ਮੌੜ ਮੰਡੀ(ਮਨੀਸ਼,ਜ. ਬ.)— 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰਾਜੈਕਟ ਤਹਿਤ ਟੈਸਟਿੰਗ ਲਈ ਜ਼ਿਲਾ ਬਠਿੰਡਾ ਦੇ ਪਿੰਡ ਯਾਤਰੀ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚ ਪਹੁੰਚੀ ਟੀਮ ਦਾ ਸਾਂਝਾ ਅਧਿਆਪਕ ਸੰਘਰਸ਼ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਭਰਵਾਂ ਵਿਰੋਧ ਕਰਦੇ ਹੋਏ ਪਿੰਡ ਯਾਤਰੀ ਦੇ ਸਕੂਲ ਨੂੰ ਜਿੰਦਰਾ ਮਾਰ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਸਰਕਾਰ ਖਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਦੇ ਕੇ ਸਕੂਲ ਦਾ ਘਿਰਾਓ ਕੀਤਾ, ਜਿਸ ਕਾਰਨ ਦੇਰ ਸ਼ਾਮ ਤੱਕ ਟੈਸਟਿੰਗ ਲਈ ਆਈ ਟੀਮ ਸਕੂਲ ਅੰਦਰ ਹੀ ਬੰਦ ਰਹੀ।
ਅੱਜ ਜਿਵੇਂ ਹੀ ਸਿੱਖਿਆ ਸਕੱਤਰ ਦੀਆਂ ਹਦਾਇਤਾਂ 'ਤੇ ਫੁੱਲ ਚੜ੍ਹਾਉਂਦੇ ਹੋਏ ਜ਼ਿਲਾ ਸਿੱਖਿਆ ਅਫਸਰ ਹਰਦੇਵ ਸਿੰਘ ਤੱਗੜ, ਪ੍ਰਿੰਸੀਪਲ ਰੰਧਾਵਾ ਸਿੰਘ ਬਾਲਿਆਂਬਾਲੀ, ਪ੍ਰਿੰਸੀਪਲ ਦਰਸ਼ਨ ਸਿੰਘ ਢਿੱਲੋਂ ਮੌੜ ਕਲਾਂ, ਪ੍ਰਿੰਸੀਪਲ ਸਿਕੰਦਰ ਸਿੰਘ ਮੌੜ ਖੁਰਦ, ਜਗਜੀਤ ਸਿੰਘ ਬੀ. ਐੱਮ. ਟੀ. ਦੀ ਟੀਮ ਟੈਸਟਿੰਗ ਲਈ ਪਿੰਡ ਯਾਤਰੀ ਵਿਖੇ ਪੁੱਜੀ ਤਾਂ ਇਸ ਦੀ ਭਿਣਕ ਤੁਰੰਤ ਹੀ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਲੱਗ ਗਈ, ਜਿਨ੍ਹਾਂ ਨੇ ਤੁਰੰਤ ਹੀ ਸਕੂਲ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਵੇਂ ਅਧਿਆਪਕਾਂ ਵਲੋਂ ਟੈਸਟਿੰਗ ਲਈ ਆਈ ਟੀਮ ਨੂੰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੇ ਬਾਈਕਾਟ ਸਬੰਧੀ ਦੱਸਿਆ ਗਿਆ ਪਰ ਟੀਮ ਨੇ ਜ਼ਬਰਦਸਤੀ ਟੈਸਟਿੰਗ ਸ਼ੁਰੂ ਕਰ ਦਿੱਤੀ, ਜਿਸ ਤੋਂ ਭੜਕੇ ਅਧਿਆਪਕਾਂ ਨੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਸਕੂਲ ਨੂੰ ਜਿੰਦਰਾ ਲਾ ਕੇ ਟੈਸਟਿੰਗ ਟੀਮ ਨੂੰ ਸਕੂਲ ਅੰਦਰ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਇਹ ਟੈਸਟਿੰਗ ਉਸ ਵਕਤ ਸਿਰਫ ਇਕ ਡਰਾਮਾ ਸਾਬਤ ਹੋਈ, ਜਦੋਂ ਟੈਸਟਿੰਗ ਸਮੇਂ ਬਹੁਤੇ ਬੱਚੇ ਜਮਾਤਾਂ ਤੋਂ ਬਾਹਰ ਭੱਜਦੇ ਨਜ਼ਰ ਆਏ।
ਦੂਰ-ਦੂਰ ਤੋਂ ਧਰਨੇ 'ਚ ਪੁੱਜੇ ਜਥੇਬੰਦੀ ਦੇ ਆਗੂਆਂ ਕੁਲਦੀਪ ਸਿੰਘ ਗੋਸਲ, ਦਰਸ਼ਨ ਮੌੜ, ਜਗਸੀਰ ਸਹੋਤਾ, ਹਰਜੀਤ ਜੀਦਾ, ਸਰਬਜੀਤ ਸਿੰਘ ਮੌੜ, ਰੇਸ਼ਮ ਸਿੰਘ ਆਗੂ ਡੀ. ਟੀ. ਐੱਫ., ਨਵਚਰਨਪ੍ਰੀਤ ਕੌਰ, ਗੁਰਪਾਲ ਸਿੰਘ ਯਾਤਰੀ, ਬੇਅੰਤ ਸਿੰਘ ਫੂਲੇਵਾਲਾ, ਸੁਰੇਸ਼ ਸ਼ਰਮਾ, ਰਾਜਵੀਰ ਸਿੰਘ, ਸੁਖਮੰਦਰ ਸਿੰਘ, ਜਗਪਾਲ ਸਿੰਘ, ਗੁਰਵਿੰਦਰ ਸਿੰਘ ਪ੍ਰਧਾਨ ਸਿੱਖਿਆ ਪ੍ਰੋਵਾਈਡਰਜ਼ ਯੂਨੀਅਨ ਆਦਿ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਸਕੱਤਰ ਤਾਨਾਸ਼ਾਹੀ ਰਵੱਈਆ ਅਪਣਾ ਰਿਹਾ ਹੈ ਅਤੇ ਉਸ ਦੀ ਚਾਪਲੂਸੀ ਕਰਨ ਵਾਲੀ ਅਫਸਰਸ਼ਾਹੀ ਆਪਣੇ ਨੰਬਰ ਬਣਾਉਣ ਲਈ ਅਧਿਆਪਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸ ਦਾ ਖੁਲਾਸਾ ਇਸ ਗੱਲ ਤੋਂ ਹੁੰਦਾ ਹੈ ਕਿ ਟੈਸਟਿੰਗ ਕਰਨ ਲਈ ਬਣਾਈਆਂ ਗਈਆਂ ਟੀਮਾਂ ਨੇ ਸਭ ਤੋਂ ਪਹਿਲਾਂ ਇਹੋ ਜਿਹੇ ਸਕੂਲਾਂ ਨੂੰ ਟੈਸਟਿੰਗ ਲਈ ਚੁਣਿਆ, ਜਿਨ੍ਹਾਂ 'ਚ ਜਾਂ ਤਾਂ ਸਿਰਫ ਔਰਤ ਅਧਿਆਪਕਾਂ ਸਨ ਜਾਂ ਫਿਰ ਸਿੰਗਲ ਜਾਂ ਨਵੇਂ ਅਧਿਆਪਕ ਸਨ। ਉਨ੍ਹਾਂ ਧੱਕੇਸ਼ਾਹੀ ਕਰਦੇ ਹੋਏ ਸਭ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਦੇ ਮੋਬਾਇਲ ਆਪਣੇ ਕਬਜ਼ੇ 'ਚ ਕਰ ਲਏ ਤਾਂ ਜੋ ਉਹ ਆਪਣੀਆਂ ਅਧਿਆਪਕ ਜਥੇਬੰਦੀਆਂ ਨਾਲ ਸੰਪਰਕ ਨਾ ਕਰ ਸਕਣ। ਕਿਸੇ ਦੇ ਮੋਬਾਇਲ ਧੱਕੇ ਨਾਲ ਕਬਜ਼ੇ 'ਚ ਕਰਨਾ ਗੈਰ-ਕਾਨੂੰਨੀ ਹੈ। ਜਿੱਥੇ ਇਹੋ ਜਿਹਾ ਰਵੱਈਆ ਟੈਸਟਿੰਗ ਟੀਮਾਂ ਦੀਆਂ ਧੱਕੇਸ਼ਾਹੀ ਦੀਆਂ ਹਰਕਤਾਂ ਨੂੰ ਜਗ ਜ਼ਾਹਿਰ ਕਰਦਾ ਹੈ, ਉਥੇ ਇਹ ਰਵੱਈਆ ਸਰਕਾਰ ਅਤੇ ਸਿੱਖਿਆ ਸਕੱਤਰ ਦੇ ਮਨ ਅੰਦਰ ਅਧਿਆਪਕਾਂ ਦੇ ਡਰ ਨੂੰ ਵੀ ਉਜਾਗਰ ਕਰਦਾ ਹੈ। ਇਸ ਮੌਕੇ ਅਧਿਆਪਕ ਆਗੂਆਂ ਅਤੇ ਹੋਰ ਸਮਾਜ ਸੇਵੀਆਂ ਜਿਨ੍ਹਾਂ 'ਚ ਦਰਸ਼ਨ ਸਿੰਘ ਮੌੜ, ਅੰਗਰੇਜ਼ ਸਿੰਘ, ਰੇਸ਼ਮ ਸਿੰਘ ਜ਼ਿਲਾ ਪ੍ਰਧਾਨ, ਯਮਨਦੀਪ ਕੁਮਾਰ, ਕਲਕੱਤਾ ਸਿੰਘ ਮਾਣਕ ਖਾਨਾ, ਕਿਰਨਜੀਤ ਬਾਲਿਆਂਬਾਲੀ, ਭੋਲਾ ਸਿੰਘ ਰਾਏਖਾਨਾ, ਜਸਵੀਰ ਸਿੰਘ ਬਾਹੀਆ, ਜਗਪਾਲ ਸਿੰਘ ਬੰਗੀ, ਪਰਵਿੰਦਰ ਸਿੰਘ, ਅਸ਼ਵਨੀ ਕੁਮਾਰ ਬਾਲਿਆਂਬਾਲੀ, ਗੁਰਪਾਲ ਸਿੰਘ ਯਾਤਰੀ, ਅਮਰਜੀਤ ਸਿੰਘ ਯਾਤਰੀ, ਦਵਿੰਦਰਪਾਲ ਸਿੰਘ, ਪਰਮਿੰਦਰ ਸਿੰਘ, ਮੱਖਣ ਸਿੰਘ, ਮਹਿੰਦਰ ਸਿੰਘ ਤੇ ਨਾਇਬ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਮਾਜ ਦਾ ਨਿਰਮਾਣ ਕਰਨ ਵਾਲੇ ਅਧਿਆਪਕਾਂ ਦੀਆਂ ਜ਼ਬਰਦਸਤੀ ਤਨਖਾਹਾਂ ਘਟਾਈਆਂ ਜਾ ਰਹੀਆਂ ਹਨ ਅਤੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾ ਰਹੀਆਂ ਹਨ। ਇਸ ਦੇ ਉਲਟ ਸਾਡੇ ਰਾਜਨੀਤਕ ਲੀਡਰ ਆਪਣੀਆਂ ਤਨਖਾਹਾਂ ਨਾਜਾਇਜ਼ ਵਧਾ ਕੇ ਖਜ਼ਾਨੇ ਦੀ ਅੰਨ੍ਹੇਵਾਹ ਲੁੱਟ ਕਰ ਰਹੇ ਹਨ।
ਸਿੱਖਿਆ ਸਕੱਤਰ ਸਕੂਲਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੀ ਬਜਾਏ ਸਮਾਜ ਨਿਰਮਾਤਾਵਾਂ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਰਿਹਾ ਹੈ, ਅਧਿਆਪਕਾਂ ਨੂੰ ਗੈਰ ਸਿੱਖਿਅਕ ਕੰਮਾਂ 'ਚ ਉਲਝਾ ਕੇ ਸਰਕਾਰੀ ਸਕੂਲਾਂ ਨੂੰ ਫੇਲ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਇਸ ਸਮੇਂ ਟੈਸਟਿੰਗ ਟੀਮ ਵਲੋਂ ਪਿੰਡ ਵਾਸੀਆਂ ਨੂੰ ਭੜਕਾਉਣ ਲਈ ਕਈ ਤਰ੍ਹਾਂ ਦੇ ਹਥਕੰਡੇ ਵੀ ਅਪਣਾਏ ਗਏ ਪਰ ਅਧਿਆਪਕਾਂ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਵਲੋਂ ਪਿੰਡ ਵਾਸੀਆਂ ਨੂੰ ਸਮਝਾਉਣ 'ਤੇ ਪਿੰਡ ਵਾਸੀਆਂ ਵਲੋਂ ਅਧਿਆਪਕਾਂ ਦਾ ਭਰਵਾਂ ਸਹਿਯੋਗ ਦਿੱਤਾ ਗਿਆ ਅਤੇ ਟੈਸਟਿੰਗ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਅਧਿਆਪਕਾਂ ਨੇ ਆਪਣਾ ਐਕਸ਼ਨ ਪ੍ਰੋਗਰਾਮ ਬਦਲਿਆ :
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਰੋਸ ਪ੍ਰਗਟਾਉਣ ਲਈ ਅੱਜ ਅਧਿਆਪਕ ਸੰਘਰਸ਼ ਕਮੇਟੀ ਵਲੋਂ ਛੁੱਟੀ ਤੋਂ ਬਾਅਦ ਜ਼ਿਲਾ ਅਤੇ ਬਲਾਕ ਪੱਧਰ 'ਤੇ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਦੋਂ ਅਧਿਆਪਕਾਂ ਨੂੰ ਪਿੰਡ ਯਾਤਰੀ ਵਿਖੇ ਟੈਸਟਿੰਗ ਟੀਮ ਵਲੋਂ ਜ਼ਬਰਦਸਤੀ ਟੈਸਟਿੰਗ ਕਰਨ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਆਪਣਾ ਐਕਸ਼ਨ ਪ੍ਰੋਗਰਾਮ ਬਦਲਦੇ ਹੋਏ ਸਮੂਹ ਅਧਿਆਪਕਾਂ ਨੂੰ ਛੁੱਟੀ ਤੋਂ ਬਾਅਦ ਪਿੰਡ ਯਾਤਰੀ ਵਿਖੇ ਧਰਨੇ 'ਚ ਪਹੁੰਚਣ ਦਾ ਸੱਦਾ ਦੇ ਦਿੱਤਾ, ਜਿਸ 'ਤੇ ਫੁੱਲ ਚੜ੍ਹਾਉਂਦੇ ਹੋਏ ਸੈਂਕੜਿਆਂ ਦੀ ਗਿਣਤੀ 'ਚ ਅਧਿਆਪਕ ਛੁੱਟੀ ਤੋਂ ਬਾਅਦ ਪਿੰਡ ਯਾਤਰੀ ਵਿਖੇ ਪਹੁੰਚ ਕੇ ਧਰਨੇ 'ਚ ਸ਼ਾਮਲ ਹੋ ਗਏ। ਪਹਿਲਾ ਭਾਵੇਂ ਐੱਸ. ਐੱਚ. ਓ. ਕੋਟਫੱਤਾ ਵਲੋਂ ਭਾਰੀ ਸੁਰੱਖਿਆ ਫੋਰਸ ਲਾ ਕੇ ਅਤੇ ਖੁਦ ਗੇਟ ਦਾ ਜਿੰਦਰਾ ਤੋੜ ਕੇ ਅਧਿਆਪਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕ ਟਸ ਤੋਂ ਮਸ ਨਾ ਹੋਏ।
ਭਾਵੇਂ ਅਧਿਕਾਰੀਆਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਅਧਿਆਪਕ ਜਲਦ ਹੀ ਧਰਨਾ ਚੁੱਕ ਦੇਣਗੇ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਅਧਿਆਪਕਾਂ ਦਾ ਸੰਘਰਸ਼ ਤਿੱਖਾ ਹੁੰਦਾ ਗਿਆ ਅਤੇ ਦੇਰ ਸ਼ਾਮ ਤੱਕ ਜ਼ਿਲਾ ਬਠਿੰਡਾ ਦੇ ਦੂਰ-ਦੂਰ ਤੋਂ ਭਾਰੀ ਗਿਣਤੀ ਅਧਿਆਪਕ ਧਰਨੇ 'ਚ ਪੁੱਜ ਗਏ। ਇਸ ਸੰਘਰਸ਼ ਨੂੰ ਸ਼ਾਂਤ ਕਰਨ ਲਈ ਤਹਿਸੀਲਦਾਰ ਸੁਖਵੀਰ ਸਿੰਘ ਬਰਾੜ, ਨਾਇਬ ਤਹਿਸੀਲਦਾਰ ਜਤਿੰਦਰਪਾਲ ਸਿੰਘ, ਕੁਲਦੀਪ ਸਿੰਘ ਡੀ. ਐੱਸ. ਪੀ. ਬਠਿੰਡਾ, ਐੱਸ. ਐੱਚ. ਓ. ਮੌੜ ਦਲਵੀਰ ਸਿੰਘ ਤੇ ਐੱਸ. ਐੱਚ. ਓ. ਕੋਟਫੱਤਾ ਕੇ. ਸੀ. ਪਰਾਸ਼ਰ ਧਰਨੇ 'ਚ ਪੁੱਜੇ ਤੇ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਦਿੱਤਾ।
ਇਸ ਮੌਕੇ ਡੀ. ਈ. ਓ. ਬਠਿੰਡਾ ਹਰਦੀਪ ਸਿੰਘ ਤੱਗੜ ਵਲੋਂ ਪ੍ਰਾਜੈਕਟ ਦੇ ਸਕੂਲ ਵਿਖੇ ਹੋਏ ਬਾਈਕਾਟ ਬਾਰੇ ਲਿਖੇ ਜਾਣ ਤੋਂ ਬਾਅਦ ਹੀ ਆਪਣਾ ਧਰਨਾ ਸਮਾਪਤ ਕੀਤਾ। ਇਸ ਮੌਕੇ ਜਥੇਬੰਦੀ ਨੇ ਸਮੂਹ ਅਧਿਕਾਰੀਆਂ ਦੀ ਮੌਜੂਦਗੀ 'ਚ ਇਹ ਐਲਾਨ ਕੀਤਾ ਕਿ ਸਮੂਹ ਅਧਿਆਪਕ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦਾ ਪੂਰਨ ਬਾਈਕਾਟ ਕਰਦੇ ਹਨ ਅਤੇ ਜੇਕਰ ਕਿਸੇ ਅਧਿਕਾਰੀ ਨੇ ਸਕੂਲਾਂ 'ਚ ਇਸ ਤਰ੍ਹਾਂ ਜ਼ਬਰਦਸਤੀ ਟੈਸਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ।
ਸੁਖਬੀਰ ਨੇ ਕਿਹਾ 'ਸਿਟ' ਫਰਾਡ ਸਾਨੂੰ ਕੋਈ ਪਰਵਾਹ ਨਹੀਂ
NEXT STORY