'ਨਾ ਮਾਲ ਕਫੇ ਦਰਵੇਸ਼-ਨਾ ਆਬ ਦਰ ਗੁਰਲਾਬ'
"ਸਾਡਾ ਇਧਰ ਜੱਦੀ ਪਿੰਡ, ਜੰਡਿਆਲਾ ਮੰਜਕੀ-ਜਲੰਧਰ ਐ। ਬਾਰ ਵਿਚਲਾ ਬਜ਼ੁਰਗਾਂ ਦਾ ਪਿੰਡ ਸਮਰਾਏ-ਜੰਡਿਆਲਾ ਚੱਕ ਨੰਬਰ 104 ਗੋਗੇਰਾ ਬ੍ਰਾਂਚ ਤਹਿਸੀਲ ਜੜ੍ਹਾਂਵਾਲਾ ਤੇ ਜ਼ਿਲ੍ਹਾ ਲਾਇਲਪੁਰ ਸੀ। ਇਹ ਪਿੰਡ ਜੜ੍ਹਾਂਵਾਲਾ ਤੋਂ 7 ਅਤੇ ਲਾਇਲਪੁਰ ਤੋਂ 16 ਮੀਲ। ਪਿੰਡ ਦੇ ਅੱਗੇ ਪਿੱਛੇ ਵੱਡੀਆਂ ਨਹਿਰਾਂ ਗੋਗੇਰਾ ਅਤੇ ਰੱਖ ਬ੍ਰਾਂਚ ਪੈਂਦੀਆਂ। ਬਜ਼ੁਰਗਾਂ ਨੂੰ ਦੋ ਮੁਰੱਬੇ ਅਲਾਟ ਹੋਏ ਸਨ ਪਰ ਕੁੱਝ ਘੌਲ ਅਤੇ ਕੁੱਝ 1904-05 ’ਚ ਪਲੇਗ ਫੈਲ ਜਾਣ ਕਾਰਨ ਬਜ਼ੁਰਗਾਂ ਜਾਣ ’ਚ ਦੇਰ ਕਰ ਦਿੱਤੀ। ਜਦ ਬਜ਼ੁਰਗ ਗੱਡਿਆਂ ’ਤੇ ਸਮਾਨ ਲੱਦ ਕੇ ਬਾਰ ਪਹੁੰਚੇ ਤਾਂ ਲੰਬੀ ਗ਼ੈਰ ਹਾਜ਼ਰੀ ਕਰਕੇ ਤਦ ਤੱਕ ਅਲਾਟਮੈਂਟ ਕੈਂਸਲ ਹੋ ਗਈ। ਅਲਾਮੈਂਟ ਮੁੜ ਬਹਾਲੀ ਦਾ ਕਿਸੇ ਤਰੱਦਦ ਵੀ ਨਾ ਕੀਤਾ। ਮ੍ਹਾਤੜ ਬੰਦੇ ਈ ਸਨ ਉਹ। ਬਸ ਇਵੇਂ ਲੰਬਾ ਸਮਾਂ ਹਾਲੇ/ਭੌਲੀ ਤੇ ਜ਼ਮੀਨ ਲੈ ਕੇ ਡੂੜ੍ਹ ਮੁਰੱਬੇ ਦੀ ਖੇਤੀ ਕਰਦੇ ਰਹੇ। ਸ਼ਾਬਾਸ਼ ਬਜ਼ੁਰਗਾਂ ਦੇ ਕਿ ਉਨ੍ਹਾਂ 'ਦੱਬ ਕੇ ਵਾਹ ਤੇ ਰੱਜ ਕੇ ਖਾਹ' ਤੇ ਚੱਲਦਿਆਂ ਛੇਤੀ ਆਪਣੀ ਚੰਗੀ ਪ੍ਹੈਂਟ ਬਣਾ ਲਈ। ਪਿੰਡ ਵਿੱਚ ਦੋ ਮਰਾਸੀ ਭਰਾ ਮੇਰੇ ਦੋਸਤ ਸਨ। ਸਭ ਤੋਂ ਗੂੜ੍ਹਾ ਦੋਸਤ ਸੱਭ ਤੋਂ ਸ਼ੁਕੀਨ ਹਰੀਜਨਾਂ ਦਾ ਮੁੰਡਾ ਪਰੀਤੂ ਸੀ ਜਿਸ ਦੀ ਲੁੰਗੀ ਉਧਾਰ ਮੰਗ ਮੈਂ ਆਪਣੇ ਵਿਆਹ ਤੇ ਲਗਾ ਕੇ ਗਿਆ।
ਜੱਟਾਂ ਦੇ ਮੁੰਡੇ ਅਵਤਾਰ, ਜਗਤਾਰ ਜੋ ਬਾਅਦ ’ਚ ਫਿਲੌਰ ਆ ਕੇ ਵਸੇ, ਘੋਨਾ, ਮੋਹਣ, ਸੋਹਣ ਅਤੇ ਮਹਿੰਗਾ ਝੀਊਰ ਵੀ ਮੇਰੀ ਯਾਦ ਵਿੱਚ ਨੇ। ਸਤਾਈ ਚੱਕਿਆਂ ਤੇ ਇਕ ਮੱਛਰ ਸਿੰਘਿਆਂ ਦਾ ਵੀ ਮੇਰੇ ਬਚਪਨ ਦੇ ਸਾਥੀਆਂ ’ਚ ਸ਼ੁਮਾਰ ਸਨ। ਮੋਢਿਆਂ, ਜੌੜਿਆਂ, ਬੁੰਗਿਆਂ, ਲੱਲੂਕਿਆਂ ਦੀਆਂ ਅੱਲਾਂ ਵਾਲੇ ਪਰਿਵਾਰ ਸਾਡੇ ਆਂਢ-ਗੁਆਂਢ ਵਾਸ ਕਰਦੇ ਸਨ। ਅਰੋੜੀ ਦੀ ਹੱਟੀ ਪਿੰਡ ਦੇ ਵਿਚਕਾਰ ਖੂਹ ਕੋਲ ਸੀ। ਸਾਲੋ ਬਾਣੀਏ ਦੀ ਹੱਟੀ ਹਰੀਜਨਾਂ ਦੇ ਮੁਹੱਲੇ ਸੀ। ਸੌਦਾ ਲੈਣ ਗਿਆਂ ਨੂੰ ਓਹ ਰੇੜੀਆਂ, ਮੂੰਗਫਲੀ, ਮਖਾਣਿਆਂ ਦਾ ਭਰਵਾਂ ਰੂੰਘਾ ਦਿੰਦਾ। ਨਾਥ ਬਾਹਮਣ ਦਿਨੇ ਘਰਾਂ ’ਚੋਂ ਲੱਸੀ ਇਕੱਠੀ ਕਰਕੇ ਸ਼ਾਮ ਨੂੰ ਦਹੀ-ਭੱਲੇ ਬਣਾ ਕੇ ਪਿੰਡ ਵਿੱਚ ਵੇਚਦਾ। ਸਾਂਝੇ ਪਰਿਵਾਰ ਸਨ ਉਦੋਂ। ਮੈਂ ਤਾਂ 'ਕੱਲਾ ਈ ਭਾਈ ਆਂ।
ਮੇਰਾ ਜਨਮ ਅੰਦਾਜ਼ੇ ਮੁਤਾਬਕ 24 ਫਰਵਰੀ 1928 ਦਾ ਐ। ਕੇਵਲ ਤਿੰਨ ਕੁ ਮਹੀਨੇ ਹੀ ਉਮਰ ਸੀ ਮੇਰੀ ਜਦ, ਮਾਤਾ ਜੀ ਚਲਾਣਾ ਕਰ ਗਏ। ਪਿਤਾ ਜੀ ਨੇ ਦੂਜੀ ਸ਼ਾਦੀ ਨਾ ਕਰਾਈ। ਮੇਰੇ ਪਿਤਾ ਜੀ ਸ.ਬੂਟਾ ਸਿੰਘ ਅਤੇ ਉਹਨਾਂ ਦੇ ਭਾਈ ਛੱਜਾ ਸਿੰਘ, ਨਿੱਕਾ ਸਿੰਘ, ਬੰਤਾ ਸਿੰਘ ਚਾਰ ਭਾਈ ਪੁਤਰਾਨ ਸ.ਇੰਦਰ ਸਿੰਘ ਦਾ ਵੱਡਾ ਪਰਿਵਾਰ ਸੀ। ਚੌਥੀ ਮੈਂ ਪਿੰਡ ਤੋਂ ਈ ਪਾਸ ਕਰ ਲਈ। ਇਥੇ ਸਾਡੇ ਸਕੂਲ ਮੁਖੀ ਮਾਸਟਰ ਝਾਂਜੀ ਰਾਮ ਜਿੰਨ੍ਹਾਂ ਬੱਚਿਆਂ ਨੂੰ ਪਿਆਰ ਕਰਨ ਵਾਲੇ ਸਨ, ਉਥੇ ਗੁਆਂਢੀ ਪਿੰਡੋਂ ਮਾਸਟਰ ਗੁਰਨਾਮ ਸਿੰਘ ਜੀ ਬਹੁਤ ਸਖ਼ਤ ਲਹਿਜੇ ਵਾਲੇ। ਬਚਪਨ ਇੰਨਾ ਸਿੱਧਾ ਸਾਦਾ ਸੀ ਕਿ ਤੀਜੀ ਜਮਾਤ ਤੱਕ ਬਹੁਤ ਘੱਟ ਹੋਇਆ ਹੋਵੇਗਾ ਕਿ ਅਸੀਂ ਸਕੂਲ ਕੱਛਾ ਪਾ ਕੇ ਗਏ ਹੋਈਏ। ਪਜਾਮਾ ਮੈਨੂੰ ਅੱਠਵੀਂ ਤੋਂ ਪਾਉਣ ਨੂੰ ਮਿਲਿਆ। ਇਥੇ ਮੈਨੂੰ ਬਚਪਨ ਦਾ ਇੱਕ ਹੋਰ ਵਾਕਿਆ ਯਾਦ ਆ ਰਿਹੈ। ਸਾਡੇ ਪਿੰਡ ਆਜ਼ਾਦੀ ਦੀ ਚਿਣਗ ਲਾਉਣ ਵਾਲਾ ਇਕ ਪਰਸ ਰਾਮ ਨਾਮੇ ਬ੍ਰਾਹਮਣ ਕਾਂਗਰਸ ਪਾਰਟੀ ਦਾ ਕਾਰਕੁੰਨ ਹੁੰਦਾ ਸੀ। ਕਰੀਬ ਹਰ ਰੋਜ਼ ਉਹ ਸਾਨੂੰ ਬੱਚਿਆਂ ਨੂੰ 'ਕੱਠੇ ਕਰਕੇ ਹੱਥਾਂ ਵਿੱਚ ਝੰਡੀਆਂ ਫੜਾ ਪਿੰਡ ਵਿੱਚ ਮਾਰਚ ਕੱਢਦਾ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਵਾਉਂਦਾ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਮਾਰਚ ਦੀ ਸ਼ਕਲ ’ਚ ਹਰ ਸਾਲ ਨੇਮ ਨਾਲ ਲੈ ਕੇ ਜਾਂਦਾ। ਉਥੇ ਵੀ ਹੱਥ ਚ ਤਿਰੰਗੇ ਫੜ੍ਹ ਕੇ ਇਨਕਲਾਬੀ ਨਾਅਰੇ ਲਵਾਉਂਦਾ।
ਉਪਰੰਤ ਮੈਂ ਗੁਆਂਢੀ ਪਿੰਡ ਆਵਾਗਤ ਬੰਗਲੇ ਪੰਜਵੀਂ ’ਚ ਜਾ ਦਾਖ਼ਲ ਹੋਇਆ। ਉਥੇ ਗੁਆਂਢੀ ਪਿੰਡ ਚੱਕ 105 ਫਰਾਲਾ ਤੋਂ ਮਾਸਟਰ ਅਜੀਤ ਸਿੰਘ ਜੀ ਵਿਦਿਆਰਥੀਆਂ ਨੂੰ ਖਾਸ ਕਰ ਮੈਨੂੰ ਕੁੱਟਿਆ ਬਹੁਤ ਕਰਦੇ। ਕੰਨ ਫੜਾ ਕੇ ਅਣਗਿਣਤ ਡੰਡੇ ਪੈਂਦੇ। ਤਾਂ ਮੁੰਡਿਆਂ ਦਾ ਪਿਸ਼ਾਬ ਵਿੱਚ ਨਿਕਲ ਜਾਂਦਾ। ਇਹਨਾਂ ਮੈਨੂੰ ਆਖਿਆ 50 ਰੂਲ ਰੋਜ਼ਾਨਾ ਖਾ ਲਿਆ ਕਰ ਤਾਂ ਮੇਰਾ ਸਕੂਲ ਜੁਰਮਾਨਾ ਅਤੇ ਪੜ੍ਹਾਈ ਦੀ ਨਲਾਇਕੀ ਮੁਆਫ਼। ਨੇਮ ਨਾਲ ਇਹ ਕੰਮ ਚਲਦਾ ਰਿਹਾ। ਇਕ ਦਿਨ ਅਸੀਂ ਕੁੱਝ ਮੁੰਡੇ ਸਕੂਲ ਜਾਣ ਦੀ ਬਜਾਏ ਜੜ੍ਹਾਂਵਾਲਾ ਨੂੰ ਚਲੇ ਗਏ। ਤੁਰਦਿਆਂ ਮੈਂ ਨਾਲਦੇ ਮੁੰਡਿਆਂ ਨੂੰ ਕਿਹਾ ਠਹਿਰੋ ਜ਼ਰਾ, ਮੈਂ ਭੱਜ ਕੇ ਅੱਜ ਦੇ ਰੂਲ ਖਾ ਆਵਾਂ ਨਹੀਂ ਤਾਂ ਮੈਂਨੂੰ ਜੁਰਮਾਨਾ ਅਦਾ ਕਰਨਾ ਪਵੇਗਾ। ਮੈਂ ਭੱਜ ਕੇ ਸਕੂਲ ਪਹੁੰਚਾ ਤਾਂ ਪਰੇਅਰ ਹੋ ਰਹੀ ਸੀ। ਮਾਸਟਰ ਅਜੀਤ ਸਿੰਘ ਜੀ ਸਾਥੀ ਅਧਿਆਪਕਾਂ ਨਾਲ ਖੜ੍ਹੇ ਗੱਲਾਂ ’ਚ ਮਸਰੂਫ਼ ਸਨ। ਮੈਂ ਕਿਹਾ, ਮਾਸਟਰ ਜੀ ਮੈਂ ਅੱਜ ਸਕੂਲ ਨਹੀਂ ਆਉਣਾ, ਮੇਰੇ 50 ਰੂਲ ਮਾਰ ਲਓ। ਇਸ ਵਿੱਚ ਉਨ੍ਹਾਂ ਹੇਠੀ ਸਮਝੀ ਮੈਨੂੰ ਦਬਕਾ ਮਾਰ ਕੇ ਦੌੜਾ ਦਿੱਤਾ। ਸ਼ਰਮਿੰਦਾ ਹੋਈਆਂ ਉਨ੍ਹਾਂ ਮੈਨੂੰ ਮੁੜ ਕਦੇ ਨਾ ਕੁੱਟਿਆ। ਪੜ੍ਹਨ ’ਚ ਮੈਂ ਕੁੱਝ ਨਲਾਇਕ ਸਾਂ। ਨਤੀਜਤਨ, ਮੈਂ ਸੱਤਵੀਂ ’ਚੋਂ ਫੇਲ੍ਹ ਹੋ ਗਿਆ। ਉਥੋਂ ਹੱਟ ਕੇ ਪਾਉਲਿਆਣੀ ਬੰਗਲੇ ਦੇ ਵਰਨੈਕੁਲਰ ਸਕੂਲ ਜਾ ਦਾਖ਼ਲ ਹੋਇਆ। ਆਵਾਗਤ ਸਕੂਲ ’ਚੋਂ ਮਾਸਟਰ ਅਜੀਤ ਸਿੰਘ ਨੇ ਜਿਥੇ ਮੈਨੂੰ ਸਕੂਲ ਛੱਡ ਜਾਣ ਲਈ ਉਤਸ਼ਾਹਿਤ ਕੀਤਾ, ਉਥੇ ਇਸ ਸਕੂਲ ਦੇ ਮਾਸਟਰ ਸੂਫ਼ੀ ਮੁਹੰਮਦ ਦੀਨ ਜੋ ਸਾਡੇ ਗੁਆਂਢੀ ਪਿੰਡ ਗੱਭੀਆਂ ਵਾਲਾ ਤੋਂ ਸਨ, ਨੇ ਮੈਨੂੰ ਮਿਹਨਤ ਅਤੇ ਅਨੁਸ਼ਾਸਨ ਦਾ ਪੱਲਾ ਫੜੀ ਰੱਖਣ ਲਈ ਉਤਸ਼ਾਹਿਤ ਕੀਤਾ। ਜਿਸ ’ਤੇ ਚੱਲਦਿਆਂ ਸੱਤਵੀਂ ’ਚੋਂ ਫ਼ੇਲ੍ਹ ਹੋਇਆ ਬੱਚਾ, ਪੰਜਾਬੀ ਵਰਸਿਟੀ ਦਾ ਵਾਈਸ ਚਾਂਸਲਰ ਰੀਟਾਇਰਡ ਹੋ ਕੇ ਅੰਤਰਰਾਸ਼ਟਰੀ ਪੱਧਰ ਦਾ ਅਰਥਸ਼ਾਸਤਰੀ ਬਣਿਆਂ। ਮੇਰੀ ਸ਼ਾਦੀ 1945 ਵਿੱਚ ਬਾਰ ਦੇ ਪਿੰਡ ਚੱਕ 65 ਮੁਕੰਦਪੁਰ ਦੀ ਸਰਦਾਰਨੀ ਮਹਿੰਦਰ ਕੌਰ ਨਾਲ ਹੋਈ। ਮੁਕਲਾਵਾ ਵੰਡ ਤੋਂ ਉਪਰੰਤ ਇਧਰਲੇ ਬੰਗਿਆਂ ਨਜ਼ਦੀਕ ਮੁਕੰਦਪੁਰੋਂ 1949 ’ਚ ਲਿਆਂਦਾ।
ਜਦ ਦੇਸ਼ ਦੇ ਬਟਵਾਰੇ ਦਾ ਰੌਲ਼ਾ ਪਿਆ ਤਾਂ ਮੈਂ ਤਦੋਂ ਜੜ੍ਹਾਂ ਵਾਲਾ ਸਰਕਾਰੀ ਸਕੂਲ ਵਿੱਚ 10ਵੀਂ ਦਾ ਵਿਦਿਆਰਥੀ ਸਾਂ। ਹੋਸਟਲ ’ਚ ਰਿਹਾ ਕਰਦੇ ਸਾਂ। ਮਾਰਧਾੜ ਕਰਕੇ ਸਕੂਲਾਂ ’ਚ ਪੜ੍ਹਾਈ ਬੰਦ ਸੀ। ਖਾਲਸਾ ਹੋਸਟਲ ਦੇ ਇੰਚਾਰਜ ਗਿਆਨੀ ਜੀ ਬਹੁਤ ਘਬਰਾਏ ਹੋਏ ਸਨ। ਉਨ੍ਹਾਂ ਸਾਰਿਆਂ ਮੁੰਡਿਆਂ ਨੂੰ 'ਕੱਠੇ ਕਰਕੇ ਮਾਤਾ ਸਾਹਿਬ ਕੌਰ ਜੀ ਦੀ ਸਹੁੰ ਚੁਕਾਈ ਕਿ ਉਨ੍ਹਾਂ ਨੂੰ 'ਕੱਲਿਆਂ ਛੱਡ ਕੇ ਨਹੀਂ ਜਾਵਾਂਗੇ। ਅਸੀਂ ਉਨ੍ਹਾਂ ਖ਼ਾਤਰ ਹੋਸਟਲ ਰੁਕੇ ਰਹੇ,ਸਵੇਰ-ਸ਼ਾਮ ਜਪੁਜੀ ਸਾਹਿਬ-ਰਹਿਰਾਸ ਸਾਹਿਬ ਦਾ ਪਾਠ ਕਰਦੇ। ਬੜਾ ਅਸਚਰਜ ਹੋਇਆ ਕਿ ਦਸਾਂ ਕੁ ਦਿਨਾਂ ਬਾਅਦ ਗਿਆਨੀ ਜੀ ਸਾਨੂੰ ਬਗੈਰ ਦੱਸਿਆਂ ਆਪਣੇ ਪਰਿਵਾਰ ਨਾਲ ਹੋਸਟਲ ਛੱਡ ਗਏ। ਅਸੀਂ ਸਾਰੇ ਮੁੰਡੇ ਹੋਸਟਲ ਛੱਡ ਕੇ ਆਪਣੇ ਪਿੰਡਾਂ ਨੂੰ ਆ ਗਏ। ਫ਼ਸਾਦ ਬਹੁਤ ਵੱਧ ਗਏ। ਆਲੇ ਦੁਆਲੇ ਲੁੱਟ ਖੋਹ, ਕਤਲੋਗ਼ਾਰਤ, ਉਧਾਲੇ ਮਜ਼ਹਬ ਦੇ ਨਾਮ ਤੇ ਆਪਣਾ ਜ਼ੋਰ ਫੜ੍ਹ ਗਏ। ਇਹੀ ਨਹੀਂ ਕਈ ਥਾਈਂ ਧਰਮ ਦੀ ਪਾਣ ਚੜ੍ਹਿਆਂ ਨੇ ਜ਼ਬਰ ਜ਼ਿਨਾਹ ਉਪਰੰਤ ਮੁਟਿਆਰਾਂ ਨੂੰ ਨੰਗਿਆਂ ਕਰ, ਉਨ੍ਹਾਂ ਦੀਆਂ ਦੋਧੀਆਂ ਕੱਟ ਸ਼ਰੇਆਮ ਬਾਜ਼ਾਰਾਂ ਵਿੱਚ ਜਲੂਸ ਕੱਢ ਆਪਣੇ ਧਰਮ ਦਾ ਸੀਨਾ ਠੰਢਾ ਕੀਤਾ। ਸਾਡੇ ਪਿੰਡਾਂ ਵਿੱਚ ਸਤਿ ਸ੍ਰੀ ਆਕਾਲ, ਅੱਲ੍ਹਾ ਹੂ ਅਕਬਰ ਦੇ ਨਾਅਰੇ ਉਚੇ ਉਠਦੇ। ਚੜ੍ਹਦੀ ਜਵਾਨੀ ਸੀ, ਸਾਂਭਿਆਂ ਸਾਂਭੀ ਨਾ ਜਾਵੇ। ਜਿੱਧਰੋਂ ਹੱਲੇ ਦਾ ਡਰ ਹੁੰਦਾ ਬਜ਼ੁਰਗਾਂ ਦੇ ਰੋਕਣ ’ਤੇ ਤਲਵਾਰਾਂ ਫੜ੍ਹ ਓਧਰ ਨੱਠ ਉਠਦੇ। ਕਈ ਥਾਈਂ ਦੰਗਈਆਂ ਦਾ ਪੁਲਸ ਅਤੇ ਫ਼ੌਜ ਵੀ ਧਰਮ ਦੇ ਨਾਮ ’ਤੇ ਸਾਥ ਦਿੰਦੀ। ਤਦੋਂ ਜੜ੍ਹਾਂਵਾਲਾ ਵਾਲਾ 'ਟੇਸਣ ਨਜ਼ਦੀਕ ਦਾਣਾ ਮੰਡੀ ’ਚ ਲੱਗੇ ਰਫਿਊਜੀ ਕੈਂਪ ’ਚ ਇਕ ਰਾਤ ਗੱਡੀਓਂ ਉੱਤਰੀ ਬਲੋਚ ਮਿਲਟਰੀ ਨੇ ਫਾਇਰਿੰਗ ਕਰਕੇ ਦਸ ਹਜ਼ਾਰ ਹਿੰਦੂ ਸਿੱਖ ਮਾਰ ਦਿੱਤੇ। ਉਸ ਵਕਤ ਮੇਰੇ ਤਾਇਆ ਜੀ ਦਾ ਬੇਟਾ ਆੜਤ ਦੀ ਦੁਕਾਨ ’ਤੇ ਸੀ ਉਥੇ। ਬਜ਼ੁਰਗਾਂ ਨੂੰ ਇਹ ਪੱਕਾ ਹੋ ਗਿਆ ਕਿ ਪਾਕਿ ਬਣੇਗਾ ਤੇ ਹਿੰਦੂ ਸਿੱਖਾਂ ਨੂੰ ਇਥੋਂ ਉਠਣਾ ਹੀ ਪਵੇਗਾ ਤਾਂ ਸਭ ਮਾਨਸਿਕ ਤੌਰ ’ਤੇ ਤਿਆਰ ਹੋਣ ਲੱਗੇ। ਮੈਂ ਵੀ ਆਪਣਾ ਰੈਲੇ ਦਾ ਸਾਈਕਲ ਆਪਣੇ ਗੁਆਂਢੀ ਪਿੰਡ ਦੇ ਮੁਸਲਿਮ ਦੋਸਤ ਜਾਵੇਦ ਨੂੰ ਤੋਹਫੇ ਦੇ ਤੌਰ ’ਤੇ ਦੇ ਆਇਆ। ਸਾਡੇ ਉਥੋਂ ਤੁਰਨ ਤੋਂ ਦਸ ਕੁ ਦਿਨ ਪਹਿਲਾਂ ਜਾਵੇਦ ਮੈਨੂੰ ਮਿਲਣ ਆਇਆ ਤਾਂ ਤੁਰਨ ਲੱਗਾ ਸਾਈਕਲ ਦੀ ਕੀਮਤ 40 ਰੁਪਏ ਮੱਲੋ ਮੱਲੀ ਮੇਰੀ ਜੇਬ ਵਿਚ ਪਾਉਂਦਿਆਂ ਖ਼ੁਦਾ ਹਾਫ਼ਿਜ਼ ਕਹਿ ,ਮੂੰਹ ਭੁਆ ਕੇ ਫਟਾਫਟ ਤੁਰ ਪਿਆ ਕਿ ਕਿਧਰੇ ਮੈਂ ਉਸ ਦੇ ਹੰਝੂ ਨਾ ਵੇਖ ਲਵਾਂ।
1947 ’ਚ ਪਿੰਡ ਛੱਡਣ ਤੋਂ ਕੁੱਝ ਦਿਨ ਪਹਿਲਾਂ ਮੇਰੇ ਸਹੁਰਿਆਂ ਆਖਿਆ ਕਿ ਮੁਕਲਾਵਾ ਲੈ ਜਾਓ। ਕਿਉਂ ਜੋ ਮਾਹੌਲ ਵਿਪਰੀਤ ਸੀ ਇਸ ਕਰਕੇ ਪਿਤਾ ਜੀ ਨਾ ਮੰਨੇ। ਇਕ ਦਿਨ ਦੁਪਹਿਰ ਸਮੇਂ ਪਿੰਡੋਂ ਗੱਡਿਆਂ ਦਾ ਕਾਫ਼ਲਾ ਤੁਰਿਆ। ਖੱਜਲ ਖ਼ੁਆਰ ਹੋ ਹੋ ਰੁਕ ਰੁਕ ਕਾਫ਼ਲਾ ਅੱਗੇ ਵਧੇ। ਜੜ੍ਹਾਂਵਾਲਾ ਦੇ ਉਰਾਰ ਇੱਕ ਜਗ੍ਹਾ ਨਹਿਰ ਦੀ ਪੁਲੀ ਟੁੱਟਣ ਨਾਲ ਕੁੱਝ ਗੱਡੇ ਅੱਗੇ ਨਿਕਲ ਗਏ ਤੇ ਕੁੱਝ ਪਿੱਛੇ। ਵਿੱਚ ਵਿਚਾਲੇ ਮੈਂ,ਇਕ ਪਿੰਡ ਦੀ ਹੋਰ ਮੁੱਟਿਆਰ ਤੇ ਦੋ ਅੱਧਖੜ੍ਹ ਬਜ਼ੁਰਗ ਆਪਣੀਆਂ ਆਪਣੀਆਂ ਮੱਝਾਂ ਹੱਕੀ ਤੁਰੇ ਜਾਂਦੇ ਸਾਂ। ਤਦੋਂ ਹੀ ਦੇਸੀ ਹਥਿਆਰਾਂ ਨਾਲ ਲੈਸ ਲੋਕਲ ਜਾਂਗਲੀਆਂ ਨੇ ਮੱਝਾਂ ਖੋਹਣ ਲਈ ਹਮਲਾ ਕਰ ਦਿੱਤਾ। ਮੈਂ ਰੌਲਾ ਪਾਇਆ, ਆਪਣੀ ਮੱਝ ਦੇ ਨਾਲ ਨਾਲ ਮੁਟਿਆਰ ਦਾ ਹੱਥ ਫੜ ਉਸ ਨੂੰ ਵੀ ਦੌੜਾਅ ਲਿਆ। ਕਿਸੇ ਤਾਈਂ ਜਾਨੋਂ ਤਾਂ ਉਨ੍ਹਾਂ ਨਾ ਮਾਰਿਆ ਪਰ ਬਾਕੀ ਸੱਭ ਪਸ਼ੂ ਉਨ੍ਹਾਂ ਖੋਹ ਲਏ । ਕੁੱਝ ਦਿਨਾਂ ਦੇ ਹੋਰ ਸਫ਼ਰ ਤੋਂ ਬਾਅਦ ਅੱਗੇ ਰਾਵੀ ਪਾਰ ਪਿੰਡ ਨਾਈਆਣਾ ਵਿਚ ਕਾਫ਼ਲਾ 28 ਦਿਨ ਰੁਕਿਆ ਰਿਹਾ। ਆਲੇ ਦੁਆਲਿਓਂ ਚਾਰਾ ਵੱਢ ਵੱਢ ਪਸ਼ੂਆਂ ਨੂੰ ਪਾਉਂਦੇ ਰਹੇ। ਕਈ ਦਫ਼ਾ ਜਿੱਥੇ ਚਾਰਾ ਮੁੱਲ ਲੈਣਾ ਪੈਂਦਾ ਉਥੇ ਕਈ ਚਾਰਾ ਲੈਣ ਗਏ ਮੁੜ ਨਾ ਪਰਤੇ। ਅਸੀਂ ਵੀ ਗੁੜ ਆਚਾਰ ਨਾਲ ਰੋਟੀਆਂ ਖਾ ਜਾਂ ਮੱਕੀ ਦੇ ਦਾਣੇ ਭੁੰਨਾ ਗੁੜ ਨਾਲ ਗੁਜ਼ਾਰੇ ਕੀਤੇ। ਕਦੇ ਕਦੇ ਬਲੋਚ ਮਿਲਟਰੀ ਜੋ ਬਹੁਤੀ ਤੱਸਬੀ ਸੀ ਕਾਫ਼ਲੇ ਕੋਲੋਂ ਲੰਘਦੀ ਐਵੇਂ ਫਾਇਰਿੰਗ ਕਰਕੇ ਹਿੰਦੂ ਸਿੱਖ ਮਾਰ ਜਾਂਦੀ। ਅਸੀਂ ਵੀ ਚੜ੍ਹਦੀ ਉਮਰ ਵਾਲੇ ਮੁੰਡੇ ਛਵੀਆਂ,ਭਾਲੇ, ਕਿਰਪਾਨਾਂ ਲੈ ਗੱਡਿਆਂ ਦੀ ਓਟ ਹੋ ਜਾਂਦੇ। ਭਲੇ ਸਾਡਾ ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਸੀ ਫਿਰ ਵੀ ਜੋਸ਼ ਉਬਾਲ਼ ਮਾਰ ਜਾਂਦਾ। ਕਾਫ਼ਲੇ ਚ ਚੱਲਦਿਆਂ ਪਿੱਛਿਓਂ ਇਕ ਬੱਸਾਂ ਦਾ ਕਾਫ਼ਲਾ ਆਇਆ ਤਾਂ ਘਰਦਿਆਂ ਦੀ ਸਹਿਮਤੀ ਲੈ ਕੇ ਅਸੀਂ ਪੰਜ ਮੁੰਡੇ ਫਟਾ ਫਟ ਬੱਸਾਂ ਉਪਰ ਚੜ੍ਹ ਗਏ।
ਬੱਸਾਂ ਦੇ ਕਾਫ਼ਲੇ ਪਿੱਛੇ ਬਲੋਚ ਮਿਲਟਰੀ ਦੀ ਗੱਡੀ ਸੀ।ਸੋ ਸਾਨੂੰ ਧਾੜਵੀਆਂ ਨਾਲੋਂ ਉਨ੍ਹਾਂ ਦਾ ਡਰ ਵੱਧ ਸੀ ਕਿ ਪਤਾ ਨਹੀਂ ਉਨ੍ਹਾਂ ਦਾ ਸਿਰ ਕਦੋਂ ਫਿਰ ਜਾਏ। ਬਲੋਚ ਮਿਲਟਰੀ ਸਾਨੂੰ ਰੋਕੇ ਪਰ ਉਪਰ ਬੈਠੀਆਂ ਜ਼ਨਾਨੀ ਸਵਾਰੀਆਂ ਸਾਨੂੰ ਸਮਾਨ ਦੀ ਓਟ ਵਿੱਚ ਕਰ ਲਿਆ। ਅੱਗੇ ਜਾ ਕੇ ਬੱਸਾਂ ਦਾ ਕਾਫ਼ਲਾ ਰੁਕਿਆ ਤਾਂ ਡੋਗਰਾ ਮਿਲਟਰੀ ਕਾਫ਼ਲੇ ਦੇ ਨਾਲ ਆ ਰਲ਼ੀ। ਹੁਣ ਸਾਰੇ ਹੌਂਸਲੇ ’ਚ ਆ ਗਏ।ਭੁੱਖ ਡਾਹਢੀ ਲੱਗੀ ਸੀ। ਇਕ ਜਗ੍ਹਾ ਤੋਂ ਸੰਤਰੇ ਖ੍ਰੀਦਣ ਲੱਗੇ ਤਾਂ ਮਿਲਟਰੀ ਨੇ ਰੋਕਤਾ ਕਿ ਉਨ੍ਹਾਂ ਵਿੱਚ ਕਿਧਰੇ ਜ਼ਹਿਰ ਨਾ ਹੋਵੇ। ਮੈਨੂੰ ਸਮਝ ਨਾ ਆਵੇ ਕਿ ਮਜ਼ਹਬੀ ਰੰਗ ਇਸ ਕਦਰ ਫ਼ਿਰਕੂ ਹੋ ਗਿਐ। ਭੁੱਖ ਮਰੀਆਂ, ਪ੍ਰੇਸ਼ਾਨੀਆਂ ਝਾਗਦੇ ਬੱਸਾਂ ਦਾ ਕਾਫ਼ਲਾ ਅੰਮ੍ਰਿਤਸਰ ਤੱਕ ਆਇਆ। ਉਥੋਂ ਗੱਡੀ ਫੜ੍ਹ ਜਲੰਧਰ ਆਣ ਉਤਰੇ। ਡਰ ਦਾ ਮਾਹੌਲ, ਬਰਸਾਤ ਦਾ ਜ਼ੋਰ, ਖ਼ਰਾਬ ਹੋਈਆਂ ਲਾਸ਼ਾਂ ਕਾਰਨ ਵਬਾ/ ਪੇਚਸ਼ ਦਾ ਜ਼ੋਰ ਵੀ ਵੱਧ ਗਿਆ। ਮੈਂ ਇਸ ਦੀ ਜ਼ਦ ਵਿੱਚ ਆ ਗਿਆ। ਤੁਰ ਕੇ ਹੀ ਆਪਣੇ ਘਰ ਜੰਡਿਆਲਾ ਮੰਜਕੀ ਪਹੁੰਚੇ। ਤਾਇਆ ਜੀ ਜੋ ਬਾਰ ’ਚੋਂ ਕੋਇਟਾ ਰਾਜਸਥਾਨ ’ਚ ਜ਼ਮੀਨ ਮੁੱਲ ਲੈਣ ਦੇ ਮਨਸ਼ੇ ਨਾਲ ਗਏ ਹੋਏ ਸਨ, ਵੀ ਹੱਲਿਆਂ ਦਾ ਸੁਣ ਕੇ ਜੰਡਿਆਲਾ ਰੁਕ ਗਏ। ਦਹੀਂ ਨਾਲ ਮੱਕੀ ਦੀ ਰੋਟੀ 2-3 ਦਫ਼ਾ ਖਾਣ ਨਾਲ ਮੇਰੀ ਪੇਚਸ਼ ਜਾਂਦੀ ਰਹੀ। ਮਹੀਨੇ ਕੁ ਬਾਅਦ ਗੱਡਿਆਂ ਵਾਲੇ ਸਹੀ ਸਲਾਮਤ ਪਿੰਡ ਆਣ ਪਹੁੰਚੇ। ਸਾਡੀ ਕੱਚੀ ਪਰਚੀ ਨੂਰਮਹਿਲ ਨਜ਼ਦੀਕ ਪਿੰਡ ਚੂਹੇਕੀ ਦੀ ਪਈ, ਜੋ ਮੁਸਲਮਾਨਾਂ ਵਲੋਂ ਖ਼ਾਲੀ ਕੀਤਾ ਗਿਆ ਸੀ। ਜ਼ਮੀਨ ਅਤੇ ਇਕ ਖ਼ਾਲੀ ਘਰ ਸਾਨੂੰ ਅਲਾਟ ਹੋ ਗਿਆ। ਮੈਂ ਬਜ਼ੁਰਗਾਂ ਨਾਲ ਖੇਤੀ ’ਚ ਹੱਥ ਵਟਾਉਣ ਲੱਗਾ।
ਕੁੱਝ ਵਰ੍ਹੇ ਪੋਸਤ ਦਾ ਲਾਈਸੈਂਸ ਲੈ ਕੇ ਪੋਸਤ ਦੀ ਖੇਤੀ ਕੀਤੀ। ਬਹੁਤੇ ਬੰਦੇ ਪੋਸਤ ਪੀਣ ਦੇ ਸ਼ੌਕੀਨ ਹੁੰਦੇ ਸਨ ਉਦੋਂ। ਜੰਡਿਆਲਾ ਪਿੰਡ ਦਾ ਇਕ ਚੌਂਕ ਪੋਸਤੀਆਂ ਵਜੋਂ ਬੜਾ ਮਸ਼ਹੂਰ ਹੁੰਦਾ ਸੀ। 1948ਵਿੱਚ ਆਰੀਆ ਸਕੂਲ ਨੂਰਮਹਿਲ ਤੋਂ ਮੈਂ ਜ਼ਿਲੇ ’ਚੋਂ ਅੱਵਲ ਰਹਿ ਕੇ ਦਸਵੀਂ ਪਾਸ ਕੀਤੀ। ਉਪਰੰਤ ਮੈਂ ਸਰਕਾਰੀ ਖੇਤੀਬਾੜੀ ਕਾਲਜ ਅੰਮ੍ਰਿਤਸਰ ਵਿੱਚ ਜਾ ਦਾਖ਼ਲ ਹੋਇਆ, ਜੋ ਖੇਤੀਬਾੜੀ ਕਾਲਜ ਲਾਇਲਪੁਰ ਦੀ ਜਗ੍ਹਾ ਖੋਲਿਆ ਗਿਆ। ਤਦੋਂ ਉਹ ਖਾਲਸਾ ਕਾਲਜ ਦੀ ਇਮਾਰਤ ਵਿੱਚ ਕਰਾਏ ’ਤੇ ਚਲਦਾ ਸੀ। ਉਹੀ ਕਾਲਜ 1949 ਵਿੱਚ ਲੁਧਿਆਣਾ ਵਿਖੇ ਕਿਰਾਏ ਦੀ ਇਮਾਰਤ ’ਚ ਬਦਲ ਗਿਆ ਜਿਥੇ ਅੱਜ ਕੱਲ੍ਹ ਖਾਲਸਾ ਕਾਲਜ ਘੁਮਾਰ ਮੰਡੀ ਚਲਦਾ ਹੈ। ਉਪਰੰਤ 1962 ਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਂਦ ਵਿੱਚ ਆਈ। ਬਟਵਾਰੇ ਉਪਰੰਤ ਪੰਜਾਬ ਵਰਸਿਟੀ ਲਾਹੌਰ,ਸੋਲਨ ਅਤੇ ਲਾਹੌਰ ਰਾਜਧਾਨੀ ਸ਼ਿਮਲਾ ਲੈਜਾਈ ਗਈ। ਜਦ ਚੰਡੀਗੜ੍ਹ ਸ਼ਹਿਰ ਬਣਿਆਂ ਤਾਂ ਪੰਜਾਬ ਵਰਸਿਟੀ ਸੋਲਨ ਅਤੇ ਰਾਜਧਾਨੀ ਸ਼ਿਮਲਾ ਤੋਂ ਚੰਡੀਗੜ੍ਹ ਤਬਦੀਲ ਹੋ ਗਈ। MSC ਖੇਤੀਬਾੜੀ ਕਰਕੇ ਕੁਝ ਸਾਲ ਪੁਰਾਣੇ ਪੰਜਾਬ ਦੇ ਪਹਾੜੀ ਏਰੀਏ ’ਚ ਖੇਤੀਬਾੜੀ ਇੰਸਪੈਕਟਰ ਵਜੋਂ ਨੌਕਰੀ ਕੀਤੀ। ਫਿਰ PAU ਲੁਧਿਆਣਾ ’ਚ ਪ੍ਰੋਫ਼ੈਸਰੀ, ਡਾਕਟਰ ਮਹਿੰਦਰ ਸਿੰਘ ਰੰਧਾਵਾ ਵਾਈਸ ਚਾਂਸਲਰ ਜੀ ਦੀ ਸਰਪ੍ਰਸਤੀ ਵਿੱਚ ਕੀਤੀ। ਪ੍ਰੋਫ਼ੈਸਰੀ ਦੌਰਾਨ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਵਿਜਿਟਿੰਗ ਪ੍ਰੋਫ਼ੈਸਰ, ਫਿਰ ਈਰਾਨ, ਲੈਬਨਾਨ ਵਗੈਰਾ ਮੁਲਕਾਂ ’ਚ UNO ਲਈ ਉੱਚ ਅਧਿਕਾਰੀ ਦੇ ਤੌਰ ’ਤੇ ਕੰਮ ਕੀਤਾ।
1982 ਚ ਦਰਬਾਰਾ ਸਿੰਘ ਦੀ ਸਰਕਾਰ ਸਮੇਂ ਪਟਿਆਲਾ ਵਰਸਿਟੀ ਅਤੇ 2010 ’ਚ ਸੈਂਟਰਲ ਵਰਸਿਟੀ ਘੁੱਦਾ-ਬਠਿੰਡਾ ਚ ਵਾਈਸ ਚਾਂਸਲਰ ਵਜੋਂ ਸੇਵਾ ਕਾਲ ਪੂਰਾ ਕੀਤਾ। ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਦੀ ਇਕਨਾਮਿਕ ਅਡਵਾਈਜ਼ਰੀ ਕਮੇਟੀ ਦਾ ਮੈਂਬਰ ਹੋਣ ਦੇ ਨਾਲ-ਨਾਲ ਕੋਈ ਦਰਜਣ ਦੇ ਕਰੀਬ ਕਮਿਸ਼ਨਾ/ਸੰਸਥਾਵਾਂ ਲਈ ਉਚ ਅਹੁਦਿਆਂ ’ਤੇ ਕੰਮ ਕਰਨ ਦਾ ਮਾਣ ਹਾਸਿਲ ਹੋਇਆ। ਸੋ ਹਾਲੇ ਬ-ਦਸਤੂਰ ਜਾਰੀ ਐ। ਇਸ ਵਕਤ ਆਪਣੀ ਪਤਨੀ, ਬੇਟੇ ਜਨਮੇਜਾ ਸਿੰਘ ਜੌਹਲ ਦੀ ਬਾਲ ਫੁਲਵਾੜੀ ’ਚ ਜ਼ਿੰਦਗੀ ਦੀ ਸ਼ਾਮ ਹੰਢਾਅ ਰਿਹੈਂ।
ਰਹਿਣਾ ਤਾਂ ਇਥੇ ਕੁੱਝ ਵੀ ਨਹੀਂ-ਫਾਰਸੀ ਦਾ ਅਖਾਣ ਏ ' ਨਾ ਮਾਲ ਕਫੇ ਦਰਵੇਸ਼-ਨਾ ਆਬ ਦਰ ਗੁਰਲਾਬ' (ਭਾਵ ਨਾ ਫ਼ਕੀਰ ਦੀ ਹਥੇਲੀ ਵਿੱਚ ਮਾਲ ਟਿੱਕਦਾ ਹੈ ਨਾ ਛਾਨਣੀ ਵਿੱਚ ਪਾਣੀ)। ਫਿਰ ਅਖ਼ੀਰੀ ਖਾਹਿਸ਼ ਬਾਕੀ ਏ ਕਿ ਬੀਤੇ ਨੂੰ ਭੁਲਾ ਕੇ ਦੋਹਾਂ ਪੰਜਾਬਾਂ ਵਿਚ ਆਉਣ-ਜਾਣ ਅਤੇ ਵਪਾਰਕ ਦਰਵਾਜ਼ੇ ਖੁਲ੍ਹੇ ਰਹਿਣਾ ਲੋਚਦਾ ਹਾਂ। ਇਸੇ ਵਿੱਚ ਦੋਹਾਂ ਦੇਸ਼ਾਂ ਦੀ ਭਲਾਈ ਅਤੇ ਖੁਸ਼ਹਾਲੀ ਹੈ।"
ਲੇਖਕ: ਸਤਵੀਰ ਸਿੰਘ ਚਾਨੀਆਂ
92569-73526
ਇਹ ਵੀ ਪੜ੍ਹੋ: 1947 ਹਿਜਰਤਨਾਮਾ- 51: ਸ.ਸੁੰਦਰ ਸਿੰਘ ਕਾਹਲੋਂ
ਇਹ ਵੀ ਪੜ੍ਹੋ: ਹਿਜਰਤ ਨਾਮਾ-50: ਸ. ਦਰਸ਼ਣ ਸਿੰਘ ਰਾਹੋਂ-'ਸੀਓਵਾਲਿਆਂ ਨੂੰ ਮੇਰਾ ਸਾਬ-ਸਲਾਮ ਕਹਿਓ
ਹੱਡ ਬੀਤੀ ਜੱਗ ਬੀਤੀ: ਫੇਰੀ ਸਾਹਿਤ ਸਭਾ ਦੀ....
NEXT STORY