ਬਠਿੰਡਾ (ਬਲਵਿੰਦਰ)-ਲੋਕ ਸਭਾ ਹਲਕਾ ਬਠਿੰਡਾ ਤੋਂ ਹਾਰੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਅੱਜ ਇਥੇ ਕਿਹਾ ਕਿ ਜਦੋਂ ਤੱਕ ਬਾਦਲ ਪਰਿਵਾਰ ਨੂੰ ਹਰਾ ਨਹੀਂ ਲੈਂਦਾ, ਉਦੋਂ ਤੱਕ ਉਨ੍ਹਾਂ ਦੀ ਜੰਗ ਜਾਰੀ ਰਹੇਗੀ। ਬੀਬਾ ਬਾਦਲ ਇਸ ਨੂੰ ਵਿਕਾਸ ਦੀ ਜਿੱਤ ਕਹਿ ਰਹੇ ਹਨ, ਜਿਸਦੇ ਜਵਾਬ ਵਿਚ ਰਾਜਾ ਵਡ਼ਿੰਗ ਦਾ ਕਹਿਣਾ ਸੀ ਕਿ ਦਰਅਸਲ ਇਹ ਵਿਕਾਸ ਦੀ ਨਹੀਂ, ਸਗੋਂ ਸ਼ਰਾਬ ਅਤੇ ਪੈਸੇ ਦੀ ਜਿੱਤ ਹੈ, ਕਿਉਂਕਿ ਬਾਦਲ ਪਰਿਵਾਰ ਨੇ ਆਪਣਾ ਵਜੂਦ ਬਚਾਉਣ ਖਾਤਰ ਅੰਤਾਂ ਦਾ ਪੈਸਾ ਤੇ ਸਾਰੇ ਪੰਜਾਬ ਦਾ ਵਰਕਰ ਬਠਿੰਡਾ ਅਤੇ ਫਿਰੋਜ਼ਪੁਰ ’ਚ ਝੋਕ ਦਿੱਤਾ।
ਰਾਜਾ ਵਡ਼ਿੰਗ ਨੇ ਕਿਹਾ ਕਿ ‘ਕਾਂਗਰਸੀ ਵਰਕਰਾਂ ਜਾਂ ਜਨਤਾ ਨੇ ਨਹੀਂ, ਸਗੋਂ ਮੈਨੂੰ ਮੇਰੀ ਕਿਸਮਤ ਨੇ ਹਰਾਇਆ ਹੈ। ਸ਼ਾਇਦ ਅਜੇ ਹੋਰ ਸੰਘਰਸ਼ ਕਰਨਾ ਬਾਕੀ ਹੈ।’ ਉਨ੍ਹਾਂ ਕਿਹਾ ਕਿ ਜਨਤਾ ਦਾ ਫੈਸਲਾ ਉਹ ਸਿਰ-ਮੱਥੇ ਕਬੂਲ ਕਰਦੇ ਹਨ, ਪਰ ਕਿਸੇ ਨੂੰ ਵੀ ਕੋਈ ਭੁਲੇਖਾ ਨਾ ਰਹੇ, ਇਸ ਲਈ ਉਹ ਦੱਸਣਾ ਚਾਹੁੰਦੇ ਹਨ ਕਿ ਰਾਜਾ ਵਡ਼ਿੰਗ ਬਠਿੰਡਾ ਦਾ ਹੋ ਚੁੱਕਾ ਹੈ ਅਤੇ ਇਥੋਂ ਦਾ ਹੋ ਕੇ ਰਹੇਗਾ। ਉਸਦਾ ਟੀਚਾ ਹੁਣ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਹਰਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਸਮੂਹ ਵੋਟਰਾਂ ਦਾ ਧੰਨਵਾਦੀ ਹੈ ਕਿ ਉਸਨੂੰ ਇੰਨੀ ਗਿਣਤੀ ਵਿਚ ਵੋਟਾਂ ਦਿੱਤੀਆਂ।
ਰਾਜਾ ਵਡ਼ਿੰਗ ਅੱਜ ਸਿਵਲ ਹਸਪਤਾਲ ਵਿਚ ਕੁਝ ਵਰਕਰਾਂ ਦਾ ਪਤਾ ਲੈਣ ਲਈ ਆਏ ਸਨ, ਜੋ ਬੀਤੀ ਰਾਤ ਕੁਝ ਥਾਵਾਂ ’ਤੇ ਹੋਈਆਂ ਲਡ਼ਾਈਆਂ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪਿੰਡ ਮਲਕਾਣਾ, ਫੁੱਲੋਖਾਰੀ, ਗਿੱਦਡ਼ ਅਤੇ ਮਾਨ ਵਾਲਾ ਵਿਖੇ ਕੁਝ ਅਕਾਲੀ ਵਰਕਰਾਂ ਨੇ ਜਿੱਤ ਦੀ ਖੁਸ਼ੀ ਵਿਚ ਖੁੱਲ੍ਹ ਕੇ ਧੱਕੇਸ਼ਾਹੀ ਕੀਤੀ, ਜਿਨ੍ਹਾਂ ਕਾਂਗਰਸੀ ਵਰਕਰਾਂ ਨੇ ਉਸਦੀ ਮਦਦ ਕੀਤੀ, ਉਹ ਅੱਜ ਅਕਾਲੀ ਦਲ ਦੀ ਧੱਕੇਸ਼ਾਹੀ ਕਾਰਣ ਹਸਪਤਾਲ ਵਿਚ ਦਾਖਲ ਹਨ। ਮੁਲਜ਼ਮਾਂ ਵਿਰੁੱਧ ਕਾਰਵਾਈ ਤਾਂ ਹੋਵੇਗੀ ਹੀ, ਪਰ ਇਨ੍ਹਾਂ ਦੀਆਂ ਹਰਕਤਾਂ ਤੋਂ ਲੋਕਾਂ ਨੂੰ ਵੀ ਜਾਣੂ ਹੋਣਾ ਚਾਹੀਦਾ ਹੈ।
ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ
NEXT STORY