ਮੂਨਕ (ਸ਼ੈਣੀ)- ਮੂਨਕ ਵਿਖੇ ਜਾਖਲ-ਪਾਤਡ਼ਾਂ ਰੋਡ ਉੱਪਰ ਵਣ-ਵਿਭਾਗ ਵੱਲੋਂ ਹਰੇ-ਭਰੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕੀਤੀ ਜਾ ਰਹੀ ਹੈ ਜਦਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਦਰੱਖਤ ਕੱਟਣ ਦਾ ਹੁਕਮ ਜਾਂ ਇਸ਼ਤਿਹਾਰ ਵਗੈਰਾ ਨਹੀਂ ਹੈ ਜਦਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਧ ਤੋਂ ਵੱਧ ਰੁੱਖ ਲਾਉਣ ਲਈ ਆਖ ਰਹੀ ਹੈ, ਰੁੱਖ ਲਾਉਣ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਜਦਕਿ ਵਣ ਵਿਭਾਗ ਜੋ ਕਿ ਰੁੱਖਾਂ ਦੇ ਰਾਖੇ ਹੁੰਦੇ ਹਨ, ਉਨ੍ਹਾਂ ਵੱਲੋਂ ਹੀ ਇਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ। ਪੰਜਾਬ ’ਚ ਪਹਿਲਾਂ ਹੀ ਰੁੱਖ ਬਹੁਤ ਘੱਟ ਹੈ ਜੇਕਰ ਇਸ ਤਰ੍ਹਾਂ ਹੀ ਹਰੇ-ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਹੁੰਦੀ ਰਹੀ ਤਾਂ ਆਉਣ ਵਾਲੇ ਸਮੇਂ ਪੰਜਾਬ ਦੇ ਮੌਸਮ ’ਚ ਬਹੁਤ ਹੀ ਖਤਰਨਾਕ ਅਸਰ ਪਵੇਗਾ ਅਤੇ ਮਨੁੱਖ ਨੂੰ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਵਣ ਵਿਭਾਗ ਪੰਜਾਬ ਦੇ ਮੰਤਰੀ ਨੇ ਆਪਣੇ ਸਹੁੰ ਸਮਾਗਮ ਦੌਰਾਨ ਕਿਹਾ ਕਿ ਪੰਜਾਬ ਨੂੰ ਆਉਣ ਵਾਲੇ ਸਾਲਾਂ ’ਚ ਹਰਾ-ਭਰਾ ਬਣਾ ਦਿਆਂਗੇ ਅਤੇ ਦਰੱਖਤਾਂ ਦੀ ਦਾਤਣ ਵੀ ਨਹੀਂ ਵੱਢਣ ਦਿੱਤੀ ਜਾਵੇਗੀ ਪਰ ਇਸ ਦੇ ਉਲਟ ਵਣ ਵਿਭਾਗ ਦੇ ਮੁਲਾਜ਼ਮ ਹੀ ਇਨ੍ਹਾਂ ਹਰੇ-ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਰਹੇ ਹਨ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਪੰਜਾਬ ’ਚ ਆਉਣ ਵਾਲੀ ਪੀਡ਼੍ਹੀ ਦਾ ਭਵਿੱਖ ਹਨੇਰੇ ’ਚ ਹੈ।
ਦਰੱਖਤਾਂ ਦੀ ਹੋ ਰਹੀ ਕਟਾਈ ਨੂੰ ਲੈ ਕੇ ‘ਜੀਓ ਅਤੇ ਜਿਊਣ ਦਿਓ’ ਦੇ ਆਗੂ ਬਲਕਾਰ ਸਿੰਘ ਭੁਟਾਲ ਕਲਾਂ ਨੇ ਕਿਹਾ ਕਿ ਜਿੱਥੇ ਇਕ ਪਾਸੇ ਪੰਜਾਬ ਸਰਕਾਰ ਅਤੇ ਹੋਰ ਨਾਲ ਬਹੁਤ ਸਾਰੀਆਂ ਕੁਦਰਤ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਲਗਾਤਾਰ ਧੁੱਪ ਦੇ ਵਿਚ ਕੰਮ ਕਰ ਕੇ ਛੋਟੇ-ਛੋਟੇ ਦਰੱਖਤਾਂ ਨੂੰ ਪਾਲ ਕੇ ਵੱਡਾ ਕਰ ਰਹੀਆਂ ਹਨ, ਉਥੇ ਦੂਜੇ ਪਾਸੇ ਵੱਡ ਅਕਾਰੀ ਦਰੱਖਤਾਂ ਨੂੰ ਆਰੇ ਨਾਲ ਨਿਰਸੰਕੋਚ ਕੱਟਿਆ ਜਾ ਰਿਹਾ ਹੈ ਇਸ ਦਾ ਖਮਿਆਜ਼ਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਣਾ ਪਵੇਗਾ ਕਿਉਂਕਿ ਪੰਜਾਬ ’ਚ ਪਹਿਲਾਂ ਹੀ ਕਰੀਬ ਚਾਰ ਫੀਸਦੀ ਜ਼ਮੀਨ ਦੇ ਦਰੱਖਤ ਨੇ ਜੋ ਕਿ ਬਹੁਤ ਘੱਟ ਹਨ, ਸਾਡੀ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਵਿਕਾਸ ਕਾਰਜਾਂ ਨੂੰ ਅਗਾਊਂ ਵਿਓਂਤਬੰਦੀ ਨਾਲ ਉਲੀਕਿਆ ਜਾਵੇ ਤਾਂ ਜੋ ਇਹ ਵੀ ਲੱਖਾਂ ਦਰੱਖਤ ਨਾ ਕੱਟੇ ਜਾਣ ਕਿਉਂਕਿ ਦਰੱਖਤ ਵੀ ਵਿਕਾਸ ਦਾ ਇਕ ਹਿੱਸਾ ਨੇ ਜੇਕਰ ਸਾਡਾ ਪੌਣ-ਪਾਣੀ ਹੀ ਚੰਗਾ ਨਾ ਰਿਹਾ ਤਾਂ ਅਸੀਂ ਇਨ੍ਹਾਂ ਹੋਰਨਾਂ ਵਿਕਾਸ ਕਾਰਜਾਂ ਤੋਂ ਕੀ ਲੈਣਾ ਕਿਉਂਕਿ ਮਨੁੱਖ ਦੇ ਮੁੱਢ ਕਦੀਮੀ ਲੋਡ਼ਾਂ ਪੌਣ-ਪਾਣੀ ’ਤੇ ਮਿੱਟੀ ਹਨ, ਸੋ ਇਸ ਕਰਕੇ ਸਾਨੂੰ ਆਪਣੇ ਇਨ੍ਹਾਂ ਬੇਸ਼ਕੀਮਤੀ ਖਜ਼ਾਨਿਆਂ ਦੀ ਬਰਬਾਦੀ ਕੀਤੇ ਬਿਨਾਂ ਵਿਕਾਸ ਵੱਲ ਵਧਣਾ ਚਾਹੀਦਾ ਹੈ ਤਾਂ ਹੀ ਸੰਪੂਰਨ ਵਿਕਾਸ ਹੋਵੇਗਾ।
ਇਸ ਸਬੰਧੀ ਚਰਨਜੀਤ ਸਿੰਘ ਸਮਾਜ ਸੇਵੀ ਨੇ ਕਿਹਾ ਕਿ ਵਣ-ਵਿਭਾਗ ਵੱਲੋਂ ਜੋ ਸੁੱਕੇ ਖਡ਼੍ਹੇ ਦਰੱਖਤਾਂ ਨੂੰ ਕੱਟਣ ਦੀ ਬਜਾਏ ਇਹ ਹਰੇ-ਭਰੇ ਦਰੱਖਤਾਂ ਦੀ ਨਾਜਾਇਜ਼ ਕਟਾਈ ਕੀਤੀ ਗਈ ਹੈ, ਕਟਾਈ ਤੋਂ ਜ਼ਿਆਦਾ ਰੁੱਖਾਂ ਦਾ ਕਤਲ ਕਰਨ ਦੇ ਸਮਾਨ ਹੈ। ਮੈਂ ਇਸ ਘਟਨਾ ਨੂੰ ਬਹੁਤ ਹੀ ਸ਼ਰਮਨਾਕ ਅਤੇ ਘਿਨੌਣੀ ਘਟਨਾ ਮੰਨਦਾ ਹਾਂ ਅਤੇ ਇਸ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਵਣ ਵਿਭਾਗ ਸੰਗਰੂਰ ਦੇ ਡੀ. ਐੱਫ. ਓ. ਵਿੱਦਿਆ ਸਾਗਰੀ ਨੇ ਕਿਹਾ ਕਿ ਇਹ ਕਾਰਪੋਰੇਸ਼ਨ ਅਧੀਨ ਆਉਂਦਾ ਹੈ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਤੁਸੀਂ ਬਲਾਕ ਅਫਸਰ ਨਾਲ ਗੱਲ ਕਰ ਸਕਦੇ ਹੋ ਪਰ ਜਦੋਂ ਬਲਾਕ ਅਫਸਰ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ।
ਮੁਕਤਸਰ : ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਔਰਤ ਦਾ ਕਤਲ (ਤਸਵੀਰਾਂ)
NEXT STORY