ਮਲੌਦ, (ਇਕਬਾਲ)- ਥਾਣਾ ਮਲੌਦ ਅਤੇ ਪੁਲਸ ਚੌਕੀ ਸਿਆਡ਼੍ਹ ਅਧੀਨ ਆਉਂਦੇ ਪਿੰਡ ਕਲਾਹਡ਼ ਵਿਖੇ ਪਿਛਲੇ ਕਈ ਸਾਲਾਂ ਤੋਂ ਹੋ ਰਹੀਆਂ ਚੋਰੀਆਂ ਤੋਂ ਪਿੰਡ ਵਾਸੀ ਕਾਫੀ ਪ੍ਰੇਸ਼ਾਨ ਹਨ। ਪਿੰਡ ਵਿਚ ਹੋ ਰਹੀਆਂ ਚੋਰੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਪਿੰਡ ਕਲਾਹਡ਼ ਦਾ ਦੌਰਾ ਕੀਤਾ। ਇਸ ਮੌਕੇ ’ਤੇ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ, ਐੱਸ. ਐੱਚ. ਓ. ਮਲੌਦ ਸਬ-ਇੰਸਪੈਕਟਰ ਨਛੱਤਰ ਸਿੰਘ ਅਤੇ ਪੁਲਸ ਚੌਕੀ ਸਿਆਡ਼੍ਹ ਦੇ ਇੰਚਾਰਜ ਏ. ਐੱਸ. ਆਈ. ਬਲਦੇਵ ਰਾਜ ਵੀ ਮੌਕੇ ’ਤੇ ਹਾਜ਼ਰ ਸਨ। ਇਸ ਮੌਕੇ ’ਤੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਪਿੰਡ ਵਾਸੀਆਂ ਤੋਂ ਪਿਛਲੇ ਕਈ ਸਾਲਾਂ ਤੋਂ ਹੋ ਰਹੀਆਂ ਚੋਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਿੰਡ ਵਾਸੀਆਂ ਨੇ ਐੱਸ. ਐੱਸ. ਪੀ ਨੂੰ ਦੱਸਿਆ ਕਿ ਰਾਤਾਂ ਨੂੰ ਤੇ ਦਿਨ-ਦਿਹਾਡ਼ੇ ਚੋਰੀਆਂ ਹੋ ਰਹੀਆਂ ਹਨ ਪਰ ਕੋਈ ਵੀ ਕੇਸ ਹੱਲ ਨਹੀਂ ਹੋਇਆ। ਐੱਸ. ਐੱਸ. ਪੀ. ਨੇ ਲੋਕਾਂ ਨੂੰ ਕਿਹਾ ਕਿ ਪਿੰਡ ’ਚ ਆਉਣ ਵਾਲੇ ਰਸਤਿਆਂ ’ਤੇ ਕੈਮਰੇ ਲਾਏ ਜਾਣ ਅਤੇ ਰਾਤ ਨੂੰ ਠੀਕਰੀ ਪਹਿਰੇ ਵੀ ਲਾਏ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣੇ ਘਰੋਂ ਬਾਹਰ ਜਾਂਦਾ ਹੈ ਤਾਂ ਨਾਲ ਵਾਲੇ ਘਰ ਦੇ ਕਿਸੇ ਵਿਅਕਤੀ ਨੂੰ ਦੱਸ ਕੇ ਜਾਣ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਮੁਸ਼ਕਲ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਪੁਲਸ ਨੂੰ ਹਦਾਇਤ ਕੀਤੀ ਕਿ ਇਸ ਪਿੰਡ ਵਿਚ ਪੁਲਸ ਗਸ਼ਤ ਵਧਾਈ ਜਾਵੇ ਅਤੇ ਕਥਿਤ ਚੋਰਾਂ ਨੂੰ ਛੇਤੀ ਕਾਬੂ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ’ਤੇ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਹਰ ਚੋਰੀ ਦੀ ਰਿਪੋਰਟ ਦਰਜ ਕਰ ਕੇ ਜਾਂਚ ਕੀਤੀ ਜਾਵੇ। ਇਸ ਮੌਕੇ ਐੱਸ. ਐੱਚ. ਓ. ਮਲੌਦ ਸਬ-ਇੰਸਪੈਕਟਰ ਨਛੱਤਰ ਸਿੰਘ ਨੇ ਕਿਹਾ ਕਿ ਅਣਪਛਾਤੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਸੈਨੇਟਰੀ ਸਟੋਰ ਨੂੰ ਫਿਰ ਬਣਾਇਆ ਚੋਰਾਂ ਨੇ ਨਿਸ਼ਾਨਾ
NEXT STORY