ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਇਕ ਪਾਸੇ ਸਰਕਾਰ ਸਵੱਛ ਭਾਰਤ ਮੁਹਿੰਮ ਚਲਾ ਰਹੀ ਹੈ ਤਾਂ ਕਿ ਆਲਾ-ਦੁਆਲਾ ਸਾਫ਼ ਸੁਥਰਾ ਰਹੇ ਪਰ ਦੂਜੇ ਪਾਸੇ ਕਈ ਅਜਿਹੇ ਪਿੰਡ ਹਨ, ਜਿਥੇ ਫਿਰਨੀਆ ਵਾਲੀਆਂ ਸੜਕਾਂ 'ਤੇ ਸੀਵਰੇਜ ਦਾ ਗੰਦਾ ਪਾਣੀ ਖੜਾ ਹੀ ਰਹਿੰਦਾ ਹੈ। ਇੱਥੋ ਦੀ ਲੰਘਣ ਟੱਪਣ ਵਾਲੇ ਲੋਕ ਇਸ ਗੰਦੇ ਪਾਣੀ ਕਾਰਨ ਬੇਹੱਦ ਪ੍ਰੇਸ਼ਾਨ ਹੋ ਰਹੇ ਹਨ। ਇਸ ਦੇ ਬਾਵਜੂਦ ਨਾ ਤਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਕੁਝ ਕਰਦੀਆਂ ਹਨ ਤੇ ਨਾ ਹੀ ਸਬੰਧਿਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਇਸ ਪਾਸੇ ਧਿਆਨ ਦੇ ਰਹੇ ਹਨ। ਇਹ ਇਕ ਗੰਭੀਰ ਸਮੱਸਿਆ ਹੈ, ਜਿਸ 'ਤੇ ਪੰਜਾਬ ਸਰਕਾਰ ਨੂੰ ਤੁੰਰਤ ਧਿਆਨ ਦੇਣ ਦੀ ਲੋੜ ਹੈ।
ਘਰਾਂ ਦਾ ਪਾਣੀ ਆਇਆ ਸੜਕ 'ਤੇ, ਲੋਕ ਹੋ ਰਹੇ ਹਨ ਪ੍ਰੇਸ਼ਾਨ
ਪਿੰਡ ਭਾਗਸਰ ਦੀ ਫਿਰਨੀ ਵਾਲੀ ਸੜਕ ਜੋ ਨਹਿਰ ਵਾਲਾ ਗੁਰਦੁਆਰਾ ਸਾਹਿਬ ਵਾਲੇ ਪਾਸੇ ਦੀ ਜਾਂਦੀ ਹੈ ਅਤੇ 18 ਫੁੱਟ ਚੌੜੀ ਡੇਢ ਕੁ ਸਾਲ ਪਹਿਲਾਂ ਹੀ ਬਣਾਈ ਗਈ ਸੀ, ਟੁੱਟ ਗਈ ਹੈ। ਕਿਉਂਕਿ ਘਰਾਂ ਦਾ ਗੰਦਾ ਪਾਣੀ ਸੜਕ 'ਤੇ ਆ ਕੇ ਖੜ ਜਾਂਦਾ ਹੈ, ਜਿਸ ਕਾਰਨ ਇਹ ਸੜਕ ਬੁਰੀ ਤਰ੍ਹਾਂ ਖਰਾਬ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡ ਦੀਆਂ ਤੇਲੀਆ ਵਾਲੀ ਬਸਤੀ ਦੀਆਂ ਗਲੀਆ ਦਾ ਪਾਣੀ ਨਾਲੀਆਂ ਰਾਹੀ ਉਵਰਫਲੋ ਹੋ ਕੇ ਸੜਕ ਦੇ ਵਿਚਕਾਰ ਆ ਕੇ ਖੜ ਜਾਂਦਾ ਹੈ, ਜਿਸ ਕਾਰਨ ਸੜਕ ਤੋਂ ਲੰਘਣ ਟੱਪਣ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਅਤੇ ਦੁਖੀ ਹੋ ਰਹੇ ਹਨ।
ਪਿੰਡ ਰਹੂੜਿਆਂਵਾਲੀ ਵਿਖੇ ਵੀ ਸੜਕ 'ਤੇ ਖੜਾ ਰਹਿੰਦਾ ਹੈ ਗੰਦਾ ਪਾਣੀ
ਪਿੰਡ ਰਹੂੜਿਆਂਵਾਲੀ ਵਿਖੇ ਪਿੰਡ ਦੇ ਵਿਚਕਾਰਲੀ ਸੜਕ ਜੋ ਭਾਗਸਰ ਵਾਲੇ ਪਾਸੇ ਨੂੰ ਜਾਂਦੀ ਹੈ, ਉਹ ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ। ਜਿਸ ਦਾ ਕੱਚੇ ਰਾਹ ਨਾਲੋਂ ਵੀ ਭੈੜਾ ਹਾਲ ਹੋ ਗਿਆ ਹੈ। ਸੜਕ ਦੇ ਇਕ ਮੋੜ 'ਤੇ ਹਮੇਸ਼ਾ ਗੰਦਾ ਪਾਣੀ ਖੜਾ ਰਹਿੰਦਾ ਹੈ। ਕਈ ਥਾਵਾਂ 'ਤੇ ਟੋਏ ਪੈ ਚੁੱਕੇ ਹਨ। ਪਿੰਡ ਵਾਸੀਆਂ ਨੇ ਕਈ ਵਾਰ ਸਬੰਧਿਤ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਬਾਰੇ ਜਾਣੂ ਕਰਵਾਇਆ ਪਰ ਫੇਰ ਵੀ ਇਹ ਮਾਮਲਾ ਉਥੇ ਦਾ ਉਥੇ ਹੀ ਖੜਾ ਹੈ ।
ਡਾ. ਬੀ. ਆਰ. ਅੰਬੇਦਕਰ ਮਾਰਗ ਦੇ ਲੋਕ ਵੀ ਹਨ ਗੰਦੇ ਪਾਣੀ ਤੋਂ ਪ੍ਰੇਸ਼ਾਨ
ਡਾ. ਬੀ. ਆਰ. ਅੰਬੇਦਕਰ ਮਾਰਗ ਜੋ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਸਥਿਤ ਸ਼ਮਸ਼ਾਨਘਾਟ ਦੇ ਨੇੜੇ ਹੈ, ਦੇ ਵਾਸੀ ਵੀ ਸੜਕ 'ਤੇ ਖੜੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹਨ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਅਧੂਰੀ ਪਈ ਹੈ, ਜਿਸ ਕਰਕੇ ਸੀਵਰੇਜ ਸਿਸਟਮ ਫੇਲ ਹੋਇਆ ਪਿਆ ਹੈ ਤੇ ਘਰਾਂ ਦਾ ਪਾਣੀ ਅਤੇ ਸੀਵਰੇਜ ਦਾ ਪਾਣੀ ਸੜਕ 'ਤੇ ਖੜ ਜਾਂਦਾ ਹੈ, ਜੋ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ। ਮੁਹੱਲਾ ਵਾਸੀ ਨਰਿੰਦਰ ਕੁਮਾਰ, ਪਵਨ ਕੁਮਾਰ, ਸੁਭਾਸ਼ ਚੰਦਰ, ਤਜਿੰਦਰ ਕੁਮਾਰ, ਜਗਦੇਵ ਅਲਾਰਮ ਅਤੇ ਉਮ ਪ੍ਰਕਾਸ਼ ਖਿੱਚੀ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ 'ਤੇ ਖੜੇ ਗੰਦੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ।
ਪਿੰਡ ਖੁੰਡੇ ਹਲਾਲ ਦੇ ਲੋਕ ਵੀ ਹਨ ਪ੍ਰੇਸ਼ਾਨ
ਪਿੰਡ ਖੁੰਡੇ ਹਲਾਲ ਵਿਖੇ ਜੋ ਪਿੰਡ ਖੁੰਨਣ ਕਲਾਂ ਨੂੰ ਜਾਂਦੀ ਹੈ, ਉਸ ਸੜਕ 'ਤੇ ਵੀ ਨਾਲੀਆਂ ਦਾ ਗੰਦਾ ਪਾਣੀ ਭਰਿਆ ਰਹਿੰਦਾ ਹੈ। ਪਿੰਡ ਵਾਸੀ ਡਾ. ਗੁਰਸੇਵਕ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਡਾ. ਮੰਦਰ ਸਿੰਘ ਅਤੇ ਜਗਦੇਵ ਸਿੰਘ ਮੈਂਬਰ ਨੇ ਜ਼ਿਲਾ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਵੇ ਇਸ ਗੰਦੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਜਾਵੇ ਅਤੇ ਸੜਕ ਨੂੰ ਦੁਬਾਰਾ ਬਣਾ ਕੇ ਨਵੀਆਂ ਨਾਲੀਆਂ ਬਣਾਈਆ ਜਾਣ।
ਗੰਦੇ ਪਾਣੀ ਕਾਰਨ ਲੱਗ ਸਕਦੀਆਂ ਹਨ ਬਿਮਾਰੀਆਂ
ਹਰ ਵੇਲੇ ਸੜਕਾਂ 'ਚ ਪਏ ਟੋਇਆ 'ਚ ਖੜੇ ਰਹਿੰਦੇ ਗੰਦੇ ਪਾਣੀ ਕਾਰਨ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆ ਹੋਇਆ ਹੈ, ਕਿਉਂਕਿ ਅਜਿਹੇ ਗੰਦੇ ਪਾਣੀ ਤੋਂ ਕਈ ਤਰ੍ਹਾਂ ਦੇ ਮੱਛਰ ਆਦਿ ਪੈਦਾ ਹੁੰਦੇ ਹਨ।
ਪ੍ਰਸ਼ਾਸਨ ਆਵੇ ਹਰਕਤ 'ਚ
ਸੜਕਾਂ 'ਤੇ ਖੜੇ ਗੰਦੇ ਪਾਣੀ ਤੋਂ ਤੰਗ ਪ੍ਰੇਸ਼ਾਨ ਹੋਏ ਲੋਕਾਂ ਨੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਏ ਅਤੇ ਇਸ ਗੰਦੇ ਪਾਣੀ ਦਾ ਕੋਈ ਨਾ ਕੋਈ ਪ੍ਰਬੰਧ ਜ਼ਰੂਰ ਕਰਨ।
ਪਿੰਡ ਚੱਕ ਕਾਲਾ ਸਿੰਘ ਵਾਲਾ ਦੀ ਫਿਰਨੀ ਤੇ ਰੂੜੀਆਂ ਦੇ ਲੱਗੇ ਢੇਰ
NEXT STORY