ਮਾਛੀਵਾੜਾ ਸਾਹਿਬ (ਟੱਕਰ): ਮਾਛੀਵਾੜਾ ਦੇ ਟੈਕਸੀ ਸਟੈਂਡ ਵਿਖੇ ਟੈਂਪੂ ਟਰੈਵਲ ਕਿਰਾਏ 'ਤੇ ਲੈ ਕੇ ਜਾਣ ਦਾ ਕੰਮ ਕਰਦੇ ਅਜੀਤਪਾਲ ਸਿੰਘ ਵਾਸੀ ਮਿੱਠੇਵਾਲ ਵਲੋਂ ਨੌਜਵਾਨਾਂ ਨੂੰ ਚਿੱਟੇ ਦਾ ਨਸ਼ਾ ਕਰਨ ਤੋਂ ਰੋਕਣ 'ਤੇ ਗੁੰਡਾਗਰਦੀ ਕਰਦਿਆਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬਿਨ੍ਹਾਂ ਕਿਰਾਇਆ ਦਿੱਤੇ ਉਸ ਕੋਲੋਂ ਨਕਦੀ ਵੀ ਖੋਹ ਕੇ ਲੈ ਗਏ। ਮਾਛੀਵਾੜਾ ਸਿਵਲ ਹਸਪਤਾਲ 'ਚ ਇਲਾਜ ਅਧੀਨ ਅਜੀਤਪਾਲ ਸਿੰਘ ਨੇ ਦੱਸਿਆ ਕਿ ਸਮਰਾਲਾ ਤੇ ਪਿੰਡ ਬਲਾਲਾ ਦੇ ਕੁੱਝ ਨੌਜਵਾਨ ਤੇ ਵਿਅਕਤੀ ਰਾਏਕੋਟ ਨੇੜ੍ਹੇ ਪਿੰਡ ਲੰਮਾ ਜੱਟਪੁਰ ਵਿਖੇ ਇੱਕ ਟੂਰਨਾਮੈਂਟ 'ਚ ਜਾਣ ਲਈ ਗੱਡੀ ਕਿਰਾਏ 'ਤੇ ਲੈ ਕੇ ਗਏ। ਉਸ ਦੇ ਟੈਂਪੂ ਟਰੈਵਲ ਵਿਚ ਕੁੱਲ 14 ਨੌਜਵਾਨ ਸਵਾਰ ਸਨ ਜਿਨ੍ਹਾਂ 'ਚੋਂ 2 ਨੌਜਵਾਨ ਉਸਦੀ ਗੱਡੀ 'ਚ ਬੈਠ ਕੇ ਚਿੱਟੇ ਦਾ ਨਸ਼ਾ ਕਰਨ ਲੱਗ ਪਏ। ਚਾਲਕ ਅਜੀਤਪਾਲ ਸਿੰਘ ਵਲੋਂ ਉਨ੍ਹਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਜਿਸ ਕਾਰਨ ਉਨ੍ਹਾਂ ਦੀ ਮਾਮੂਲੀ ਤਕਰਾਰ ਵੀ ਹੋਈ। ਬੀਤੀ ਦੇਰ ਰਾਤ ਕਰੀਬ 11 ਵਜੇ ਜਦੋਂ ਉਹ ਲੰਮੇ ਜੱਟਪੁਰ ਵਿਖੇ ਟੂਰਨਾਮੈਂਟ ਸਮਾਪਤ ਹੋਣ ਉਪਰੰਤ ਵਾਪਸ ਸਮਰਾਲਾ ਲਈ ਰਵਾਨਾ ਹੋਏ ਤਾਂ ਇਸ ਦੌਰਾਨ ਸਾਰੇ ਹੀ ਵਿਅਕਤੀਆਂ ਨੇ ਸ਼ਰਾਬ ਅਤੇ ਕੁੱਝ ਕੁ ਨੇ ਚਿੱਟੇ ਦਾ ਸੇਵਨ ਕੀਤਾ ਹੋਇਆ ਸੀ। ਚਾਲਕ ਅਜੀਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੋਰਾਹੇ ਕੋਲ ਪੁੱਜੇ ਤਾਂ ਗੱਡੀ 'ਚ ਬੈਠੇ ਕੁੱਝ ਨੌਜਵਾਨਾਂ ਨੇ ਨਸ਼ਾ ਰੋਕਣ 'ਤੇ ਗੁੰਡਾਗਰਦੀ ਕਰਦਿਆਂ ਮੇਰੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਕੋਲੋਂ ਜੇਬ 'ਚ ਪਾਇਆ ਪਰਸ ਖੋਹ ਲਿਆ ਜਿਸ 'ਚ ਕਰੀਬ 10 ਤੋਂ 15 ਹਜ਼ਾਰ ਨਗਦੀ, ਏ.ਟੀ.ਐਮ ਕਾਰਡ, ਡਰਾਈਵਿੰਗ ਲਾਈਸੈਂਸ ਤੇ ਹੋਰ ਦਸਤਾਵੇਜ ਵੀ ਖੋਹ ਲਏ। ਉਸਦੀ ਗੱਡੀ 'ਚ ਸਵਾਰ ਸਾਰੇ ਹੀ ਵਿਅਕਤੀ ਦੋਰਾਹਾ ਵਿਖੇ ਉਤਰ ਗਏ ਅਤੇ ਉਹ ਜਖ਼ਮੀ ਹਾਲਤ 'ਚ ਮਾਛੀਵਾੜਾ ਹਸਪਤਾਲ ਵਿਖੇ ਆ ਕੇ ਦਾਖਲ ਹੋ ਗਿਆ।
ਮਾਛੀਵਾੜਾ ਟੈਕਸੀ ਸਟੈਂਡ 'ਚ ਕੰਮ ਕਰਦੇ ਚਾਲਕਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਕਿ ਨਸ਼ਾ ਨਾ ਕਰਨ ਤੋਂ ਰੋਕਣ 'ਤੇ ਉਨ੍ਹਾਂ ਦੇ ਸਾਥੀ ਅਜੀਤਪਾਲ ਸਿੰਘ ਨੂੰ ਕੁੱਟਮਾਰ ਕਰ ਨਗਦੀ ਖੋਹਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਝਗੜਾ ਥਾਣਾ ਹਠੂਰ ਅਧੀਨ ਹੋਹਿਆ ਹੈ ਜਿਸ ਸਬੰਧੀ ਉਥੋਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੋ ਅਗਲੇਰੀ ਕਾਰਵਾਈ ਕਰਨਗੇ।
ਲੁਧਿਆਣਾ ਜ਼ਿਲਾ ਕਚਹਿਰੀ ਦੇ ਬਾਹਰ ਵਕੀਲਾਂ ਨੇ ਲਾਇਆ ਧਰਨਾ
NEXT STORY