ਮੰਡੀ ਗੋਬਿੰਦਗੜ੍ਹ (ਮੱਗੋ)—ਗੁਆਂਢੀ ਦੇਸ਼ ਪਾਕਿਸਤਾਨ ਦੀ ਧਰਤੀ 'ਤੇ ਵੱਖਵਾਦੀਆਂ ਤੇ ਖਾਲਿਸਤਾਨੀ ਸਮਰਥਕਾਂ ਦੀ ਖੁੱਲ੍ਹ ਕੇ ਮਦਦ ਕਰਨ ਵਾਲੇ ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ ਜਿਨ੍ਹਾਂ 'ਤੇ ਪਹਿਲਾਂ ਵੀ ਭਾਰਤ ਵਿਰੋਧੀ ਸਾਜ਼ਿਸ਼ ਰਚਣ ਦੇ ਦੋਸ਼ ਲੱਗ ਰਹੇ ਹਨ, ਨੇ ਪਾਕਿਸਤਾਨੀ ਸਰਕਾਰ ਨੂੰ ਖੁਸ਼ ਕਰਨ ਲਈ ਇਕ ਵਾਰ ਮੁੜ ਤੋਂ ਕਸ਼ਮੀਰ 'ਚ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ 44 ਫੌਜੀਆਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਦੋਸ਼ੀ ਠਹਿਰਾਇਆ ਹੈ। ਗੋਪਾਲ ਸਿੰਘ ਚਾਵਲਾ ਵਲੋਂ ਜਾਰੀ ਕੀਤੇ ਗਏ ਇਕ ਵੀਡੀਓ ਤੇ ਪਾਕਿਸਤਾਨੀ ਮੀਡੀਆ 'ਚ ਛਾਪੇ ਹੋਏ ਉਨ੍ਹਾਂ ਦੇ ਬਿਆਨ ਅਨੁਸਾਰ ਇਹ ਸਭ ਮੋਦੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਭਾਰਤੀ ਵੋਟਰਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੋਦੀ ਕਈ ਵਾਰ ਭਾਰਤੀ ਮੀਡੀਆ ਦਾ ਧਿਆਨ ਖਿੱਚਣ ਤੇ ਭਾਰਤੀ ਜਨਤਾ 'ਚ ਆਪਣਾ ਵੋਟ ਬੈਂਕ ਬਣਾਏ ਰੱਖਣ ਲਈ ਰਾਅ ਦੀ ਮਦਦ ਨਾਲ ਇਸ ਤਰ੍ਹਾਂ ਦੀ ਸਾਜ਼ਿਸ਼ ਰਚਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤ 'ਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਪਾਕਿਸਤਾਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਜਦੋਂਕਿ ਪਾਕਿਸਤਾਨ ਇਸ ਤਰ੍ਹਾਂ ਦੇ ਕਿਸੇ ਵੀ ਘਟਨਾਕ੍ਰਮ 'ਚ ਸ਼ਾਮਲ ਨਹੀਂ ਹੈ। ਉਨ੍ਹਾਂ ਆਪਣੇ ਬਿਆਨ 'ਚ ਕਿਹਾ ਕਿ ਭਾਰਤੀ ਜਨਤਾ ਨੂੰ ਚਾਹੀਦਾ ਹੈ ਕਿ ਉਹ ਹਰੇਕ ਘਟਨਾ 'ਚ ਪਾਕਿਸਤਾਨ ਦਾ ਨਾਂ ਲੈਣ ਦੀ ਥਾਂ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਚੱਲਦਾ ਕਰਨ ਤਾਂ ਕਿ ਦੋਵੇਂ ਦੇਸ਼ਾਂ 'ਚ ਸ਼ਾਂਤੀ ਬਹਾਲ ਹੋ ਸਕੇ।
ਉਮਰਾਨੰਗਲ ਦੀ ਗ੍ਰਿਫਤਾਰੀ ਕਾਫੀ ਨਹੀਂ, ਬਾਦਲਾਂ ਖਿਲਾਫ ਵੀ ਹੋਵੇ ਕਾਰਵਾਈ : ਰੰਧਾਵਾ
NEXT STORY