥੇ ਹੀ ਹਰ ਨਾਕੇ 'ਤੇ ਵੱਡੇ ਅਧਿਕਾਰੀਆਂ ਨੂੰ ਵੀ ਲਾ ਦਿੱਤਾ ਤਾਂ ਜੋ ਕਿਸੇ ਵੀ ਤਰ੍ਹਾਂ ਕਿਸਾਨ ਸ਼ਹਿਰ ਵਿਚ ਦਾਖਲ ਨਾ ਹੋ ਸਕਣ। ਡੀ. ਸੀ. ਅਤੇ ਐੱਸ. ਐੱਸ. ਪੀ. ਨੇ ਇਸ ਮਾਮਲੇ ਵਿਚ ਸਿੱਧੇ ਤੌਰ 'ਤੇ ਜੁੜ ਕੇ ਕਿਸਾਨਾਂ ਨੂੰ ਮਨਾ ਲਿਆ ਕਿ ਉਹ ਰੋਸ ਮਾਰਚ ਨਾ ਕਰਨ, ਅਸੀਂ ਤੁਹਾਡੀ ਸਰਕਾਰ ਨਾਲ ਮੀਟਿੰਗ ਕਰ ਦਿੰਦੇ ਹਾਂ, ਜਿਸ 'ਤੇ ਟਕਰਾਅ ਖਤਮ ਹੋ ਗਿਆ।
'ਪੱਕਾ ਮੋਰਚਾ' ਜਾਰੀ ਰੱਖਣ ਦਾ ਫ਼ੈਸਲਾ
ਐੱਸ. ਡੀ. ਐੱਮ. ਅਰੋੜਾ ਦੇ ਸਰਕਾਰ ਨਾਲ ਮੀਟਿੰਗ ਦੇ ਐਲਾਨ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ 'ਚ ਇਕੱਤਰ ਹੋਏ ਲੋਕਾਂ ਨੇ ਮਾਰਚ ਮੁਲਤਵੀ ਕਰਦੇ ਹੋਏ ਮਨਜੀਤ ਧਨੇਰ ਦੀ ਉਮਰ ਕੈਦ ਰੱਦ ਹੋਣ ਤੱਕ 'ਪੱਕਾ ਮੋਰਚਾ' ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਇਸ ਨਵੀਂ ਬਣੀ ਵਿਸ਼ੇਸ਼ ਹਾਲਤ ਦੇ ਸੰਦਰਭ ਵਿਚ ਸੰਘਰਸ਼ ਕਮੇਟੀ ਨੇ ਪੱਕੇ ਮੋਰਚੇ ਦੇ ਪੰਡਾਲ 'ਚ ਹੰਗਾਮੀ ਮੀਟਿੰਗ ਕਰ ਕੇ ਅਗਲੀ ਰਣਨੀਤੀ ਤੈਅ ਕਰਨ ਦਾ ਐਲਾਨ ਵੀ ਕਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪੁਲਸ-ਸਿਆਸੀ ਗਠਜੋੜ ਵੱਲੋਂ ਸਾਜ਼ਸ਼ ਰਚ ਕੇ ਝੂਠੇ ਕਤਲ ਦੇ ਮੁਕੱਦਮੇ ਵਿਚ ਸ਼ਾਮਲ ਕੀਤੇ ਮਨਜੀਤ ਧਨੇਰ ਦੇ ਬੇਗੁਨਾਹ ਹੋਣ ਸਬੰਧੀ ਸੱਚ ਨੂੰ ਦਰਕਿਨਾਰ ਕਰਦਿਆਂ ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਹੁਣ 3 ਸਤੰਬਰ 2019 ਨੂੰ ਸੁਪਰੀਮ ਕੋਰਟ ਵੱਲੋਂ ਬਹਾਲ ਰੱਖੀ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ ਕਿ ਅਦਾਲਤਾਂ ਇਨਸਾਫ਼ ਨਹੀਂ, ਫੈਸਲੇ ਕਰਦੀਆਂ ਹਨ।
ਸੰਘਰਸ਼ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜ ਗਿੱਲ, ਝੰਡਾ ਸਿੰਘ ਜੇਠੂਕੇ, ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ, ਕੰਵਲਪ੍ਰੀਤ ਸਿੰਘ ਪੰਨੂ, ਗੁਰਬਿੰਦਰ ਸਿੰਘ ਕਲਾਲਾ, ਕੰਵਲਜੀਤ ਖੰਨਾ, ਜਰਮਨਜੀਤ ਅਤੇ ਦਵਿੰਦਰ ਪੂੰਨੀਆ ਆਗੂਆਂ ਨੇ ਕਿਹਾ ਕਿ ਮਨਜੀਤ ਧਨੇਰ ਨੂੰ ਸੁਣਾਈ ਨਿਹੱਕੀ ਉਮਰ ਕੈਦ ਨੂੰ ਚੁਣੌਤੀ ਵਜੋਂ ਲੈਂਦਿਆਂ ਚੱਲ ਰਹੇ 'ਪੱਕੇ ਮੋਰਚੇ' ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਇਹ ਸੰਘਰਸ਼ ਪੁਲਸ ਜਬਰ-ਤਸ਼ੱਦਦ ਦੇ ਬਾਵਜੂਦ ਵੀ ਮਨਜੀਤ ਧਨੇਰ ਦੀ ਸਜ਼ਾ ਰੱਦ ਹੋਣ ਤੱਕ ਅੱਗੇ ਵਧਦਾ ਜਾਵੇਗਾ।
ਇਹ ਬੁਲਾਰੇ ਵੀ ਹੋਏ ਧਰਨੇ 'ਚ ਸ਼ਾਮਲ
ਇਸ ਮੌਕੇ ਸਟੇਜ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਹੁਸ਼ਿਆਰ ਸਿੰਘ ਸਲੇਮਗੜ੍ਹ, ਜੁਮਰਦੀਨ, ਅਮਰਜੀਤ ਕੁੱਕੂ, ਤਰਸੇਮ ਭੱਠਲ, ਹਰਦੀਪ ਟੋਡਰਪੁਰ, ਮਹਿਮਾ ਸਿੰਘ, ਸ਼ਿੰਦਰਪਾਲ ਕੌਰ ਭਗਤਾ, ਨਛੱਤਰ ਸਿੰਘ ਭਾਈਰੂਪਾ, ਭੀਮ ਸਿੰਘ ਆਲਮਪੁਰ, ਹਰਿੰਦਰ ਕੌਰ ਬਿੰਦੂ, ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਆਦਿ ਆਗੂਆਂ ਨੇ ਧਨੇਰ ਦੀ ਸਜ਼ਾ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।
ਭੀੜ-ਭੜੱਕੇ ਵਾਲੇ ਬਾਜ਼ਾਰ 'ਚੋਂ ਬਰਾਮਦ ਹੋਇਆ ਪਟਾਕੇ ਤੇ ਆਤਿਸ਼ਬਾਜ਼ੀਆਂ ਦਾ ਭੰਡਾਰ
NEXT STORY