ਮੋਗਾ, (ਗੋਪੀ)- ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੰਜਾਬ ਸਰਕਾਰ ਖਿਲਾਫ ਅੱਜ ਮੋਗਾ ਡਿਪੂ ਦੇ ਗੇਟ ਮੂਹਰੇ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦੇਸ਼ ਕੈਸ਼ੀਅਰ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਨਬੱਸ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਸਰਕਾਰ ਵੱਲੋਂ ਆਪਣੇ ਰੋਜ਼ਗਾਰ ਨੂੰ ਪੱਕਾ ਕਰਵਾਉਣ ਲਈ ਸੰਘਰਸ਼ ਕਰ ਰਹੇ ਪੰਜ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣਾ ਅਤੇ ਸਿਹਤ ਵਿਭਾਗ ਦੇ ਹਸਪਤਾਲਾਂ ਨੂੰ ਠੇਕੇ ’ਤੇ ਦੇਣਾ ਪੰਜਾਬ ਰੋਡਵੇਜ਼ ’ਚ ਬੱਸਾਂ ਨਾ ਪਾਉਣਾ ਅਤੇ ਸਾਰੇ ਵਿਭਾਗਾਂ ਦਾ ਨਿੱਜੀਕਰਨ ਨਾਲ ਸਰਕਾਰ ਦੇ ਚੋਣਾਂ ਵਿਚ ਕੀਤੇ ਵਾਅਦਿਆਂ ਦੀ ਪੋਲ ਖੋਲ੍ਹ ਰਿਹਾ ਹੈ ਅਤੇ ਕੈਪਟਨ ਸਰਕਾਰ ਰੋਜ਼ਗਾਰ ਦੇਣ ਦੀ ਜਗ੍ਹਾ ’ਤੇ ਰੋਜ਼ਗਾਰ ਖੋਹਣ ’ਤੇ ਲੱਗੀ ਹੋਈ ਹੈ, ਜਿਸ ਦੇ ਰੋਸ ਵਜੋਂ ਪੂਰੇ ਪੰਜਾਬ ਦੇ 18 ਡਿਪੂਆਂ ਮੂਹਰੇ ਗੇਟ ਰੈਲੀਆਂ ਅਤੇ ਪ੍ਰਦਰਸ਼ਨ ਕਰ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਜੇਕਰ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ 24 ਜਨਵਰੀ ਨੂੰ ਪੰਜਾਬ ਸਰਕਾਰ ਦਾ ਪੁਤਲਾ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਦੇ ਬੱਸ ਅੱਡੇ ’ਤੇ ਫੂਕਿਆ ਜਾਵੇਗਾ ਅਤੇ 30 ਜਨਵਰੀ ਨੂੰ ਗੇਟ ਰੈਲੀਆਂ ਕਰ ਕੇ 4, 5 ਅਤੇ 6 ਫਰਵਰੀ ਨੂੰ ਤਿੰਨ ਦਿਨ ਦੀ ਮੁਕੰਮਲ ਹਡ਼ਤਾਲ ਕਰ ਕੇ ਪਨਬੱਸ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਤਰ੍ਹਾਂ 4 ਫਰਵਰੀ ਨੂੰ ਪਹਿਲੇ ਦਿਨ ਪੰਜਾਬ ਦੇ ਸਾਰੇ ਬੱਸ ਸਟੈਂਡਾਂ ’ਤੇ ਧਰਨੇ ਦਿੱਤੇ ਜਾਣਗੇ। 5 ਫਰਵਰੀ ਨੂੰ ਪੰਜਾਬ ਭਰ ਦੇ ਪਨਬੱਸ ਮੁਲਾਜ਼ਮ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਪਟਿਆਲਾ, ਮੁਹਾਲੀ, ਦੀਨਾਨਗਰ ਵਿਚ ਕਿਸੇ ਵੀ ਇਕ ਜਗ੍ਹਾ ’ਤੇ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਕਨਵੀਨਰ ਸੁਖਵਿੰਦਰ ਸਿੰਘ, ਪ੍ਰਧਾਨ ਲਖਵੀਰ ਸਿੰਘ, ਚੇਅਰਮੈਨ ਸੂਬਾ ਸਿੰਘ, ਸਕੱਤਰ ਗੁਰਪ੍ਰੀਤ ਸਿੰਘ, ਕੈਸ਼ੀਅਰ ਰਾਜਾ ਰਾਮ, ਬਚਿੱਤਰ ਸਿੰਘ, ਸੁਖਪਾਲ ਸਿੰਘ, ਚਰਨਜੀਤ ਸਿੰਘ, ਆਗਿਆਪਾਲ ਸਿੰਘ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਹਨ ਮੁੱਖ ਮੰਗਾਂ
* ਪਨਬੱਸ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਰੋਡਵੇਜ਼ ਵਿਚ ਪੱਕਾ ਕੀਤਾ ਜਾਵੇ।
* ਬਰਾਬਰ ਕੰਮ, ਬਰਾਬਰ ਤਨਖਾਹ ਲਾਗੂ ਕੀਤੀ ਜਾਵੇ।
* ਰਿਪੋਰਟਾਂ ਦੀ ਕੰਡੀਸ਼ਨ ਰੱਦ ਕੀਤੀ ਜਾਵੇ।
* ਕਰਜ਼ਾ ਮੁਕਤ ਪਨਬੱਸਾਂ ਨੂੰ ਸਟਾਫ ਸਮੇਤ ਰੋਡਵੇਜ਼ ਵਿਚ ਸ਼ਾਮਲ ਕੀਤਾ ਜਾਵੇ।
* ਪਨਬੱਸ ਮੁਲਾਜ਼ਮ ਦੀ ਮੌਤ ’ਤੇ 10 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।
* ਪਨਬੱਸ ਵਿਚ ਕਿਲੋ ਮੀਟਰ ਬੱਸਾਂ ਨਾ ਪਾਈਆਂ ਜਾਣ।
* ਹਡ਼ਤਾਲ ਦੌਰਾਨ ਕੀਤੀ ਜਾਂਦੀ ਕਟੌਤੀ ਬੰਦ ਕੀਤੀ ਜਾਵੇ।
* ਰੋਡਵੇਜ਼ ਵਲੇ ਸਾਰੇ ਨਿਯਮ ਪਨਬੱਸ ਮੁਲਾਜ਼ਮਾਂ ’ਤੇ ਲਾਗੂ ਕੀਤੇ ਜਾਣ।
ਚੂਰਾ-ਪੋਸਤ ਸਮੇਤ 1 ਗ੍ਰਿਫਤਾਰ
NEXT STORY