ਰਾਮਾਂ ਮੰਡੀ(ਪਰਮਜੀਤ) : ਸਥਾਨਕ ਸ਼ਹਿਰ ਦੇ ਰਾਮਾਂ ਮੰਡੀ-ਤਲਵੰਡੀ ਸਾਬੋ ਰੋਡ 'ਤੇ ਮੰਗਲਵਾਰ ਨੂੰ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਸੱਸ-ਜਵਾਈ ਦੀ ਮੌਤ ਹੋ ਗਈ, ਜਦਕਿ ਪਤਨੀ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਮਾਮਲਾ ਧਿਆਨ 'ਚ ਆਇਆ ਹੈ।
ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਪੀਰਖਾਨਾ ਰੋਡ 'ਤੇ ਸਥਿਤ ਭੱਦਰਕਾਲੀ ਮੰਦਰ ਦਾ ਪੁਜਾਰੀ ਡੋਰੀ ਲਾਲ ਸ਼ਰਮਾ ਉਰਫ ਗੁੱਡੂ (50) ਪੁੱਤਰ ਨਿਰੰਜਣ ਦਾਸ ਸ਼ਰਮਾ ਵਾਸੀ ਰਾਮਾਂ ਮੰਡੀ ਆਪਣੀ ਕਾਰ 'ਚ ਆਪਣੀ ਪਤਨੀ ਵਿਜੇ ਰਾਣੀ ਅਤੇ ਸੱਸ ਸਮੇਤ ਦਿੱਲੀ ਵਿਖੇ ਗਏ ਹੋਏ ਸਨ ਅਤੇ ਵਾਪਸ ਆਪਣੇ ਘਰ ਰਾਮਾਂ ਮੰਡੀ ਵੱਲ ਆ ਰਹੇ ਸਨ। ਮੰਗਲਵਾਰ ਸਵੇਰੇ ਕਰੀਬ 6 ਵਜੇ ਜਦੋਂ ਉਹ ਰਾਮਾਂ ਮੰਡੀ-ਤਲਵੰਡੀ ਸਾਬੋ ਰੋਡ ਵਿਚਕਾਰ ਪੈਂਦੇ ਪਿੰਡ ਜੱਜਲ ਨਜ਼ਦੀਕ ਪੁੱਜੇ ਤਾਂ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੌਰਾਨ ਮੌਕੇ 'ਤੇ ਹੀ ਪੁਜਾਰੀ ਦੀ ਸੱਸ ਕਲਾਵਤੀ ਪਤਨੀ ਅੰਤਰਾਮ ਵਾਸੀ ਅਲੀਬਾਗ ਉੱਤਰ ਪ੍ਰਦੇਸ਼ (75) ਦੀ ਮੌਤ ਹੋ ਗਈ, ਜਦੋਂ ਕਿ ਪੁਜਾਰੀ ਗੁੱਡੂ (55) ਅਤੇ ਉਸ ਦੀ ਪਤਨੀ ਵਿਜੇ ਰਾਣੀ (50) ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਤਲਵੰਡੀ ਸਾਬੋ ਸਹਾਰਾ ਕਲੱਬ ਐਂਬੂਲੈਂਸ ਤੇ ਰਾਮਾਂ ਮੰਡੀ ਦੀ ਸਮਾਜਸੇਵੀ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਪ੍ਰਧਾਨ ਬੌਬੀ ਲਹਿਰੀ ਐਂਬੂਲੈਂਸ ਸਮੇਤ ਘਟਨਾ ਸਥਾਨ 'ਤੇ ਪੁੱਜੇ, ਜਿੱਥੇ ਜ਼ਖਮੀ ਹਾਲਤ 'ਚ ਪਏ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਵਲੋਂ ਪੁਜਾਰੀ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ, ਜਦੋਂਕਿ ਪੁਜਾਰੀ ਦੀ ਪਤਨੀ ਵਿਜੇ ਰਾਣੀ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ 'ਤੇ ਗੰਭੀਰ ਸੱਟਾਂ ਲੱਗੀਆਂ, ਜੋ ਜ਼ੇਰੇ ਇਲਾਜ ਹੈ। ਓਧਰ ਸੂਚਨਾ ਮਿਲਦੇ ਹੀ ਰਾਮਾਂ ਪੁਲਸ ਵੀ ਮੌਕੇ 'ਤੇ ਪੁੱਜੀ, ਜਿੱਥੇ ਘਟਨਾ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਰਾਮਾਂ ਪੁਲਸ ਏ. ਐੱਸ. ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ, ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਦੋਸਤ ਹੀ ਬਣਿਆ ਦੋਸਤ ਦਾ ਦੁਸ਼ਮਣ, ਇੰਝ ਰਚੀ ਕਤਲ ਦੀ ਸਾਜਿਸ਼
NEXT STORY