ਮੋਗਾ, (ਗੋਪੀ ਰਾਊਕੇ)- ਇਕ ਪਾਸੇ ਜਿੱਥੇ ਨਗਰ ਨਿਗਮ ਵੱਲੋਂ ਮੋਗਾ ਸ਼ਹਿਰ ਦੇ ਕਬਾਡ਼ ਬਾਜ਼ਾਰ, ਮੁੱਖ ਬਾਜ਼ਾਰ ਸਮੇਤ ਹੋਰ ਥਾਵਾਂ ’ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਮੂਹਰੇ ਰੱਖੇ ਗਏ ਨਾਜਾਇਜ਼ ਸਾਮਾਨ ਨੂੰ ਜ਼ਬਤ ਕਰਨ ਦੀ ਕਾਰਵਾਈ ਸਮੇਂ- ਸਮੇਂ ’ਤੇ ਕੀਤੀ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਨੇਚਰ ਪਾਰਕ ਮੂਹਰੇ ਪਿਛਲੇ ਕੁੱਝ ਸਮੇਂ ਤੋਂ ਲੱਗ ਰਹੀਆਂ ਰੇਹਡ਼ੀਆਂ ਟ੍ਰੈਫਿਕ ਵਿਚ ਵਿਘਨ ਪਾ ਰਹੀਆਂ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਬੰਧੀ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨੂੰ ਸਭਕੁੱਝ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਰਕੇ ਨਿਗਮ ਦੀ ਕਥਿਤ ਦੋਹਰੀ ਕਾਰਵਾਈ ’ਤੇ ਵੀ ਸਵਾਲ ਉੱਠਣ ਲੱਗੇ ਹਨ। ‘ਜਗ ਬਾਣੀ’ ਵੱਲੋਂ ਇਕੱਤਰ ਕੀਤੇ ਗਏ ਵੇਰਵਿਆਂ ਅਨੁਸਾਰ ਇਨ੍ਹਾਂ ਰੇਹੜੀਆਂ ਦੇ ਐਨ ਸਾਹਮਣੇ ਕਾਲਜ ਹੈ, ਜਿੱਥੇ ਲਡ਼ਕੇ ਅਤੇ ਲਡ਼ਕੀਆਂ ਪੜ੍ਹਨ ਲਈ ਆਉਂਦੇ ਹਨ ਪਰ ਇਨ੍ਹਾਂ ਰੇਹਡ਼ੀਆਂ ’ਤੇ ਸਾਰਾ ਦਿਨ ਅਾਂਡੇ ਅਤੇ ਮੀਟ ਦੀ ਹੋ ਰਹੀ ਵਿਕਰੀ ਕਰ ਕੇ ਬਹੁਤ ਸਾਰੇ ਲੋਕ ਇਨ੍ਹਾਂ ਰੇਹੜੀਆਂ ਦੇ ਆਲੇ-ਦੁਆਲੇ ਖਡ਼੍ਹੇ ਰਹਿੰਦੇ ਹਨ, ਜਿਸ ਕਰਕੇ ਸਿੱਖਿਆ ਹਾਸਲ ਕਰਨ ਲਈ ਕਾਲਜ ਆਉਣ-ਜਾਣ ਵਾਲੇ ਵਿਦਿਆਰਥੀਆਂ ’ਤੇ ਵੀ ਇਸ ਦਾ ਮਾਡ਼ਾ ਪ੍ਰਭਾਵ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਇਕ-ਇਕ ਕਰ ਕੇ ਖਡ਼੍ਹਨੀਆਂ ਸ਼ੁਰੂ ਹੋਈਆ ਇਨ੍ਹਾਂ ਰੇਹਡ਼ੀਆਂ ਦੀ ਗਿਣਤੀ ਹੁਣ ਇੰਨੀ ਵਧ ਗਈ ਹੈ ਕਿ ਸ਼ਾਮ ਢਲਦਿਆਂ ਹੀ ਚੌਕ ਵਿਚੋਂ ਲੰਘਣਾ ਹੀ ਅੌਖਾ ਹੋ ਜਾਂਦਾ ਹੈ। ਲੰਘੀ ਸ਼ਾਮ ਇਨ੍ਹਾਂ ਰੇਹਡ਼ੀਆਂ ਮੂਹਰੇ ਲੱਗੇ ਜਾਮ ਵਿਚੋਂ ਲੰਘ ਰਹੇ ਇਕ ਸ਼ਹਿਰੀ ਪ੍ਰਦੀਪ ਦਾ ਕਹਿਣਾ ਸੀ ਕਿ ਨਗਰ ਨਿਗਮ ਨੇ ਕਦੇ ਵੀ ਇਨ੍ਹਾਂ ਰੇਹਡ਼ੀਆਂ ਲਈ ਕੋਈ ਸਹੀ ਰਣਨੀਤੀ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਨਿਗਮ ਨੂੰ ਇਸ ਸਬੰਧੀ ਠੋਸ ਰਣਨੀਤੀ ਬਣਾਉਣੀ ਚਾਹੀਦੀ ਹੈ।
ਮੈਨੂੰ ਮਾਮਲੇ ਦੀ ਅਜੇ ਕੋਈ ਜਾਣਕਾਰੀ ਨਹੀਂ : ਮੈਡਮ ਅਨੀਤਾ ਦਰਸ਼ੀ
ਇਸ ਮਾਮਲੇ ਸਬੰਧੀ ਜਦੋਂ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਅਨੀਤਾ ਦਰਸ਼ੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਫੌਰੀ ਤੌਰ ’ਤੇ ਇਸ ਮਾਮਲੇ ਦੀ ਪੜਤਾਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਸਰਕਾਰ ਦੀ ਬੇਰੁਖੀ ਤੋਂ ਖਫਾ ਅਧਿਆਪਕ ਹਲਕਾ ਮੋਗਾ ਦੇ ਵਿਧਾਇਕ ਦੀ ਕੋਠੀ ਦਾ ਕੀਤਾ ਘਿਰਾਓ
NEXT STORY