ਗੁਰੂਸਰ ਸੁਧਾਰ (ਰਵਿੰਦਰ)-ਥਾਣਾ ਸੁਧਾਰ ਅਧੀਨ ਪੈਂਦੇ ਪਿੰਡ ਰੱਤੋਵਾਲ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਇੱਕ ਦਲਿਤ ਨੌਜਵਾਨ ਅਵਤਾਰ ਸਿੰਘ (24) ਪੁੱਤਰ ਪ੍ਰਕਾਸ਼ ਸਿੰਘ ਦੀ ਲਾਸ਼ ਸਵੇਰ ਸਾਰ ਸੁਰਿੰਦਰ ਕੌਰ ਪੰਚ ਦੇ ਨਜ਼ਰੀਂ ਪੈ ਗਈ । ਇਸ ਉਪਰੰਤ ਉਕਤ ਸੂਚਨਾ ਪਿੰਡ ਦੇ ਪਤਵੰਤਿਆਂ ਵੱਲੋਂ ਥਾਣਾ ਸੁਧਾਰ ਦੀ ਪੁਲਸ ਨੂੰ ਦਿੱਤੀ ਗਈ।
ਐੱਸ. ਪੀ. (ਡੀ) ਲੁਧਿਆਣਾ ਦਿਹਾਤੀ ਰਾਜਵੀਰ ਸਿੰਘ, ਡੀ. ਐੱਸ. ਪੀ. ਦਾਖਾ ਗੁਰਬੰਸ ਸਿੰਘ ਬੈਂਸ, ਡੀ. ਐੱਸ. ਪੀ. (ਡੀ) ਦਿਲਬਾਗ ਸਿੰਘ ਬਾਠ, ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਘਟਨਾ ਸਥਾਨ 'ਤੇ ਪੁੱਜੇ ਅਤੇ ਮੌਕੇ ਦਾ ਜਾਇਜ਼ਾ ਲਿਆ ਅਤੇ ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਵੀ ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਖਬਰ ਲਿਖੇ ਜਾਣ ਤਕ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰਕਾਸ਼ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਸੀ ਅਤੇ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਸੀ। ਇਸ ਸਬੰਧੀ ਸੰਪਰਕ ਕਰਨ 'ਤੇ ਥਾਣਾ ਸੁਧਾਰ ਦੇ ਮੁਖੀ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ ਅਤੇ ਪੁਲਸ ਉਸ ਅਨੁਸਾਰ ਕਾਰਵਾਈ ਕਰੇਗੀ।
ਖੁਦ ਨੂੰ ਅੱਗ ਲਾਉਣ ਵਾਲੇ ਨੌਜਵਾਨ ਦੀ ਮੌਤ
NEXT STORY