ਤਪਾ ਮੰਡੀ (ਸ਼ਾਮ, ਗਰਗ)-ਰੌਲਕੀ ਪੱਤੀ ਦੇ ਇਕ ਨੌਜਵਾਨ ਦੇ ਆਲੀਕੇ-ਬੁੱਗਰ ਵਿਚਕਾਰ 15 ਫੁੱਟ ਡੂੰਘੇ ਸੂਏ 'ਚ ਡੁੱਬਣ ਕਾਰਣ ਲਗਭਗ 6 ਘੰਟਿਆਂ ਬਾਅਦ ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਉਸ ਦੀ ਲਾਸ਼ ਨੂੰ ਬਾਹਰ ਕੱਢੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ (22) ਪੁੱਤਰ ਲੀਲਾ ਸਿੰਘ ਸਰਕਾਰੀ ਹਸਪਤਾਲ 'ਚ ਪਰਚੀਆਂ ਕੱਟਣ ਦਾ ਕੰਮ ਕਰਦਾ ਸੀ, ਆਪਣੇ 2 ਹੋਰ ਸਾਥੀਆਂ ਨਾਲ ਦੁਪਹਿਰ 1 ਵਜੇ ਦੇ ਕਰੀਬ ਆਲੀਕੇ ਤੋਂ ਬੁੱਗਰਾਂ ਨੂੰ ਜਾਂਦੇ ਸੂਏ 'ਚ ਨਹਾਉਣ ਗਏ ਤਾਂ ਇਨ੍ਹਾਂ 'ਚੋਂ ਇਕ ਸਾਥੀ ਨੇ ਨਹਾਉਣ ਤੋਂ ਇਨਕਾਰ ਕਰ ਦਿੱਤਾ ਜਦਕਿ ਬਾਕੀ ਦੋ ਛਾਲ ਮਾਰ ਕੇ ਨਹਾਉਣ ਲੱਗ ਪਏ ਤਾਂ ਇਨ੍ਹਾਂ 'ਚੋਂ ਇਕ ਸਾਥੀ ਨੂੰ ਡੁੱਬਦਾ ਦੇਖ ਪੱਟੜੀ 'ਤੇ ਖੜ੍ਹੇ ਨੌਜਵਾਨ ਨੇ ਰੌਲਾ ਪਾ ਦਿੱਤਾ ਤਾਂ ਖੇਤਾਂ 'ਚ ਝੋਨਾ ਲਾਉਂਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਤੁਰੰਤ ਸੂਏ 'ਚ ਛਾਲ ਮਾਰ ਕੇ ਉਸ ਨੂੰ ਬਾਹਰ ਕੱਢ ਲਿਆ ਪਰ ਦੂਸਰਾ ਸਾਥੀ ਸੁਖਪ੍ਰੀਤ ਸਿੰਘ (22) ਲਗਭਗ 15 ਫੁੱਟ ਡੂੰਘੇ ਸੂਏ 'ਚ ਡੁੱਬ ਗਿਆ ਤਾਂ ਪਿੰਡ 'ਚੋਂ ਵੱਡੀ ਗਿਣਤੀ 'ਚ ਪੁੱਜੇ ਦੋਸਤ, ਮਿੱਤਰ ਅਤੇ ਪਰਿਵਾਰਕ ਮੈਂਬਰ ਪਾਣੀ 'ਚ ਵੜ ਕੇ ਪਟੜੀ ਦੀਆਂ ਦੋਵਾਂ ਸਾਈਡਾਂ ਤੋਂ ਰੱਸੇ ਫੜ ਕੇ ਡੁੱਬੇ ਨੌਜਵਾਨ ਨੂੰ ਤਲਾਸ਼ਣ ਲੱਗ ਗਏ। ਜਦ ਥਾਣਾ ਮੁਖੀ ਮਲਕੀਤ ਸਿੰਘ ਚੀਮਾ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਵੀ ਬਚਾਅ ਕਾਰਜਾਂ 'ਚ ਜੁੱਟ ਗਏ ਅਤੇ ਬਠਿੰਡਾ ਤੋਂ ਐੱਨ. ਡੀ. ਆਰ. ਐੱਫ. ਦੀ ਟੀਮ ਨੂੰ ਸੂਚਨਾ ਦਿੱਤੀ ਗਈ ਤਾਂ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜਾਂ 'ਚ ਲੱਗ ਗਈ, ਸਿਰਫ 15 ਮਿੰਟਾਂ 'ਚ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਡੁੱਬੇ ਨੌਜਵਾਨ ਨੂੰ ਘਟਨਾ ਥਾਂ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਪਾਣੀ ਦੇ ਹੇਠੋਂ ਹੀ ਮ੍ਰਿਤਕ ਬਾਹਰ ਕੱਢਿਆ, ਜਿਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।
ਮ੍ਰਿਤਕ ਨੌਜਵਾਨ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਹਸਪਤਾਲ ਲਿਆਂਦੀ ਗਈ, ਜਿਥੇ ਐੱਸ. ਐੱਚ. ਓ. ਮਲਕੀਤ ਸਿੰਘ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਅੰਗਾਂ ਨੂੰ ਪਾਣੀ ਵਿਚਲੇ ਜੀਵ-ਜੰਤੂਆਂ ਨੇ ਨੁਕਸਾਨ ਵੀ ਪਹੁੰਚਾਇਆ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਲੀਲਾ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਬਰਨਾਲਾ ਭੇਜ ਦਿੱਤੀ ਹੈ।
ਦੱਸਣਯੋਗ ਹੈ ਕਿ ਕਈ ਸਾਲ ਪਹਿਲਾਂ ਵੀ ਇਥੋਂ ਦੇ ਇਕ ਨੌਜਵਾਨ ਦੀ ਇਸੇ ਸੂਏ 'ਚ ਡੁੱਬਣ ਕਾਰਣ ਮੌਤ ਹੋਈ ਸੀ। ਮ੍ਰਿਤਕ ਨੌਜਵਾਨ ਆਪਣੇ 2 ਭਰਾ, ਭੈਣ, ਮਾਤਾ-ਪਿਤਾ, ਸਕੇ ਸਬੰਧੀਆਂ, ਰਿਸ਼ਤੇਦਾਰਾਂ, ਦੋਸਤ, ਮਿੱਤਰਾਂ, ਗੁਆਂਢੀਆਂ ਨੂੰ ਰੋਂਦੇ ਕੁਰਲਾਉਂਦਿਆਂ ਛੱਡ ਗਿਆ ਹੈ। ਅੱਜ ਵੱਡੀ ਗਿਣਤੀ 'ਚ ਇਸ ਨੌਜਵਾਨ ਦਾ ਰਾਮ ਬਾਗ ਤਪਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪੈਸਿਆਂ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਸੁਨਿਆਰੇ ਨੇ ਕੀਤੀ ਖੁਦਕੁਸ਼ੀ
NEXT STORY