ਅੱਜ ਕਲਾਸ ਵਿੱਚ ਹਰਮਨ ਦਾ ਦੋਸਤ ਬਲੈਕ ਹੋਲ ਬਾਰੇ ਦੱਸ ਰਿਹਾ ਸੀ ਕਿ ਇਹ ਆਪਣੇ ਅੰਦਰ ਸਾਰੀਆਂ ਚੀਜਾਂ ਇੱਥੋਂ ਤੱਕ ਕਿ ਗ੍ਰਹਿ ਦੇ ਗ੍ਰਹਿ ਵੀ ਨਿਘਲ ਜਾਂਦਾ ਹੈ ।ਹਰਮਨ ਸਾਰਾ ਕੁੱਝ ਬਹੁਤ ਹੀ ਧਿਆਨ ਨਾਲ ਸੁਣ ਰਿਹਾ ਸੀ। ਹਰਮਨ ਦੇ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਸਨ।ਉਸਦੇ ਪਿਤਾ ਰੋਜਾਨਾ ਸ਼ਹਿਰ ਵਿੱਚ ਸਾਈਕਲ ਤੇ ਮਜ਼ਦੂਰੀ ਦੀ ਭਾਲ ਵਿੱਚ ਜਾਂਦਾ ਸੀ। ਕਈ ਵਾਰ ਕੰਮ ਨਾ ਮਿਲਣ ਕਾਰਣ ਖਾਲੀ ਹੱਥ ਵੀ ਘਰ ਪਰਤਣਾ ਪੈਂਦਾ ਸੀ ।ਹਰਮਨ ਦਾ ਪਿਤਾ ਸਰਾਬ ਪੀਣ ਦਾ ਆਦੀ ਸੀ।ਸਹਿਰੋਂ ਕੰਮ ਬਦਲੇ ਉਸਨੂੰ ਜੋ ਮਿਹਨਤ ਮਜ਼ਦੂਰੀ ਮਿਲਦੀ ਸੀ ਉਹ ਉਸਨੂੰ ਨਸ਼ੇ ਵਿੱਚ ਉਡਾ ਦਿੰਦਾ ਸੀ।ਪੀਣ ਤੋਂ ਬਾਅਦ ਉਹ ਰੋਜਾਨਾ ਘਰ ਆ ਕੇ ਕਲੇਸ਼ ਵੀ ਕਰਦਾ। ਹਰਮਨ ਨੂੰ ਇਹ ਸਭ ਕੁੱਝ ਵਧੀਆ ਨਾ ਲਗਦਾ।ਉਹ ਡਰ ਕੇ ਆਪਣੀ ਦਾਦੀ ਕੋਲ ਜਾ ਕੇ ਬੁੱਕਲ ਵਿੱਚ ਬੈਠ ਲੁਕ ਜਾਂਦਾ ਅਤੇ ਅੱਖਾਂ ਵਿੱਚ ਹੰਝੂ ਲੈ ਕੇ ਉੱਥੇ ਹੀ ਸੌਂ ਜਾਂਦਾ।ਹਰਮਨ ਦੀ ਮਾਤਾ ਪਿੰਡ ਵਿੱਚ ਹੀ ਲੋਕਾਂ ਦੇ ਘਰ੍ਹਾਂ ਵਿੱਚ ਮਿਹਨਤ ਮਜ਼ਦੂਰੀ ਕਰਦੀ ਅਤੇ ਘਰ ਦੇ ਗੁਜਾਰੇ ਜੋਗੇ ਦਾਣੇ ਅਤੇ ਪੈਸੇ ਬਦਲੇ ਵਿੱਚ ਜੋ ਉਸਨੂੰ ਮਿਲਦੇ ਸੀ ਉਸ ਨਾਲ ਹੀ ਘਰ ਦਾ ਗੁਜਾਰਾ ਚਲਦਾ ਸੀ। ਘਰ ੱਿਵਚ ਹਰਮਨ ਦੀ ਛੋਟੀ ਭੈਣ ਜੋ ਅਜੇ ਦੋ ਕੁ ਸਾਲ ਦੀ ਸੀ ਅਤੇ ਬੁੱਢੀ ਦਾਦੀ ਸੀ । ਉਸਦੀ ਦਾਦੀ ਦਿਨ ਵੇਲੇ ਉਸਦੀ ਛੋਟੀ ਭੇਣ ਦੀ ਸਾਂਭ ਸੰਭਾਲ ਕਰਦੀ ਜਦੋਂ ਬਾਕੀ ਸਾਰੇ ਆਪਣੇ ਆਪਣੇ ਕੰਮ ਤੇ ਚਲੇ ਜਾਂਦੇ ਸੀ।ਹਰਮਨ ਬਹੁਤ ਸਿਆਣਾ ਤੇ ਸਮਝਦਾਰ ਲੜਕਾ ਸੀ ।ਉਹ ਆਪਣੇ ਮਾਤਾ ਪਿਤਾ ਨੂੰ ਕਿਸੇ ਵੀ ਚੀਜ ਲਈ ਤੰਗ ਨਹੀਂ ਸੀ ਕਰਦਾ।ਉਸਦੇ ਦੋਸਤਾਂ ਦੁਆਰਾ ਲਿਆਂਦੇ ਮਹਿੰਗੇ ਖਿਡੌਣੇ ਜਾਂ ਵਸਤਾਂ ਦੇਖ ਉਸਦਾ ਮਨ ਵੀ ਉਹਨਾਂ ਨੂੰ ਪਾਉਣ ਲਈ ਲੋਚਦਾ ਸੀ ਪਰ ਉਹ ਘਰ ਦੇ ਹਾਲਾਤ ਦੇਖ ਆਪਣਾ ਮਨ ਮਾਰ ਲੈਂਦਾ ਸੀ।ਉਹ ਅਕਸਰ ਸੋਚਦਾ ਕਿ ਕਾਸ਼! ਉਹਨਾਂ ਦੇ ਘਰ ਵੀ ਐਸੋ ਆਰਾਮ ਦੀਆਂ ਸਾਰੀਆਂ ਚੀਜਾਂ ਹੋਣ ।ਉਹ ਵੀ ਆਪਣੇ ਮਾਤਾ ਪਿਤਾ ਨਾਲ ਮੋਟਰ ਸਾਈਕਲ ਤੇ ਬੈਠ ਕੇ ਬਾਜਾਰ ਘੁੰਮਣ ਜਾਵੇ ਅਤੇ ਆਪਣੀਆਂ ਮਨਪਸੰਦ ਚੀਜਾਂ ਖਰੀਦੇ। ਕਈ ਵਾਰ ਸੋਚਦਾ ਕਿ ਅਖੀਰ ਉਹਨਾਂ ਦਾ ਪਰਿਵਾਰ ਏਨੀ ਮੁਸ਼ਕਿਲ ਨਾਲ ਗੁਜਾਰਾ ਕਿਉਂ ਕਰ ਰਿਹਾ ਹੈ? ਇੱਕ ਦਿਨ ਹਰਮਨ ਦੇ ਮਨ ਪਤਾ ਨੀ ਕੀ ਆਇਆ ,ਉਹ ਆਪਣੀ ਦਾਦੀ ਦੀ ਗੋਦ ਵਿੱਚ ਪਿਆ ਪਿਆ ਪੁੱਛਣ ਲੱਗਾ, “ ਦਾਦੀ ! ਤੁਸੀਂ ਵੀ ਮੰਮੀ ਵਾਂਗ ਲੋਕਾਂ ਦੇ ਘਰ ਕੰਮ ਕਰਣ ਜਾਂਦੇ ਸੀ।“ ਉਸਦੀ ਗੱਲ ਸੁਣ ਦਾਦੀ ਨੇ ਅੱਖਾਂ ਪੁੰਝਦਿਆਂ ਕਿਹਾ,“ ਨਹੀਂ ਵੇ ਪੁੱਤਰਾ! ਆਪਣਾ ਪਰਿਵਾਰ ਤਾਂ ਸਰਦਾਰਾਂ ਦਾ ਪਰਿਵਾਰ ਸੀ ਪੂਰੇ ਪਿੰਡ ਵਿੱਚ! ਸਾਰਾ ਕੁੱਝ ਸੀ ਘਰ ਡੰਗਰ ਪਸ਼ੂ ,ਜਮੀਨ ਜਾਇਦਾਦ। ਬਸ ਤੇਰੇ ਦਾਦਾ ਜੀ ਗਲਤ ਸੰਗਤ ਕਾਰਣ ਨਸ਼ਿਆਂ ਦੇ ਆਦੀ ਹੋ ਗਏ। ਅਜਿਹੇ ਡੁੱਬੇ ਇਸ ਦਲਦਲ ਵਿੱਚ ਕਿ ਫਿਰ ਨਿਕਲ ਨਾ ਸਕੇ ਅਤੇ ਸਾਡੇ ਵਿਰੋਧ ਦੇ ਬਾਵਜੂਦ ਘਰ ਦਾ ਸਾਰਾ ਕੁੱਝ ਨਸ਼ਿਆਂ ਦੇ ਭੇਂਟ ਚੜ੍ਹ ਗਿਆ। ਅੱਜ ਅਸੀਂ ਆਹ ਨਰਕ ਭੋਗ ਰਹੇ ਹਾਂ!“ ਏਨੇ ਨੂੰ ਦਰਵਾਜੇ ੱਿਵਚ ਵਜਦਾ ਹਰਮਨ ਦਾ ਪਿਉ ਦਾਰੂ ਦੇ ਨਸ਼ੇ ਵਿੱਚ ਲੁੜਕਦਾ ਹੋਇਆ ਬਾਹਰ ਪਏ ਮੰਜੇ ਤੇ ਆ ਡਿਗਿਆ। ਉਸਨੂੰ ਵੇਖ ਹਰਮਨ ਦੀ ਮਾਂ ਉੱਚੀ ਉੱਚੀ ਬੋਲ ਕਬੋਲ ਬੋਲਣ ਲੱਗੀ ਕਿ ਹੁਣ ਰਹਿੰਦਾ ਖੁੰਹਦਾ ਤੇਰੇ ਨਸ਼ਿਆਂ ਨਿਘਲ ਜਾਣਾ ਸਭ ਕੁੱਝ। ਦਾਦੀ ਵੀ ਆਪਣੇ ਪੁੱਤਰ ਨੂੰ ਵੇਖ ਹੋਰ ਰੋਣ ਲੱਗੀ ਅਤੇ ਉਸਨੇ ਹਰਮਨ ਨੂੰ ਆਪਣੀ ਬੁੱਕਲ ਵਿੱਚ ਘੁੱਟ ਲਿਆ ਜਿਵੇਂ ਕਹਿ ਰਹੀ ਹੋਵੇ ਕਿ ਪੁੱਤਰਾਂ ਤੂੰ ਇਹਨਾਂ ਵਾਲੀ ਲੀਹੇ ਨਾ ਤੁਰੀ। ਹਰਮਨ ਅੱਖਾਂ ਬੰਦ ਕਰਦਿਆਂ ਉਸ ਬਲੈਕ ਹੋਲ ਬਾਰੇ ਸੋਚਣ ਲੱਗਾ ਜੋ ਸਭ ਕੁੱਝ ਆਪਣੇ ਅੰਦਰ ਨਿਘਲ ਜਾਂਦਾ ਹੈ ।ਉਸਨੂੰ ਆਪਣੇ ਦਾਦੇ ਅਤੇ ਪਿਓ ਦਾ ਨਸ਼ਾ ਉਹੀ ਬਲੈਕ ਹੋਲ ਜਾਪਿਆ ਜੋ ਉਹਨਾਂ ਦਾ ਸਭ ਕੁੱਝ ਨਿਘਲ ਗਿਆ ਸੀ। ਸੋਚਦਾ ਸੋਚਦਾ ਉਹ ਆਪਣੀ ਦਾਦੀ ਦੀ ਗੋਦ ਵਿੱਚ ਹੀ ਸੌਂ ਗਿਆ।
ਅਵਤਾਰ ਸਿੰਘ ਸੌਜਾ
ਪਿੰਡ –ਸੌਜਾ, ਡਾਕ-ਕਲੇਹਮਾਜਰਾ, ਤਹਿਸੀਲ-ਨਾਭਾ, ਜਿਲ੍ਹਾ- ਪਟਿਆਲਾ
ਮੋਬਾਇਲ ਨੰ 98784 29005
ਉਦਾਸੀ ਧਰਤੀ ਦਾ ਪੁੱਤਰ 'ਸੰਤ ਰਾਮ ਉਦਾਸੀ'
NEXT STORY