ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਅਯੁੱਧਿਆ ਮਾਮਲੇ 'ਤੇ ਅੱਜ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ। ਮਾਣਯੋਗ ਸੁਪਰੀਮ ਕੋਰਟ ਨੇ ਵਿਵਾਦਤ ਭੂਮੀ 'ਤੇ ਭਗਵਾਨ ਰਾਮ ਲੱਲਾ ਦੇ ਹੱਕ ਵਿਚ ਫੈਸਲਾ ਦਿੱਤਾ ਹੈ। ਹੁਣ ਵਿਵਾਦਤ ਭੂਮੀ 'ਤੇ ਭਗਵਾਨ ਰਾਮ ਲੱਲਾ ਦਾ ਮਾਲਕਾਨਾ ਹੱਕ ਹੋਵੇਗਾ। ਕੇਂਦਰ ਸਰਕਾਰ ਨੂੰ 3 ਮਹੀਨਿਆਂ ਦੇ ਅੰਦਰ-ਅੰਦਰ ਇਸ ਦਾ ਟਰੱਸਟ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵੱਖ-ਵੱਖ ਵਰਗ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਹੈ ਅਤੇ ਦੇਸ਼ ਵਾਸੀਆਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ।
ਸਾਰੇ ਵਰਗ ਦੇ ਲੋਕਾਂ ਨੂੰ ਕੋਰਟ ਦੇ ਫੈਸਲੇ ਦਾ ਕਰਨਾ ਚਾਹੀਦਾ ਹੈ ਸਨਮਾਨ
ਅਰੋੜਵੰਸ਼ ਸਭਾ ਦੇ ਸੱਕਤਰ ਹਰੀਸ਼ ਸਿੰਧਵਾਨੀ ਨੇ ਕਿਹਾ ਕਿ ਦੇਸ਼ ਦੇ ਸਾਰੇ ਵਰਗ ਦੇ ਲੋਕਾਂ ਨੂੰ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਨਾਲ ਆਪਸੀ ਭਾਈਚਾਰਾ ਵੀ ਮਜਬੂਤ ਹੋਵੇਗਾ ਅਤੇ ਦੇਸ਼ ਵੀ ਆਰਥਿਕ ਤਰੱਕੀ ਵੱਲ ਵਧੇਗਾ।
ਦੇਸ਼ ਵਿਚ ਬਣੇਗਾ ਹੁਣ ਸ਼ਾਂਤੀ ਦਾ ਮਾਹੌਲ
ਅਰੋੜਵੰਸ਼ ਸਭਾ ਦੇ ਮੀਤ ਪ੍ਰਧਾਨ ਭੋਲਾ ਅਰੋੜਾ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਦੇਸ਼ ਵਿਚ ਹੁਣ ਸ਼ਾਂਤੀ ਦਾ ਮਹੌਲ ਬਣੇਗਾ। ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਵਿਚ ਇਸ ਮਸਲੇ ਉੱਤੇ ਦੂਰੀਆਂ ਬਣ ਰਹੀਆਂ ਸਨ ਪਰ ਫੈਸਲੇ ਤੋਂ ਬਾਅਦ ਇਹ ਦੂਰੀਆਂ ਖਤਮ ਹੋ ਜਾਣਗੀਆਂ ਅਤੇ ਆਪਸ ਵਿਚ ਹਰ ਵਰਗ ਦੇ ਲੋਕਾਂ ਦਾ ਆਪਸੀ ਪਿਆਰ ਵਧੇਗਾ। ਸੁਪਰੀਮ ਕੋਰਟ ਨੇ ਇਹ ਇਤਿਹਾਸਕ ਫੈਸਲਾ ਦਿੱਤਾ ਹੈ, ਜੋ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਗਿਆ ਹੈ।
ਇਤਿਹਾਸਕ ਫੈਸਲਾ ਕਰਨ ਲਈ ਸੁਪਰੀਮ ਕੋਰਟ ਹੈ ਵਧਾਈ ਦਾ ਪਾਤਰ
ਸਮਾਜ ਸੇਵੀ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਇਤਿਹਾਸਕ ਫੈਸਲਾ ਕਰਨ ਲਈ ਸੁਪਰੀਮ ਕੋਰਟ ਵਧਾਈ ਦਾ ਪਾਤਰ ਹੈ। ਸਦੀਆਂ ਤੋਂ ਇਹ ਮੁੱਦਾ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਸੀ। ਕੋਈ ਵੀ ਇਸ ਮਸਲੇ ਦਾ ਸਥਾਈ ਹੱਲ ਨਹੀਂ ਕੱਢ ਪਾ ਰਿਹਾ ਸੀ। ਸੁਪਰੀਮ ਕੋਰਟ ਨੇ ਬੜੀ ਤੇਜੀ ਨਾਲ ਇਸ 'ਤੇ ਫੈਸਲਾ ਦਿੱਤਾ ਹੈ। ਲਗਾਤਾਰ ਇਸ ਮਸਲੇ 'ਤੇ 40 ਦਿਨ ਸੁਣਵਾਈ ਚਲਦੀ ਰਹੀ ਅਤੇ ਅੱਜ ਇਤਿਹਾਸਕ ਫੈਸਲਾ ਕਰ ਦਿੱਤਾ। ਸਾਨੂੰ ਸਾਰਿਆਂ ਨੂੰ ਇਸ ਫੈਸਲੇ ਦਾ ਭਰਵਾਂ ਸਵਾਗਤ ਕਰਨਾ ਚਾਹੀਦਾ ਹੈ।
550ਵੇਂ ਪ੍ਰਕਾਸ਼ ਪੁਰਬ 'ਤੇ 'ਹਿਊਮਨ ਚੇਨ' ਨੇ ਮੋਹਿਆ ਮਨ
NEXT STORY