ਚੰਡੀਗਡ਼੍ਹ, (ਭੁੱਲਰ)- ਅਕਾਲੀ-ਭਾਜਪਾ ਸਰਕਾਰ ਤਾਂ ਜਾਂਦੇ-ਜਾਂਦੇ 7800 ਕਰੋਡ਼ ਰੁਪਏ ਦੇ ਬਿੱਲਾਂ ਦੀਆਂ ਦੇਣਦਾਰੀਆਂ ਛੱਡ ਗਈ ਸੀ ਪਰ ਮੌਜੂਦਾ ਸਰਕਾਰ ਦੀ ਵਧੀਆ ਵਿੱਤੀ ਮੈਨੇਜਮੈਂਟ ਤੇ ਖਰਚਿਆਂ ’ਚ ਕਟੌਤੀ ਨਾਲ ਹੀ ਖਜ਼ਾਨੇ ਦੀ ਸਥਿਤੀ ’ਚ ਮੌਜੂਦਾ ਸਰਕਾਰ ਨੇ ਸੁਧਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਦਾਅਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਵਿਧਾਨ ਸਭਾ ਵਿਚ 2019-20 ਦੇ ਨਵੇਂ ਬਜਟ ਪ੍ਰਸਤਾਵਾਂ ਨੂੰ ਪੇਸ਼ ਕਰਨ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਤੀਜੇ ਸਾਲ ਤੋਂ ਬਾਅਦ ਮਾਲੀ ਹਾਲਤ ’ਚ ਸੰਤੁਲਨ ਬਣਨ ਨਾਲ ਇਹ ਪੂਰੀ ਤਰ੍ਹਾਂ ਲੀਹ ’ਤੇ ਆ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਰਾਜ ਦੀ ਵਿੱਤੀ ਹਾਲਤ ਵਿਚ ਸੁਧਾਰ ਦਾ ਹੀ ਨਤੀਜਾ ਹੈ ਕਿ ਇਸ ਵਾਰ ਸਾਰੇ ਵਿਭਾਗਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਫੰਡ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪਹਿਲੇ ਸਾਲ ਹੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਸੀ ਤੇ ਪੰਜ ਸਾਲਾਂ ਦੌਰਾਨ ਬਹੁਤੇ ਵਾਅਦੇ ਪੂਰੇ ਕਰ ਦਿਆਂਗੇ। ਉਨ੍ਹਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਨੇ ਵੀ ਪੰਜਾਬ ਦੇ ਦੌਰੇ ਸਮੇਂ 31 ਹਜ਼ਾਰ ਕਰੋਡ਼ ਰੁਪਏ ਦੀ ਅਨਾਜ ਦੀ ਰਾਸ਼ੀ ਦੇ ਹਿਸਾਬ ਨੂੰ ਸਹੀ ਕਰਕੇ ਰਾਜ ਸਿਰ ਚਡ਼੍ਹੇ ਕਰਜ਼ੇ ਦੇ ਹੱਲ ਦਾ ਭਰੋਸਾ ਦਿੱਤਾ ਹੈ ਅਤੇ ਕੇਂਦਰ ਤੋਂ ਇਸ ਬਾਰੇ ਹਾਂ ਪੱਖੀ ਜਵਾਬ ਮਿਲਿਆ ਹੈ।
ਜੀ.ਐੱਸ.ਟੀ. ’ਚ 14 ਫੀਸਦੀ ਵਾਧੇ ਦਾ ਲਾਭ ਮਿਲੇਗਾ
ਉਨ੍ਹਾਂ ਕਿਹਾ ਕਿ ਸਾਡੇ ਸੁਝਾਅ ਮੁਤਾਬਿਕ ਜੇ ਇਸ ਕਰਜ਼ੇ ਦੀ ਰਾਸ਼ੀ ’ਚੋਂ ਇਕ ਤਿਹਾਈ ਅਰਥਾਤ ਦਸ ਹਜ਼ਾਰ ਕਰੋਡ਼ ਦੀ ਕੇਂਦਰ ਸਰਕਾਰ ਭਰਪਾਈ ਕਰੇ ਤੇ ਇੰਨੀ ਹੀ ਸਹਾਇਤਾ ਬੈਂਕ ਕਰਨ ਤਾਂ ਰਾਜ ਸਰਕਾਰ ਬਾਕੀ ਤੀਜਾ ਹਿੱਸਾ ਖੁਦ ਭਰ ਦੇਵੇਗੀ। ਇਹ ਮਸਲਾ ਹੱਲ ਹੋਣ ਨਾਲ ਰਾਜ ਨੂੰ 20 ਹਜ਼ਾਰ ਕਰੋਡ਼ ਰੁਪਏ ਤੋਂ ਵੱਧ ਦਾ ਲਾਭ ਮਿਲੇਗਾ। ਕਰਜ਼ਾ ਮੁਆਫ਼ੀ, ਘਰ ਘਰ ਰੋਜ਼ਗਾਰ ਤੇ ਹੋਰ ਅਜਿਹੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਾਧਨ ਜੁਟਾਉਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੀ.ਐੱਸ.ਟੀ. ’ਚ 14 ਫੀਸਦੀ ਦਾ ਵਾਧਾ ਰਾਜ ਨੂੰ ਮਿਲੇਗਾ ਤੇ ਅਗਲੇ ਹੋਰ ਤਿੰਨ ਸਾਲ ਕੇਂਦਰ ਸਰਕਾਰ ਨੇ ਹੀ ਰਾਜ ਦੀ ਭਰਪਾਈ ਕਰਨੀ ਹੈ, ਜਿਸ ਨਾਲ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ’ਚ ਕੋਈ ਮੁਸ਼ਕਿਲ ਨਹੀਂ ਆਵੇਗੀ। ਮਾਲੀ ਵਸੂਲੀ ਵਿਚ ਵੀ ਵਾਧਾ ਹੋ ਰਿਹਾ ਹੈ ਅਤੇ ਟੈਕਸ ਵਸੂਲੀ ਵਧਣ ਨਾਲ ਵੀ ਆਉਣ ਵਾਲੇ ਸਮੇਂ ਵਿਚ ਫਾਇਦਾ ਹੋਵੇਗਾ। ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਬਾਰੇ ਕੀਤੇ ਵਾਅਦੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਬਾਰੇ ਟੈਂਡਰ ਲੱਗ ਚੁੱਕੇ ਹਨ। ਪੈਟਰੋਲ ਤੇ ਡੀਜ਼ਲ ’ਤੇ ਵੈਟ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ ਇਹ ਰਾਜ ਦੇ ਵਪਾਰ ਅਤੇ ਉਦਯੋਗ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਸੀ। ਵੈਟ ਘਟਾਉਣ ਨਾਲ ਜੋ ਘਾਟਾ ਹੋਵੇਗਾ, ਦੀ ਭਰਪਾਈ ਪੈਟਰੋਲੀਅਮ ਪਦਾਰਥਾਂ ਦੀ ਵਿਕਰੀ ਵਧਣ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੈਟਰੋਲ ਪੰਪ ਤਾਂ ਵਧੇਰੇ ਵੈਟ ਕਾਰਨ ਬੰਦ ਹੋਣ ਦੇ ਕਿਨਾਰੇ ਜਾ ਪਹੁੰਚੇ ਸਨ।
ਮੁਲਾਜ਼ਮਾਂ ਦੀਆਂ ਬਾਕੀ ਅਦਾਇਗੀਆਂ ਵੀ ਛੇਤੀ ਕਰਾਂਗੇ
ਉਨ੍ਹਾਂ ਕਿਹਾ ਕਿ ਆਉਣ ਵਾਲੀ ਨਵੀਂ ਆਬਕਾਰੀ ਪਾਲਿਸੀ ਵੀ ਅਜਿਹੀ ਹੋਵੇਗੀ, ਜਿਸ ਨਾਲ ਰਾਜ ਦੀ ਆਮਦਨ ਪਹਿਲਾਂ ਨਾਲੋਂ ਕਾਫ਼ੀ ਵਧੇਗੀ ਤੇ ਇਸ ਤਰ੍ਹਾਂ ਮਾਈਨਿੰਗ ਦੀ ਆਮਦਨ ’ਚ ਵੀ ਪਹਿਲਾਂ ਨਾਲੋਂ ਵਾਧਾ ਹੋਵੇਗਾ। ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਬਜਟ ’ਚ ਕੋਈ ਜ਼ਿਕਰ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ 6 ਫੀਸਦੀ ਡੀ.ਏ. ਦੇ ਕੇ ਸ਼ੁਰੂਆਤ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਵਿਚ ਜਿਉਂ ਜਿਉਂ ਸਥਿਤੀ ’ਚ ਸੁਧਾਰ ਹੋਵੇਗਾ ਤੇ ਮੁਲਾਜ਼ਮਾਂ ਦੀਆਂ ਬਾਕੀ ਅਦਾਇਗੀਆਂ ਵੀ ਛੇਤੀ ਕਰ ਦਿੱਤੀਆਂ ਜਾਣਗੀਆਂ। ਕਿਸਾਨਾਂ ਦੀ ਬਿਜਲੀ ਸਬਸਿਡੀ ਜਾਰੀ ਰੱਖੇ ਜਾਣ ਨੂੰ ਸਹੀ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਲਈ ਜ਼ਰੂਰੀ ਹੈ। ਭਾਵੇਂ ਕਿ ਇਸ ਸਬਸਿਡੀ ਨਾਲ 9 ਹਜ਼ਾਰ ਕਰੋਡ਼ ਰੁਪਏ ਦੀ ਰਾਸ਼ੀ ਦੀ ਅਦਾਇਗੀ ਨਾਲ ਬਜਟ ’ਤੇ ਵੱਡਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਿਰ ਚਡ਼੍ਹੇ ਕਰਜ਼ੇ ਨੂੰ ਵੀ ਘਟਾਉਣ ਲਈ ਵੀ ਪੂਰੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਅਕਾਲੀਆਂ ਵਾਂਗ ਮੰਡੀ ਬੋਰਡ ਤੇ ਗਮਾਡਾ ਵਰਗੀਆਂ ਪ੍ਰ੍ਰਾਪਰਟੀਆਂ ਵੇਚ ਕੇ ਆਮਦਨ ਨਹੀਂ ਵਧਾਵਾਂਗੇ ਬਲਕਿ ਹੋਰ ਪਾਸਿਓਂ ਸਰੋਤ ਵਧਾਵਾਂਗੇ।
ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਗ੍ਰਿਫਤਾਰ ਕੀਤੇ ਜਾਣ : ਬ੍ਰਹਮਪੁਰਾ
NEXT STORY