ਮੋਹਾਲੀ, (ਕੁਲਦੀਪ)- ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਅੱਜ ਅਚਾਨਕ ਬੇਕਾਬੂ ਹੋਈ ਬੀ. ਐੱਮ. ਡਬਲਿਊ. ਕਾਰ ਨੇ ਪਾਰਕਿੰਗ ਵਿਚ ਖਡ਼੍ਹੇ 4 ਵਿਅਕਤੀਅਾਂ ਨੂੰ ਜ਼ਖ਼ਮੀ ਕਰ ਦਿੱਤਾ। ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕਾਰ ਚਾਲਕ ਕਾਰ ਨੂੰ ਸੰਭਾਲ ਨਹੀਂ ਸਕਿਆ, ਜਿਸ ਕਾਰਨ ਇਹ ਕਾਰ ਪਹਿਲਾਂ ਤਾਂ ਇਕ ਇਨੋਵਾ ਕਾਰ ਨਾਲ ਟਕਰਾਈ ਤੇ ਫਿਰ ਰਸਤੇ ਵਿਚ ਖਡ਼੍ਹੇ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਂਦੀ ਹੋਈ ਸਾਹਮਣੇ ਲੱਗੇ ਇਕ ਦਰੱਖਤ ਨਾਲ ਟਕਰਾ ਕੇ ਰੁਕੀ। ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿੱਧਰ ਭੱਜ ਕੇ ਆਪਣੀ ਜਾਨ ਬਚਾਉਣ।
ਹਾਦਸੇ ਵਿਚ ਨਰਿੰਦਰ ਸਿੰਘ ਨਿਵਾਸੀ ਪਿੰਡ ਹਲਾਲਪੁਰ (ਖਰਡ਼), ਅੰਮ੍ਰਿਤਪਾਲ ਸਿੰਘ ਨਿਵਾਸੀ ਸੈਕਟਰ-70 ਮੋਹਾਲੀ, ਬਲਵਿੰਦਰ ਸਿੰਘ ਨਿਵਾਸੀ ਪਿਤਾ ਜੀ ਧਾਮ ਕਾਲੋਨੀ (ਚੰਡੀਗਡ਼੍ਹ), ਗੁਰਵਿੰਦਰ ਸਿੰਘ ਨਿਵਾਸੀ ਸੈਕਟਰ-45ਬੀ (ਬੁਡ਼ੈਲ) ਚੰਡੀਗਡ਼੍ਹ ਤੇ ਕਾਰ ਚਾਲਕ ਰਾਜੀਵ ਗਰਗ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਨਰਿੰਦਰ ਸਿੰਘ ਦੀ ਹਾਲਤ ਕਾਫੀ ਗੰਭੀਰ ਦੱਸੀ ਜਾਂਦੀ ਹੈ। ਜ਼ਖ਼ਮੀਆਂ ਨੂੰ ਮੋਹਾਲੀ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਰਾਜੀਵ ਗਰਗ ਨਾਂ ਦਾ ਵਿਅਕਤੀ ਆਪਣੀ ਬੀ. ਐੱਮ. ਡਬਲਿਊ. ਕਾਰ ’ਤੇ ਏਅਰਪੋਰਟ ਤੋਂ ਕਿਸੇ ਨੂੰ ਲੈਣ ਲਈ ਗਿਆ ਹੋਇਆ ਸੀ। ਦੁਪਹਿਰ ਢਾਈ ਵਜੇ ਪਾਰਕਿੰਗ ਵਿਚ ਖਡ਼੍ਹੀ ਕਾਰ ਨੂੰ ਜਦੋਂ ਉਹ ਚਲਾਉਣ ਲੱਗਾ ਤਾਂ ਉਸ ਦੀ ਕਾਰ ਇਕ ਖਡ਼੍ਹੀ ਕਾਰ ਦੇ ਨਾਲ ਟਕਰਾ ਗਈ। ਉਸ ਤੋਂ ਬਾਅਦ ਉਹ ਇੰਨਾ ਘਬਰਾ ਗਿਆ ਕਿ ਕਾਰ ਰੁਕਣ ਦੀ ਬਜਾਏ ਹੋਰ ਤੇਜ਼ ਹੋ ਗਈ ਤੇ ਇਕ ਇਨੋਵਾ ਨਾਲ ਟਕਰਾਉਂਦਿਆਂ ਸਾਹਮਣੇ ਪਾਰਕਿੰਗ ਵਿਚ ਖਡ਼੍ਹੇ ਪ੍ਰਾਈਵੇਟ ਟੈਕਸੀਆਂ ਦੇ ਡਰਾਈਵਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਹੁੰਦਿਅਾਂ ਹੀ ਪਾਰਕਿੰਗ ਵਿਚ ਹਫਡ਼ਾ-ਦਫ਼ਡ਼ੀ ਮਚ ਗਈ ਤੇ ਟੈਕਸੀ ਚਾਲਕਾਂ ਨੇ ਆਪਣੇ ਸਾਥੀਆਂ ਨੂੰ ਆਪਣੇ ਵਾਹਨਾਂ ’ਚ ਪਾ ਕੇ ਮੋਹਾਲੀ ਦੇ ਨਿੱਜੀ ਹਸਪਤਾਲ ਪਹੁੰਚਾ ਦਿੱਤਾ।
ਮੌਕੇ ਦੇ ਗਵਾਹਾਂ ਮੁਤਾਬਕ ਦੁਪਹਿਰ ਨੂੰ ਹੋਏ ਹਾਦਸੇ ਵਿਚ ਜ਼ਖ਼ਮੀ ਹੋਏ ਸਾਥੀਆਂ ਨੂੰ ਜਦੋਂ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਤਾਂ ਕਾਰ ਚਾਲਕ ਨੇ ਕਿਹਾ ਕਿ ਉਹ ਕਿਸੇ ਦੇ ਇਲਾਜ ’ਤੇ ਪੈਸਾ ਖਰਚ ਨਹੀਂ ਕਰ ਸਕਦਾ, ਉਹ ਕਾਰ ਦੀ ਇੰਸ਼ੋਰੈਂਸ ਤੋਂ ਹੀ ਕਲੇਮ ਦਿਵਾ ਸਕਦਾ ਹੈ। ਹਸਪਤਾਲ ਮੈਨੇਜਮੈਂਟ ਨੇ ਇਕ ਵਾਰ ਤਾਂ ਇਲਾਜ ਕਰਨ ਤੋਂ ਜਵਾਬ ਦੇ ਦਿੱਤਾ ਪਰ ਜ਼ਖ਼ਮੀ ਟੈਕਸੀ ਚਾਲਕਾਂ ਦੇ ਸਾਥੀਆਂ ਨੂੰ ਇਕੱਠੇ ਹੁੰਦੇ ਵੇਖ ਜ਼ਖ਼ਮੀਆਂ ਨੂੰ ਦਾਖਲ ਕਰ ਲਿਆ ਗਿਆ।
ਪੁਲਸ ਚੌਕੀ ਇੰਚਾਰਜ ਐੱਸ. ਐੱਚ. ਓ. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਪੁਲਸ ਕੋਲ ਪਹੁੰਚੀ ਤਾਂ ਪੁਲਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲਾ ਕਾਬੂ
NEXT STORY