ਮੋਗਾ (ਕਸ਼ਿਸ਼, ਆਜ਼ਾਦ) : ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਦਵਾਈ ਵਿਕਰੇਤਾਵਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸਨ, ਪੁਲਸ ਵੱਲੋਂ ਡਰੱਗ ਕੰਟਰੋਲ ਵਿਭਾਗ ਨਾਲ ਮਿਲ ਕੇ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਮੋਗਾ ਦੇ ਤਿੰਨ ਮੈਡੀਕਲ ਸਟੋਰ ਸੀਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੋਗਾ ਪੁਲਸ ਅਤੇ ਸਿਹਤ ਵਿਭਾਗ ਦੇ ਡਰੱਗ ਕੰਟਰੋਲ ਵਿਭਾਗ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਜ਼ਿਲਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਗਾ ਪੁਲਸ ਵੱਲੋਂ ਬਰਕਤ ਮੈਡੀਕਲ ਸਟੋਰ ਨਿਗਾਹਾ ਰੋਡ ਮੋਗਾ ਅਤੇ ਟੀ. ਐੱਸ. ਮੈਡੀਕਲ ਏਜੰਸੀ ਚੜਿੱਕ ਰੋਡ, ਬਸਤੀ ਮੋਹਨ ਸਿੰਘ ਦੀ ਜਾਂਚ ਦੌਰਾਨ ਉਕਤ ਮੈਡੀਕਲ ਸਟੋਰ ਤੋਂ 150 ਪ੍ਰੈਗਾਬਾਲਿਨ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਗੁਰੂ ਨਾਨਕ ਮੈਡੀਕਲ ਸਟੋਰ ਟੀ-ਪੁਆਇੰਟ ਕੱਚਾ ਦੋਸਾਂਝ ਰੋਡ ਮੋਗਾ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਡਰੱਗ ਇੰਸਪੈਕਟਰ ਵੱਲੋਂ ਸੀਲ ਕੀਤਾ ਗਿਆ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਮੌਕੇ ਐੱਸ. ਡੀ. ਐੱਮ. ਮੋਗਾ ਸਤਵਿੰਦਰਪਾਲ ਸਿੰਘ, ਡਰੱਗ ਕੰਟਰੋਲਰ ਮੈਡਮ ਸੋਨੀਆ ਗੁਪਤਾ, ਡੀ. ਐੱਸ. ਪੀ. ਸਿਟੀ ਗੁਰਪ੍ਰੀਤ ਸਿੰਘ, ਥਾਣਾ ਸਿਟੀ ਸਾਊਥ ਦੇ ਮੁਖ ਅਫ਼ਸਰ ਇੰਸਪੈਕਟਰ ਵਰੁਣ ਕੁਮਾਰ, ਥਾਣਾ ਸਿਟੀ ਮੋਗਾ ਦੇ ਮੁਖ ਅਫ਼ਸਰ ਸਰਦਾਰਾ ਸਿੰਘ, ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਮੋਹਕਮ ਸਿੰਘ ਤੋਂ ਇਲਾਵਾ ਡਰੱਗ ਵਿਭਾਗ ਦੇ ਹੋਰ ਅਧਿਕਾਰੀ ਅਤੇ ਪੁਲਸ ਮੁਲਾਜ਼ਮ ਹਾਜ਼ਰ ਸਨ। ਜ਼ਿਲਾ ਪੁਲਸ ਮੁਖੀ ਨੇ ਕਿਹਾ ਕਿ ਅੱਗੇ ਤੋਂ ਵੀ ਉਨ੍ਹਾਂ ਮੈਡੀਕਲ ਸਟੋਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜੋ ਆਪਣੇ ਲਾਲਚੀ ਹਿੱਤਾਂ ਦੀ ਖ਼ਾਤਰ ਆਪਣੀਆਂ ਦੁਕਾਨਾਂ ’ਤੇ ਨਸ਼ੇ ਵਜੋਂ ਵਰਤੀਆਂ ਜਾਣ ਵਾਲੀਆਂ ਨਸ਼ੀਲੀਆਂ ਦਵਾਈਆਂ ਵੇਚਦੇ ਹਨ। ਉਨ੍ਹਾਂ ਦਵਾਈ ਵਿਕਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੈਡੀਕਲ ਸਟੋਰਾਂ ’ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਨਾ ਕਰਨ ਨਹੀਂ ਤਾਂ ਬਖ਼ਸ਼ਿਆ ਨਹੀਂ ਜਾਵੇਗਾ।
ਪੰਜਾਬ 'ਚ ਜੰਗਲ ਦਾ ਰਾਜ, ਖ਼ਤਰੇ 'ਚ ਸੂਬੇ ਦਾ ਭਵਿੱਖ: ਸੁਨੀਲ ਜਾਖੜ
NEXT STORY