ਮੱਖੂ, (ਆਹੂਜਾ)– ਨੈਸ਼ਨਲ ਹਾਈਵੇ-54 ਦੀ ਮੱਖੂ ’ਚੋਂ ਲੰਘਦੀ ਭਾਰੀ ਆਵਾਜਾਈ ਵਾਲੀ ਸਡ਼ਕ ਕਿਨਾਰੇ ਲੱਗੀਆਂ ਰੇਹਡ਼ੀਆਂ-ਫਡ਼੍ਹੀਆਂ ਦੀ ਵਜ੍ਹਾ ਕਰ ਕੇ 15 ਦਿਨਾਂ ਦੇ ਅੰਦਰ ਹੋਏ 2 ਹਾਦਸਿਆਂ ’ਚ 2 ਮੌਤਾਂ ਹੋ ਚੁੱਕੀਆਂ ਹਨ। ਅੱਜ ਫਿਰ ਦਿਨੇ 12 ਵਜੇ ਦੇ ਕਰੀਬ ਭੀਡ਼ ਭਰੀ ਸਡ਼ਕ ’ਤੇ 40-45 ਸਾਲ ਦੀ ਉਮਰ ਦਾ ਇਕ ਵਿਅਕਤੀ ਅਣਪਛਾਤੇ ਵਾਹਨ ਹੇਠ ਆਉਣ ਕਰ ਕੇ ਮੌਤ ਦਾ ਗ੍ਰਾਸ ਬਣ ਗਿਆ, ਜਿਸ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੀ ਜੇਬ ’ਚੋਂ ਕੋਈ ਵੀ ਪਛਾਣ ਨਾਲ ਸਬੰਧਤ ਸਬੂਤ ਨਾ ਮਿਲਣ ਕਰ ਕੇ ਥਾਣਾ ਮੱਖੂ ਦੇ ਸਹਾਇਕ ਸਬ-ਇੰਸਪੈਕਟਰ ਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਲਾਸ਼ ਨੂੰ ਸ਼ਮਸ਼ਾਨਘਾਟ ’ਚ 72 ਘੰਟਿਆਂ ਲਈ ਰਖਵਾ ਦਿੱਤਾ।
ਜ਼ਿਕਰਯੋਗ ਹੈ ਕਿ ਬਠਿੰਡਾ ਤੋਂ ਅੰਮ੍ਰਿਤਸਰ ਸਾਹਿਬ ਤੱਕ ਚਾਰਮਾਰਗੀ ਕੌਮੀ ਜਰਨੈਲੀ ਸਡ਼ਕ ਬਣ ਜਾਣ ਕਰ ਕੇ ਵਾਹਨ ਤੇਜ਼ ਗਤੀ ਨਾਲ ਚਲਦੇ ਹਨ। ਮੱਖੂ ’ਚ ਫਲਾਈਓਵਰ ਨਾ ਬਣਿਆ ਹੋਣ ਕਰ ਕੇ ਵਾਰ-ਵਾਰ ਬੰਦ ਹੁੰਦੇ ਫਾਟਕ ਕਾਰਨ ਵਾਹਨਾਂ ਦੀਆਂ ਸਡ਼ਕ ਦੇ ਦੋਵੇਂ ਪਾਸੇ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਥਾਣੇ ਦੀ ਪੁਲਸ ਤੇ ਟਰੈਫਿਕ ਪੁਲਸ ਦੀ ਪੂਰੀ ਟੀਮ ਦੀ ਮੌਜੂਦਗੀ ਦੇ ਬਾਵਜੂਦ ਸੌਦਾ ਵੇਚਣ ਵਾਲਿਆਂ ਨੇ ਸਡ਼ਕ ਦੇ ਐਨ ਕੰਢੇ ’ਤੇ ਰੇਹਡ਼ੀਆਂ-ਫਡ਼੍ਹੀਆਂ ਲਾ ਕੇ ਰਸਤਾ ਰੋਕ ਰੱਖਿਆ ਹੈ, ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕ ਨਿੱਤ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਗੱਲ ਤਾਂ ਇਹ ਰਹੀ ਕਿ ਸਭ ਰੇਹਡ਼ੀਆਂ ਵਾਲਿਆਂ ਨੇ ਅੱਖੀ ਦੇਖੇ ਜਾਣ ਦੇ ਬਾਵਜੂਦ ਪੁਲਸ ਤੇ ਪੱਤਰਕਾਰਾਂ ਨੂੰ ਹਾਦਸੇ ਬਾਰੇ ਕੁਝ ਵੀ ਦੱਸਣ ਤੋਂ ਟਾਲਾ ਵੱਟੀ ਰੱਖਿਆ।
ਜ਼ੀਰਾ, (ਅਕਾਲੀਆਂਵਾਲਾ)–ਪਿੰਡ ਮਿਹਰ ਸਿੰਘ ਵਾਲਾ ਦੇ ਨਜ਼ਦੀਕ ਮੋਟਰਸਾਈਕਲ ਅਤੇ ਕੈਂਟਰ ਦੀ ਟੱਕਰ ਦੌਰਾਨ 3 ਭੈਣ-ਭਰਾ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਪਿੰਡ ਭੜਾਣਾ ਆਪਣੀ ਭੈਣ ਸਿਮਰਨਜੀਤ ਕੌਰ ਪਤਨੀ ਜਗਤਾਰ ਸਿੰਘ ਨਾਲ ਮੋਟਰਸਾਈਕਲ ’ਤੇ ਜ਼ੀਰਾ ਵਿਖੇ ਆ ਰਹੇ ਸਨ। ਜਦ ਉਹ ਪਿੰਡ ਮਿਹਰ ਸਿੰਘ ਵਾਲਾ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਅਗਲੇ ਪਾਸੇ ਤੋਂ ਆ ਰਹੇ ਕੈਂਟਰ ਨਾਲ ਟੱਕਰ ਹੋ ਗਈ, ਜਿਸ ਕਾਰਨ ਤਿੰਨੇ ਭੈਣ-ਭਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜ਼ੀਰਾ ਪੁਲਸ ਵੱਲੋਂ ਘਟਨਾ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਪੰਜਾਬ ਦੇ ਅਧਿਆਪਕਾਂ ਵੱਲੋਂ ‘ਕਾਲੇ ਹਫਤੇ’ ਦੀ ਸ਼ੁਰੂਆਤ
NEXT STORY