ਸਾਡੇ ਸਮਾਜ ਵਿਚ ਅਕਸਰ ਬੰਦੇ ਦੇ ਕੰਮ ਨਾਲ ਹੀ ਉਸ ਦੀ ਪਹਿਚਾਣ ਨੂੰ ਜੋੜ ਲਿਆ ਜਾਂਦਾ ਹੈ। ਇੰਝ ਕਹਿ ਲਈਏ ਕਿ ਕੰਮ ਕਾਜ ਵਿੱਚ ਹਰ ਰੋਜ ਵਰਤੇ ਸ਼ਬਦ ਜ਼ੁਬਾਨ ਦੇ ਤਕੀਆ ਕਲਾਮ ਬਣ ਜਾਂਦੇ ਹਨ, ਜੋ ਉਸ ਦੀ ਸ਼ਖ਼ਸੀਅਤ ਦਾ ਅੰਗ ਬਣ ਜਾਂਦੇ ਹਨ। ਇਸ ਤਰ੍ਹਾਂ ਦੇ ਹਾਵ-ਭਾਵ ਰੱਖਣ ਵਾਲੇ ਨੇ ਸਾਡੇ ਬਾਬੂ ਸਤੀਸ਼ ਕੁਮਾਰ ਹਨ, ਜੋ ਸਟੇਟ ਬੈਂਕ ਆਫ ਇੰਡੀਆ ਦੀ ਐਗਰੀਕਲਚਰ ਡਿਪੈਲਪਮੈਂਟ ਬ੍ਰਾਂਚ ’ਚ ਬਤੌਰ ਮਨੈਜਰ ਸੇਵਾ ਨਿਭਾ ਰਹੇ ਹਨ। ਰੋਜ਼ਾਨਾ ਬੱਸ ਰਾਹੀਂ 70-80 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵੀ ਉਨ੍ਹਾਂ ਦੇ ਚਿਹਰੇ ’ਤੇ ਥਕਾਵਟ ਦੀ ਸ਼ਿਕਨ ਮਹਿਸੂਸ ਨਹੀਂ ਹੁੰਦੀ। ਸਵੇਰ-ਸ਼ਾਮ ਸੈਰ ਤੇ ਕਸਰਤ ਕਰਨ ਕਰਕੇ ਉਨ੍ਹਾਂ ਦੀ 59 ਸਾਲਾਂ ਦੀ ਉਮਰ ਦਾ ਪਤਾ ਨਹੀਂ ਲੱਗਦਾ। ਬਾਕੀ ਉਨ੍ਹਾਂ ਦਾ ਹਸਮੁੱਖ ਤੇ ਮਿਲਾਪੜਾਪਣ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ ।
ਬੈਂਕ ਵਿੱਚ ਉਨ੍ਹਾਂ ਦੀ ਡਿਊਟੀ ਕਿਸਾਨਾਂ ਦੇ ਲੋਨ, ਕਰਜ਼ੇ ਅਤੇ ਲਿਮਟਾਂ ਦੀ ਰੀਕਵਰੀ ’ਤੇ ਹੋਣ ਕਰਕੇ ਅਕਸਰ ਪਿੰਡਾਂ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ੳਹ ਕਿਸਾਨਾਂ ਦੀ ਮਾੜੀ ਹਾਲਤ ਵੇਖ ਉਨ੍ਹਾਂ ਤੋਂ ਕਰਜ਼ਾ ਵਸੂਲੀ ਵਿਚ ਅਕਸਰ ਛੋਟ ਕਰਵਾ ਦਿੰਦੇ ਸਨ। ਜਿਸ ਕਰਕੇ ਪਿੰਡਾਂ ਵਿੱਚ ਉਨ੍ਹਾਂ ਨੂੰ ਕਰਜ਼ੇ ਵਸੂਲੀ ਵਾਲੇ ਅਫਸਰ ਨਾ ਕਹਿਕੇ ਕਰਜ਼ਾ ਮਾਫੀ ਵਾਲੇ ਮਨੈਜਰ ਕਿਹਾ ਜਾਂਦਾਂ ਸੀ। ਇਸ ਭਾਈਚਾਰਕ ਭਾਵਨਾਂ ਕਰਕੇ ਉਨ੍ਹਾਂ ਦੀ ਥੋੜ੍ਹੇ ਸਮੇਂ ਵਿੱਚ ਹੀ ਬਦਲੀ ਹੁੰਦੀ ਰਹਿੰਦੀ ਸੀ, ਜਿਸ ਤੋਂ ਭਲੀ-ਭਾਂਤ ਉਹ ਜਾਣੂ ਸਨ।
ਘਰ ਵਿੱਚ ਸਵੇਰੇ ਗਲੀ/ਮੁਹੱਲੇ ਵਿਚ ਦੋ ਭਰਾਵਾਂ ਦੀ ਲੜਾਈ ਦਾ ਫੈਸਲਾ ਕਰਵਾਉਂਦੇ ਹੋਏ ਉਹ ਡਿਊਟੀ ’ਤੇ ਜਾਣ ਲਈ ਲੇਟ ਹੋ ਗਏ। ਮੈਨੇਜਰ ਸਾਹਿਬ ਨੇ ਆਪਣੀ ਪਤਨੀ ਨੂੰ ਕਿਹਾ ਕਿ ਰਾਧਾ ਜਲਦੀ ਕਰ ਖਾਣਾ ਅੱਜ ਮੈਂ ਦਫ਼ਤਰ ਖਾ ਲਵਾਂਗਾ, ਤੂੰ ਬੈਗ ਫੜਾ । ਅੱਗੋਂ ਰਾਧਾ ਬੋਲੀ ਜਾਵੇ ਕਿ ਨਾ ਹੋਰ ਮਕਾ ਆਵੋ ਜੇ ਕੋਈ ਲੜਾਈ ਝਗੜਾ ਰਹਿੰਦਾ ਹੈ ਤਾਂ, ਨਾਲੇ ਅੱਜ ਵੱਡੀ ਭੈਣ ਰਾਣੀ ਨੇ ਵੀ ਆਉਣਾ ਹੈ ਕੁੜੀ ਦਾ ਵਿਆਹ ਦੇਣ, ਉਹ ਨਾਨਕਾਸ਼ੱਕ ਬਾਰੇ ਕਹਿੰਦੇ ਸੀ। ਰਾਧਾ ਸ਼ਾਮ ਨੂੰ ਘਰ ਆ ਗੱਲ ਕਰਦਾ, ਅੱਜ ਬੈਂਕ ਵਿੱਚ ਚੀਫ ਜਨਰਲ ਮੈਨੇਜਰ ਨੇ ਚੈਕਿੰਗ ਲਈ ਆਉਣਾ ਹੈ, ਮੇਰੀ ਬੱਸ ਨਾ ਨਿਕਲ ਜਾਵੇ ਕੀਤੇ। ਬੱਸ ਸਟੈਂਡ ’ਚ ਸਕੂਟਰ ਪਾਰਕ ਕਰ ਆਖਿਰ ਬੱਸ ਮਿਲ ਗਈ। ਉਹ ਅਕਸਰ ਹੀ ਪੀ. ਆਰ. ਟੀ. ਸੀ. ਬੱਸ ’ਤੇ ਆਉਂਦੇ-ਜਾਦੇਂ ਹੋਣ ਕਰਕੇ ਡਰਾਈਵਰ ਤੇ ਕੰਡਕਟਰ ਨਾਲ ਜਾਣ-ਪਹਿਚਾਣ ਚੰਗੀ ਸੀ । ਬੱਸ ਵਿਚ ਬਹੁਤ ਭੀੜ ਸੀ ਪਰ ਡਰਾਈਵਰ ਕੁਲਵੰਤ ਸਿੰਘ ਮਨੈਜਰ ਸਾਹਿਬ ਲਈ ਕੰਡਕਟਰ ਸੀਟ ਖਾਲੀ ਰੱਖਦਾ ਸੀ। ਜਦੋਂ ਕੰਡਕਟਰ ਨੇ ਮਨੈਜਰ ਸਾਹਿਬ ਨੂੰ ਟਿਕਟ ਲੈਣ ਲਈ ਕਿਹਾ ਤਾਂ ਮੈਨਜਰ ਸਾਹਿਬ ਨੇ ਚੈਕ ਕੀਤਾ ਕਿ ਕਾਹਲ ਕਾਹਲ ਵਿੱਚ ਉਹ ਆਪਣਾ ਬਟੂਆ/ਪਰਸ ਪੈਸੇ ਘਰ ਹੀ ਭੁੱਲ ਆਏ ਤੇ ਕਹਿਣ ਲੱਗੇ ਮੈਂ ਹਰਰੋਜ ਦਾ ਆਉਣ ਜਾਣ ਵਾਲਾ ਹਾਂ ਅੱਜ ਮੈਂ ਬਟੂਆ/ਪਰਸ ਘਰ ਭੁੱਲ ਆਇਆ ਤੁਸੀਂ ਟਿਕਟ ਦੇ ਦੇਵੋ ਪੈਸੇ ਸ਼ਾਮ ਨੂੰ ਦੇ ਦੇਵਾਂਗਾ। ਕੰਡਕਟਰ ਨਵਾਂ ਹੋਣ ਕਰਕੇ ਮਨੈਜਰ ਨੂੰ ਨਹੀਂ ਜਾਣਦਾ ਸੀ। ਕਹਿਣ ਲੱਗਾ " ਨਹੀਂ ਵੀਰ ਜੀ ਅੱਗੇ ਚੈਕਰ ਖੜ੍ਹੇ ਨੇ ਤੁਸੀਂ ਆਪਣੇ ਕਿਸੇ ਨਾਲਦੇ ਤੋਂ ਲੈ ਕੇ ਪੈਸੇ ਟਿਕਟ ਲਵੋ ਜੀ "।
ਮਨੈਜਰ ਸਤੀਸ਼ ਕੁਮਾਰ ਹਾਲੇ ਕੁੱਝ ਸੋਚ ਹੀ ਰਿਹਾ ਸੀ ਕਿ ਡਰਾਈਵਰ ਕੁਲਵੰਤ ਨੇ ਮਖੋਲੀਆ ਅੰਦਾਜ਼ ’ਚ ਨਵੇਂ ਕੰਡਕਟਰ ਮੁੰਡੇ ਨੂੰ ਪੈਸੇ ਫੜਾਉਂਦਿਆਂ ਕਿਹਾ ‘ਟਿਕਟ ਦੇ ਦੇ, ਇਹ ਆਪਣੀ ਪੱਕੀ ਸਵਾਰੀ, ਇਨ੍ਹਾਂ ਦਾ ਪੈਸਾ ਡੁੱਬਦਾ’। ਅੱਗੋਂ ਮਨੈਜਰ ਨੇ ਵੀ ਹੱਸਦੀਆਂ ਕਿਹਾ ਸ਼ਾਮ ਨੂੰ ਮੋੜ ਦੇਵਾਂਗੇ ਤੁਹਾਡਾ ਕਰਜ਼ਾ।
ਸਮੇਂ ਸਿਰ ਬੈਂਕ ’ਚ ਪਹੁੰਚ ਮਨੈਜਰ ਸਾਹਿਬ ਨੇ ਪ੍ਰਮਾਤਮਾ ਦਾ ਸ਼ੁਕਰ ਮਨਾਇਆ। ਦਫ਼ਤਰ ਵਿੱਚ ਰੋਜ਼ ਦੀ ਤਰ੍ਹਾਂ ਅੱਜ ਦਾ ਦਿਨ ਵੀ ਵਧੀਆ ਲੰਘ ਗਿਆ। ਸ਼ਾਮ ਨੂੰ ਬੱਸ ਸਟੈਂਡ ਵਿੱਚ ਪਹੁੰਚਦਿਆਂ ਹੀ ਉਹ ਕੁਲਵੰਤ ਨੂੰ ਲੱਭਣ ਲੱਗਾ ਸੀ ਕਿ ਉਸ ਨੂੰ ਸਾਹਮਣੇ ਆਉਂਦਾ ਕੁਲਵੰਤ ਕੁੱਝ ਉਦਾਸ ਜਿਹਾ ਨਜ਼ਰ ਆਇਆ। ਮਨੈਜਰ ਸਾਹਿਬ ਨੇ ਉਸ ਨੂੰ ਪੈਸੇ ਮੋੜਦੇ ਹੋਇਆਂ ਉਸ ਦੇ ਮੂੜ ਨੂੰ ਠੀਕ ਕਰਨ ਲਈ ਹੱਸਦਿਆਂ ਹੋਇਆਂ ਕਹਿਣ ਲੱਗਾ "ਕਿਵੇਂ ਅੱਜ ਸਰੀਰ ਭੰਨਿਆ ਭੰਨਿਆ ਲੱਗਦਾ ਕੀ ਗੱਲ ਕਿ ਸਮਾਨ ਦੀ ਤੋੜ ਲੱਗੀ ਹੋਈ ਐ।" "ਨਹੀਂ ਮਨੈਜਰ ਸਾਹਿਬ ਇਹੋ ਜਿਹੀ ਤਾਂ ਕੋਈ ਗੱਲ ਨੀ ਨਾਲੇ ਤਹਾਨੂੰ ਤਾਂ ਪਤਾ ਹੈ ਕਿ ਆਪਾਂ ਤਾਂ ਕੋਈ ਵੀ ਨਸ਼ਾ ਨੀ ਕਰਦੇ ਨਾਲੇ ਸਾਥੋਂ ਵੱਧ ਨਸ਼ਾ ਤਾਂ ਵਿਹਲੜ ਹੀ ਕਰ ਜਾਂਦੇ ਨੇ ਸਾਡੇ ਡਰਾਈਵਰ ਵੀਰ ਤਾਂ ਬਦਨਾਮ ਹੀ ਨੇ।
ਮੇਰੇ ਮਨ ਤਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਖ਼ਰਾਬ ਹੈ। 10-11 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ, ਹਾਲੇ ਵੀ ਅਸੀਂ ਕੱਚੇ ਮੁਲਾਜ਼ਮਾ ਹਾਂ ਤੇ ਰਹਿੰਦਾ-ਖੁਹਿੰਦਾ ਮੇਰੀ ਬਦਲੀ ਘਰ ਤੋਂ 200 ਕਿਲੋਮੀਟਰ ਦੂਰ ਕਰ ਦਿੱਤੀ। ਪਹਿਲਾਂ ਤਾਂ ਇੱਕ ਦਿਨ ਛੱਡ ਘਰ ਚਲੇ ਜਾਂਦੇ ਸੀ ਹੁਣ ਤਾਂ ਹਫਤੇ ਬਾਅਦ ਘਰ ਦਾ ਮੂੰਹ ਵੇਖਿਆ ਕਰਾਂਗੇ"। ਮਨੈਜਰ ਕੁਲਵੰਤ ਦੀ ਗੱਲ ਸੁਣ ਖੁਦ ਵੀ ਸੋਚਾਂ ਵਿਚ ਪੈ ਗਿਆ, ਹੈ ਤਾਂ ਔਖਾ। ਆਪਣੀ ਚੁੱਪ ਨੂੰ ਤੋੜਦਾ ਹੋਇਆ ਬੋਲਿਆ ਛੱਡ ਕੁਲਵੰਤ, ਕਿਉਂ ਮਨ ਦੁਖੀ ਕੀਤਾ " ਲਿਖੀਆਂ ਲੇਖ ਦੀਆਂ ਭੋਗ ਮਨਾਂ ਚਿੱਤ ਲਾ ਕੇ" ਇਨ੍ਹਾਂ ਕਹਿੰਦੇ ਹੋਏ ਮਨੈਜਰ ਆਪਣੀ ਬੱਸ ਵੱਲ ਦੋੜ ਪਿਆ।
ਅਗਲੀ ਹੀ ਸਵੇਰ ਮਨੈਜਰ ਸਾਹਿਬ ਨੂੰ ਆਪਣਾ ਸਫ਼ਰ ਕੁਲਵੰਤ ਸਿੰਘ ਬਿਨਾਂ ਓਪਾਰਾ ਜਿਹਾ ਲੱਗਿਆ ਕਿਉਂਕਿ ਅੱਜ ਉਸ ਬੱਸ ਦਾ ਡਰਾਈਵਰ ਨਵਾਂ ਸੀ। ਅੱਜ ਉਹ ਲੋਕ ਅਦਾਲਤ ਹੋਣ ਕਰਕੇ ਬੈਂਕ ਦੁਪਹਿਰ ਦੇ ਸਮੇਂ ਪਹੁੰਚਿਆ। ਵੇਖਿਆ ਕਿ ਇੱਕ ਬਾਬਾ ਜੀ ਉਨ੍ਹਾਂ ਬਾਰੇ ਵਾਰਮਾ ਸਾਹਿਬ ਨੂੰ ਪੁੱਛ ਰਹੇ ਸਨ ਤਾਂ ਮਨੈਜਰ ਸਾਹਿਬ ਨੇ ਫ਼ਤਹਿ ਬਲਾਉਂਦੇ ਹੋਏ ਬਾਬਾ ਜੀ ਨੂੰ ਆਪਣੇ ਟੇਬਲ ਦੇ ਕੋਲ ਬੁਲਾ ਲਿਆ ਤੇ ਬੈਠਣ ਲਈ ਕੁਰਸੀ ਦਿੰਦੇ ਹੋਏ ਬੋਲੇ ਹਾਂ ਜੀ ਬਾਬਾ ਜੀ ਪਹਿਲਾਂ ਇਹ ਦੱਸੋ ਚਾਹ ਪਿਓਗੇਂ ਜਾਂ ਠੰਡਾ। ਇਹ ਕਹਿੰਦੇ ਸੇਵਾਦਾਰ ਨੂੰ ਪਾਣੀ ਲਿਆਉਣ ਲਈ ਕਿਹਾ। "ਬੱਸ ਪੁੱਤ ਚਾਹ ਪਾਣੀ ਕਿੱਥੇ ਚੰਗਾ ਲੱਗਦਾ ਜਦੋਂ ਸਿਰ ’ਤੇ ਕਰਜ਼ਾ ਹੋਵੇ, ਉੱਤੇ ਰੱਬ ਦਾ ਵੈਰੀ ਬਣਿਆ ਪਤਾਂ ਨੀ ਕਿਹੜਾ ਜਨਮਾਂ ਦਾ ਕਰਜ਼ਾ ਵਸੂਲ ਕਰ ਰਿਹਾ, ਇਸ ਵਾਰ ਦੀ ਤਾਂ ਸਾਰੀ ਫ਼ਸਲ ਮੀਂਹ ਨੇ ਖ਼ਰਾਬ ਕਰ ਦਿੱਤੀ। ਫ਼ਸਲਾਂ ਦੇ ਸਿਰ ’ਤੇ ਹੀ ਅਸੀਂ ਕਰਜ਼ਾ ਮੋੜੀਦਾ, ਉੱਤੋਂ ਮਾੜੀਆਂ ਸਪਰੇਆਂ। ਸਰਕਾਰਾਂ ਕੁੱਝ ਨਹੀਂ ਸੋਚਦੀ ਸਾਡੇ ਕਿਸਾਨਾਂ ਬਾਰੇ, ਬਾਬੇ ਨੇ ਇੱਕੋ ਸਾਹ ਸਾਰੀ ਗੱਲ ਕਹਿ ਦਿੱਤੀ। "ਕੋਈ ਗੱਲ ਨੀ ਬਾਬਾ ਜੀ ਕਰਜ਼ੇ ਵੀ ਲਹਿ ਜਾਣਗੇ, ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਤੁਸੀਂ ਕਿਸੇ ਪਰਿਵਾਰਕ ਮੈਂਬਰ ਨੂੰ ਨਾਲ ਲੈਕੇ ਆਇਆ ਕਰੋ"। ਆਪਣੇ ਰਜਿਸਟਰ ਤੇ ਕਰਜ਼ੇ ਦੀ ਬਕਾਇਆ ਲਿਸਟ ਵਿਖਾਉਂਦੇ ਹੋਏ ਮਨੈਜਰ ਸਾਹਿਬ ਨੇ ਬਾਬੇ ਨੂੰ ਕਿਹਾ। ਬਾਬੇ ਨੇ ਨਾਲ ਆਈ ਆਪਣੀ ਪੋਤਰੀ ਬਾਰੇ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ "ਹੁਣ ਤਾਂ ਇਹੀ ਮੇਰਾ ਵਾਰਸ ਐ। ਇੱਕ ਪੁੱਤ ਸੀ, ਉਹ ਨਸ਼ਿਆਂ ਨੇ ਡੋਬ ਤਾਂ, ਮਾਂ ਉਸ ਦੇ ਵਿਯੋਗ ’ਚ ਹਾਰਟ-ਅਟੈਕ ਨਾਲ ਸਵਰਗਵਾਸ ਹੋ ਗਈ। ਪੋਤਰਾ ਆਪਣਾ ਹਿੱਸਾ ਲੈ ਵਿਆਹ ਕਰਵਾ ਕੇ ਵਿਦੇਸ਼ ਤੁਰ ਗਿਆ। ਹੁਣ ਤਾਂ ਬੱਸ ਇਹ ਹੀ ਮੇਰੀ ਧੀ ਆ ਇਹ ਹੀ ਮੇਰਾ ਪੁੱਤ ਆ, ਇਹੀ ਸਾਡਾ ਸਾਹਰਾ ਹੈ। ਇਹ ਦੁਖੜਾ ਬਿਆਨ ਕਰਦੇ ਹੋਏ ਬਾਬਾ ਜੀ ਦੇ ਹੰਝੂ ਨਿਕਲ ਮੈਨੇਜਰ ਦੇ ਮੇਜ਼ ਉੱਤੇ ਪਾਣੀ ਵਾਂਗ ਵਹਿ ਤੁਰੇ। ਮੈਨੇਜਰ ਸਾਹਿਬ ਨੇ ਆਪਣੇ ਆਪ ਨੂੰ ਸੰਭਾਲਦਿਆਂ ਬਾਬੇ ਦੀ ਪੋਤੀ ਨੂੰ ਕਰਜ਼ੇ ਦੇ ਬਕਾਏ ਬਾਰੇ ਸਮਝਾਉਂਦੇ ਹੋਏ ਆਪਣੇ ਦਾਦਾ ਜੀ ਦਾ ਖਿਆਲ ਰੱਖਣ ਨੂੰ ਕਿਹਾ। ਚਾਹੇ ਬਾਬਾ ਜੀ ਬੈਂਕ ’ਚੋਂ ਚਲੇ ਗਏ ਸਨ ਪਰ ਮੈਨੇਜਰ ਦਾ ਧਿਆਨ ਹਾਲੇ ਵੀ ਉਨ੍ਹਾਂ ਵਿੱਚ ਹੀ ਸੀ ।
ਕੁਝ ਦਿਨਾਂ ਬਾਅਦ ਕੁਲਵੰਤ ਆਪਣੇ ਬੇਟੇ ਦੀ ਯੂਨੀਵਰਸਿਟੀ ਦਾਖਲਾ ਫੀਸ ਜਮਾਂ ਕਰਵਾਉਣ ਲਈ ਬੈਂਕ ਵਿੱਚ ਆਇਆ। ਜਦੋਂ ਉਹ ਕੈਸ਼ ਕਾਊਂਟਰ ’ਤੇ ਫੀਸ ਜਮ੍ਹਾਂ ਕਰਵਾਉਣ ਲੱਗਾ ਤਾਂ ਕੈਸ਼ੀਅਰ ਨੇ ਕਿਹਾ, ਇਸ ਉਪਰ ਲੇਟ ਫੀਸ 2000 ਲੱਗੇਗੀ। ਕੁਲਵੰਤ ਕੋਲ ਹੋਰ ਪੈਸੇ ਨਹੀਂ ਸਨ, ਫੀਸ ਭਰਨੀ ਵੀ ਜ਼ਰੂਰੀ ਸੀ, ਬੇਟੇ ਦੀ ਪੜ੍ਹਾਈ ਪਹਿਲਾਂ ਹੀ ਲੇਟ ਸੀ। ਉਸ ਦੀ ਨਿਗਾਹ ਮੈਨੇਜਰ ਸਤੀਸ਼ ਬਾਬੂ ’ਤੇ ਪਈ। ਕੁਲਵੰਤ ਨੇ ਮੈਨੇਜਰ ਬਾਬੂ ਤੋਂ 2000 ਰੁਪਏ ਉਧਾਰ ਲੈ ਕੇ ਫੀਸ ਜਮ੍ਹਾ ਕਰਵਾ ਦਿੱਤੀ।
ਕੁੱਝ ਦਿਨਾਂ ਬਾਅਦ ਮੈਨੇਜਰ ਆਪਣੀਆਂ ਅੱਖਾਂ ਦਾ ਟੈਸਟ ਕਰਵਾਉਣ ਲਈ ਆਪਣੇ ਸ਼ਹਿਰ ਸਰਕਾਰੀ ਹਸਪਤਾਲ ਡਾਕਟਰ ਕੋਲ ਗਿਆ ਚੈੱਕਅਪ ਕਰਵਾਉਣ ਤੋਂ ਬਾਅਦ ਵਾਪਸੀ ਸਮੇਂ ਹਸਪਤਾਲ ਵਿੱਚ ਕਲਵੰਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਸਟੈਚਰ ’ਤੇ ਪਏ ਹੋਏ ਨੂੰ ਵੇਖ ਹੈਰਾਨ ਰਹਿ ਗਿਆ। ਮੈਨੇਜਰ ਸਾਹਿਬ ਨੇ ਕੁਲਵੰਤ ਦੀ ਪਤਨੀ ਨੂੰ ਇਸ ਘਟਨਾ ਬਾਰੇ ਪੁੱਛਿਆ ।ਕੁਲਵੰਤ ਦੀ ਪਤਨੀ ਨੇ ਦੱਸਿਆ ਕਿ ਕੱਲ੍ਹ ਇਨ੍ਹਾਂ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਸੀ। ਪਿਛਲੇ ਕਈ ਘੰਟਿਆਂ ਤੋਂ ਇਹ ਬੇਹੋਸ਼ ਹਨ। ਨਰਸ ਨੇ ਪਰਚੀ ਫੜ੍ਹਾਉਦੇ ਹੋਏ ਕੁਲਵੰਤ ਦੀ ਪਤਨੀ ਨੂੰ ਬਲੱਡ ਲੈ ਕੇ ਆਉਣ ਲਈ ਕਿਹਾ। ਕੁਲਵੰਤ ਦੀ ਪਤਨੀ ਨੇ ਕਿਹਾ ਇਨ੍ਹਾਂ ਦਾ ਬਲੱਡ ਗਰੁੱਪ, ਇੱਥੇ ਕਿਸੇ ਵੀ ਬਲੱਡ ਬੈਂਕ ਵਿੱਚੋਂ ਨਹੀਂ ਮਿਲ ਰਿਹਾ, ਨਾ ਹੀ ਸਾਡਾ ਕੋਈ ਜਾਣਕਾਰ ਹੈ ਇੱਥੇ। ਮੈਨੇਜਰ ਅਤੇ ਕੁਲਵੰਤ ਦਾ ਬਲੱਡ ਗਰੁੱਪ ਇੱਕ ਹੋਣ ਕਰਕੇ ਮੈਨੇਜਰ ਸਾਹਿਬ ਆਪਣਾ ਬਲੱਡ ਦੇ ਦਿੱਤਾ ਤੇ ਕੁਲਵੰਤ ਦੀ ਜਾਨ ਬਚ ਗਈ ।
ਜਦੋਂ ਹੀ ਕੁਲਵੰਤ ਤੰਦਰੁਸਤ ਹੋਇਆ ਤਾਂ ਉਹ ਬੈਂਕ ਮੈਨੇਜਰ ਤੋਂ ਲਏ ਹੋਏ ਪੈਸੇ ਪੈਸੇ ਮੋੜਦਾ ਹੋਇਆ ਬੋਲਿਆ ਮੈਂ ਤੁਹਾਡਾ ਇਹ ਕਰਜ਼ਾ ਤਾਂ ਉਤਾਰ ਦਿੱਤਾ ਪ੍ਰੰਤੂ ਤੁਹਾਡੇ ਦਿੱਤੇ ਹੋਏ ਬਲੱਡ ਜਿਸ ਨੇ ਮੇਰੀ ਜਾਨ ਬਚਾਈ ਹੈ ਉਸ ਦਾ ਕਰਜ਼ ਮੈਂ ਇਸ ਜਨਮ ਵਿੱਚ ਤਾਂ ਨਹੀਂ ਮੋੜ ਸਕਦਾ। ਅੱਗੋਂ ਮੈਨੇਜਰ ਨੇ ਹੱਸਦਿਆਂ ਹੋਇਆਂ ਕੁਲਵੰਤ ਦੀ ਗੱਲ ਕੱਟਦਿਆਂ ਹੋਇਆਂ ਕਿਹਾ, ਨਹੀਂ ਤੂੰ ਇਸੇ ਜਨਮ ਸਭ ਕਾਰਜ ਉਤਾਰ ਸਕਦਾਂ। ਕੋਈ ਗੱਲ ਨੀ ਜਦੋਂ ਤੂੰ ਤੰਦਰੁਸਤ ਹੋ ਗਿਆ, ਬਲੱਡ ਬੈਂਕ ਜਾਕੇ ਉੱਥੇ ਆਪਣਾ ਬਲੱਡ ਦਾਨ ਕਰ ਆਉਣਾ, ਤੇਰਾ ਕਰਜ਼ ਉੱਤਰ ਜਾਵੇਗਾ। ਤੇਰੇ ਦਿੱਤੇ ਹੋਏ ਬਲੱਡ ਨਾਲ ਕਿਸੇ ਹੋਰ ਦੀ ਜਾਨ ਬਚ ਜਾਵੇਗੀ । ਕੁਲਵੰਤ ਬਲੱਡ ਬੈਂਕ ਪਹੁੰਚਿਆ ਅਤੇ ਕਿਸੇ ਜ਼ਰੂਰਤਮੰਦ ਲਈ ਆਪਣਾ ਬਲੱਡ ਦਾਨ ਕੀਤਾ ਫਿਰ ਹੀ ਉਹਦੇ ਮਨ ਨੂੰ ਚੈਨ ਆਇਆ। ਉਸ ਨੇ ਆਪਣੀ ਰੁਕੀ ਹੋਈ ਜ਼ਿੰਦਗੀ ਮੁੜ ਰਫਤਾਰ ਫੜਦੀ ਵੇਖੀ ਤੇ ਖੁਸ਼ੀ ਖੁਸ਼ੀ ਉਹ ਘਰ ਵਾਪਸ ਆਇਆ। ਉਹ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ ਕਿ ਮੈਨੇਜਰ ਸਾਹਿਬ ਸੁੱਖ ਵਾਲਾ ਕਰਜ਼ ਦੇਣਾ ਵੀ ਜਾਣਦੇ ਹਨ ਅਤੇ ਦੁੱਖਾਂ ਵਾਲਾ ਕਰਜ਼ਾ ਵਸੂਲ ਕੇ ਖੁਸ਼ਹਾਲ ਜ਼ਿੰਦਗੀ ਦੇ ਰਾਹ ਤੋਰਨਾ ਵੀ। ਇਹੋ ਜਿਹੇ ਬੰਦਿਆਂ ਨੂੰ ਪਰਮਾਤਮਾ ਸਦਾ ਤੰਦਰੁਸਤ ਰੱਖੇ...ਲੰਮੀਆਂ ਉਮਰਾਂ ਬਖਸ਼ੇ।
ਪ੍ਰੋਫੈਸਰ ਗੁਰਮੀਤ ਸਿੰਘ
ਸਰਕਾਰੀ ਕਾਲਜ ਮਾਲੇਰਕੋਟਲਾ
ਸੰਗਰੂਰ
94175-45100
ਲੇਖ - ਲਾਲਚੀ ਮਨੁੱਖ ਦਾ ਰੁੱਖ ਸੰਗ ਸੰਵਾਦ
NEXT STORY