ਪਟਿਆਲਾ (ਬਲਜਿੰਦਰ, ਰਾਣਾ, ਬਿਕਰਮਜੀਤ)—ਇੰਡਸਟਰੀ ਪੱਖੋਂ ਸ਼ੁਰੂ ਤੋਂ ਪਛੜੇ ਰਹੇ ਪਟਿਆਲਾ ਸ਼ਹਿਰ ਦੇ ਫੋਕਲ ਪੁਆÎਇੰਟ ਵਿਚੋਂ ਪਿਛਲੇ 7 ਸਾਲਾਂ ਦੌਰਾਨ 2 ਦਰਜਨ ਤੋਂ ਵੱਧ ਫੈਕਟਰੀਆਂ ਬੰਦ ਹੋ ਗਈਆਂ ਹਨ ਜਾਂ ਇਥੋਂ ਸ਼ਿਫਟ ਹੋ ਗਈਆਂ ਹਨ। ਅਹਿਮ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਵੱਡੇ ਯੂਨਿਟ ਸਨ। ਢਾਈ ਸਾਲ ਪਹਿਲਾਂ ਜਦੋਂ ਮੁੜ ਪਟਿਆਲਾ ਦਾ ਮੁੱਖ ਮੰਤਰੀ ਬਣਿਆ ਤਾਂ ਆਸ ਬੱਝੀ ਸੀ ਕਿ ਸ਼ਾਇਦ ਪਟਿਆਲਾ ਦੇ ਫੋਕਲ ਪੁਆਇੰਟ ਦੇ ਹਾਲਾਤ ਸੁਧਰਨਗੇ ਪਰ ਸੜਕਾਂ 'ਤੇ ਟਾਇਲਾਂ ਲੱਗਣ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਿਆ। ਸਹੂਲਤਾਂ ਲਈ ਅੱਜ ਵੀ ਪਟਿਆਲਾ ਫੋਕਲ ਪੁਆਇੰਟ ਦੇ ਉਦਯੋਗਪਤੀ ਤ੍ਰਾਹ-ਤ੍ਰਾਹ ਕਰ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਭ ਤੋਂ ਵੱਧ ਟੈਕਸ ਫੋਕਲ ਪੁਆਇੰਟ ਵਿਚੋਂ ਹੀ ਆਉਂਦਾ ਹੈ। ਇਥੇ ਸਹੂਲਤਾਂ ਦੇ ਨਾਂ 'ਤੇ ਕੁਝ ਵੀ ਨਹੀਂ ਹੈ। ਇਕ ਤਾਂ ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਪੋਰਟ ਕਾਰਪੋਰੇਸ਼ਨ ਚੰਡੀਗੜ੍ਹ ਨੇ ਜਦੋਂ ਫੋਕਲ ਪੁਆਇੰਟ ਬਣਾਇਆ ਸੀ, ਉਦੋਂ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਹੁਣ ਨਗਰ ਨਿਗਮ ਵੱਲੋਂ ਵੀ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਪਟਿਆਲਾ ਦਾ ਫੋਕਲ ਪੁਆਇੰਟ ਪੂਰੀ ਤਰ੍ਹਾਂ ਵਿਕਸਿਤ ਹੋਣ ਤੋਂ ਪਹਿਲਾਂ ਹੀ ਮੰਦੀ ਹਾਲਤ ਵਿਚ ਪਹੁੰਚ ਗਿਆ ਹੈ।
ਕਦੋਂ ਬਣਿਆ ਫੋਕਲ ਪੁਆਇੰਟ?
ਪਟਿਆਲਾ ਵਿਚ ਇੰਡਸਟਰੀ ਨੂੰ ਵਿਕਸਿਤ ਕਰਨ ਅਤੇ ਸ਼ਹਿਰ ਵਿਚੋਂ ਫੈਕਟਰੀਆਂ ਨੂੰ ਬਾਹਰ ਕੱਢਣ ਲਈ ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਚੰਡੀਗੜ੍ਹ ਵੱਲੋਂ 1995 ਵਿਚ ਫੋਕਲ ਪੁਆਇੰਟ ਬਣਾਇਆ ਗਿਆ। ਇੰਡਸਟਰੀ ਸਹੀ ਤਰੀਕੇ ਨਾਲ ਵਧੇ-ਫੁਲੇ, ਇਸ ਲਈ 325 ਏਕੜ ਵਿਚ 625 ਛੋਟੇ ਅਤੇ ਵੱਡੇ ਪਲਾਟ ਕੱਟੇ ਗਏ। ਸ਼ੁਰੂ ਵਿਚ ਵੱਡੇ ਵਾਅਦੇ ਕਰ ਕੇ ਉਦਯੋਗਪਤੀਆਂ ਨੂੰ ਪਲਾਟ ਦਿੱਤੇ ਗਏ। ਜੋ ਵਾਅਦੇ ਕੀਤੇ ਗਏ, ਉਹ ਪੂਰੇ ਨਹੀਂ ਕੀਤੇ ਗਏ। ਇਸ ਕਾਰਨ 2000 ਤੱਕ ਤਾਂ ਇਥੇ ਹਾਲਾਤ ਆਮ ਹੀ ਰਹੇ। ਸਾਲ 2008 ਹੁੰਦਿਆਂ ਤੱਕ ਇਥੇ ਇੰਡਸਟਰੀ ਲੱਗਣ ਲੱਗੀ ਅਤੇ ਜ਼ਿਆਦਾ ਵਿਕਾਸ 2011 ਤੱਕ ਹੀ ਹੋ ਸਕਿਆ। 24 ਸਾਲ ਦਾ ਸਫਰ ਤਹਿ ਕਰਨ ਤੱਕ ਅੱਜ ਫੋਕਲ ਪੁਆਇੰਟ ਵਿਚ 70 ਫੀਸਦੀ ਇੰਡਸਟਰੀ ਹੀ ਲੱਗ ਸਕੀ। ਕੁੱਲ 625 ਪਲਾਟਾਂ ਵਿਚੋਂ ਅੱਜ 450 ਇੰਡਸਟਰੀਆਂ ਹੀ ਲੱਗੀਆਂ ਹਨ।
ਕਿਉਂ ਹੋਈ ਵਿਕਸਿਤ ਨਹੀਂ ਇੰਡਸਟਰੀ
ਪਟਿਆਲਾ ਇੰਡਸਟਰੀ ਵਧੀਆਂ ਮਾਹੌਲ ਹੋਣ ਦੇ ਬਾਵਜੂਦ ਵੀ ਵਿਕਸਿਤ ਨਹੀਂ ਹੋ ਸਕੀ। ਇਸ ਿਪੱਛੇ ਕਈ ਵੱਡੇ ਕਾਰਨ ਹਨ। ਸਭ ਤੋਂ ਪਹਿਲਾਂ ਪਟਿਆਲਾ ਕੁਨੈਕਟੀਵਿਟੀ ਕਿਸੇ ਵੀ ਪੱਖੋਂ ਇੰਡਸਟਰੀ ਦੇ ਅਨੁਕੂਲ ਨਹੀਂ ਹੈ। ਨਾ ਪਟਿਆਲਾ ਜੀ. ਟੀ. ਰੋਡ 'ਤੇ ਸਥਿਤ ਹੈ। ਨਾ ਰੇਲਵੇ ਜੰਕਸ਼ਨ ਨਾਲ ਜੁੜਿਆ ਹੈ ਅਤੇ ਨਾ ਹੀ ਕੋਈ ਇਥੇ ਪੋਰਟ ਹੈ। ਇਸ ਤੋਂ ਬਾਅਦ ਜਦੋਂ ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਪੋਰਟ ਕਾਰਪੋਰੇਸ਼ਨ ਚੰਡੀਗੜ੍ਹ ਨੇ ਫੋਕਲ ਪੁਆਇੰਟ ਬਣਾਇਆ ਤਾਂ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਵਿਚ ਅੱਜ ਤੱਕ ਵੀ ਫੋਕਲ ਪੁਆਇੰਟ ਵਿਚ ਈ. ਐੱਸ. ਆਈ. ਡਿਸਪੈਂਸਰੀ ਨਹੀਂ ਬਣੀ ਅਤੇ ਨਾ ਹੀ ਹੁਣ ਤੱਕ ਫਾਇਰ ਸਟੇਸ਼ਨ ਬਣ ਸਕਿਆ। ਪਿਛਲੇ ਤਿੰਨ ਸਾਲਾਂ ਵਿਚ 6 ਵੱਡੀਆ ਫੈਕਟਰੀ ਅੱਗ ਦੀ ਭੇਟ ਚੜ੍ਹ ਚੁੱਕੀਆਂ ਹਨ। ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਫਾਇਰ ਸਟੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਵੱਡੇ ਨੁਕਸਾਨ ਤੋਂ ਬਾਅਦ ਹੁਣ ਜਾ ਕੇ ਫਾਇਰ ਟੈਂਡਰ ਖੜ੍ਹਾ ਹੋਣਾ ਸ਼ੁਰੂ ਹੋਇਆ। ਅਜੇ ਉਸ ਦੇ ਖੜ੍ਹੇ ਹੋਣ ਲਈ ਸਹੀ ਥਾਂ ਦਾ ਇੰਤਜ਼ਾਮ ਤੱਕ ਨਹੀਂ ਹੈ। ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਪੋਰਟ ਕਾਰਪੋਰੇਸ਼ਨ ਨੇ ਕਾਮਨ ਐਸੂਲੈਂਟ ਟਰੀਟਮੈਂਟ ਪਲਾਂਟ ਲਾਉਣਾ ਸੀ। ਉਹ ਅੱਜ ਤੱਕ ਨਹੀਂ ਲੱਗਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰੇਕ ਯੂਨਿਟ ਨੂੰ ਵੱਖਰਾ ਪਲਾਂਟ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਦਯੋਗਪਤੀਆਂ ਲਈ ਵੱਖਰਾ ਪਲਾਂਟ ਲਾਉਣਾ ਕਾਫੀ ਮਹਿੰਗਾ ਅਤੇ ਮੁਸ਼ਕਲ ਹੈ।
ਵੱਡੇ ਯੂÎਨਿਟਾਂ ਫੋਕਲ ਪੁਆਇੰਟ ਤੋਂ ਮੁੰਹ ਫੇਰਿਆ
ਵੱਡੇ ਯੂਨਿਟਾਂ ਨੇ ਸ਼ੁਰੂ ਵਿਚ ਪਟਿਆਲਾ ਫੋਕਲ ਪੁਆਇੰਟ ਵਿਚ ਆਉਣ ਦਾ ਮਨ ਬਣਾਇਆ ਸੀ ਪਰ ਬਾਅਦ ਵਿਚ ਮੂੰਹ ਫੇਰ ਲਿਆ। 'ਮੁਕਤ ਫਾਈਬਰ' ਅਤੇ 'ਕਾਲੜਾ ਫਰੋਜਿਨ' ਆਦਿ ਕਈ ਵੱਡੇ ਯੂਨਿਟ ਆਏ ਵੀ ਸਨ ਪਰ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੇ। ਪਟਿਆਲਾ ਫੋਕਲ ਪੁਆਇੰਟ ਵਿਚ ਕਟਿੰਗ ਟੂਲ ਇੰਡਸਟਰੀ ਸਭ ਤੋਂ ਵੱਡੀ ਹੈ ਅਤੇ ਪੂਰੇ ਏਸ਼ੀਆ ਵਿਚ ਪਟਿਆਲਾ ਦਾ ਨਾਂ ਹੈ। ਇਸ ਸਮੇਂ ਇਹ ਵੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਪਾਲੀਥੀਨ ਬੈਨ ਹੋਣ ਕਾਰਣ ਕਈ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ। ਫੋਕਲ ਪੁਆਇੰਟ ਬਣਨ ਤੋਂ ਬਾਅਦ ਨਾਮੀ ਫਰਮਾਂ ਵੱਲੋਂ ਇਸ ਪਾਸੇ ਵੱਲ ਮੂੰਹ ਨਹੀਂ ਕੀਤਾ ਗਿਆ।
ਮੁੱਢਲੀਆਂ ਸਹੂਲਤਾਂ ਨੂੰ ਤਰਸਿਆ ਫੋਕਲ ਪੁਆਇੰਟ
ਮੁੱਖ ਮੰਤਰੀ ਦੇ ਸ਼ਹਿਰ ਦਾ ਫੋਕਲ ਪੁਆਇੰਟ ਮੁਢਲੀਆਂ ਸਹੂਲਤਾਂ ਲਈ ਵੀ ਤਰਸ ਗਿਆ ਹੈ। ਹਾਲਾਤ ਇਹ ਹਨ ਕਿ ਫੋਕਲ ਪੁਆਇੰਟ ਵਿਚ ਇਕ ਦਰਜਨ ਪਾਰਕ ਹਨ ਪਰ ਉਨ੍ਹਾਂ ਵਿਚੋਂ 2 ਨੂੰ ਛੱਡ ਕੇ ਬਾਕੀਆਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਦੱਸਣਾ ਪੈਂਦਾ ਹੈ ਕਿ ਇਥੇ ਪਾਰਕ ਹੈ। ਸਟਰੀਟ ਲਾਈਟ ਦੀ ਰਿਪੇਅਰ ਸਹੀ ਤਰੀਕੇ ਨਾਲ ਨਹੀਂ ਹੋ ਰਹੀ। ਪਾਣੀ ਦੀ ਕਿੱਲਤ ਦਾ ਉਥੋਂ ਦੇ ਲੋਕਾਂ ਨੂੰ ਲਗਤਾਰ ਸਾਹਮਣਾ ਕਰਨਾ ਪੈਂਦਾ ਹੈ।
ਕੀ ਕਹਿੰਦੇ ਹਨ ਫੋਕਲ ਪੁਆਇੰਟ ਇੰਡਸਟਰੀ ਐਸੋ. ਪ੍ਰਧਾਨ
ਇਸ ਸਬੰਧੀ ਜਦੋਂ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇੰਡਸਟਰੀ ਦੀ ਗਰੋਥ ਲਈ ਜਿਹੜੇ ਇਨਫਰਾਸਟਰੱਕਚਰ ਦੀ ਲੋੜ ਹੈ, ਉਹ ਅੱਜ ਵੀ Îਇਥੇ ਨਹੀਂ ਹੈ। ਸਰਕਾਰ ਵੱਲੋਂ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਅੱਜ ਤੱਕ ਬਿਜਲੀ ਸਸਤੀ ਨਹੀਂ ਕੀਤੀ ਗਈ। ਲੋੜ ਹੈ ਕਿ ਚੱਲ ਰਹੀ ਇੰਡਸਟਰੀ ਨੂੰ ਸਹੂਲਤਾਂ ਦੇ ਕੇ ਸੰਭਾਲਿਆ ਜਾਵੇ ਤਾਂ ਜੋ ਇਹ ਯੂਨਿਟ ਆਪਣੀ ਸਮਰੱਥਾ ਮੁਤਾਬਕ ਕੰਮ ਕਰ ਕੇ ਪੰਜਾਬ ਦੀ ਆਰਥਕਤਾ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਣ।
ਮਗਨਰੇਗਾ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ 8ਵੇਂ ਦਿਨ ਵੀ ਜਾਰੀ
NEXT STORY