ਕੜਾਹੀਨਾਮਾ ਕਿਸ਼ਤ - 2
ਹਰਪ੍ਰੀਤ ਸਿੰਘ ਕਾਹਲੋਂ
ਚਾਹ
ਤਜ਼ਰਬੇ ‘ਚੋਂ ਕਹਿ ਰਿਹਾ ਹਾਂ ਕਿ ਵਿਆਹ ਦੇ ਕੰਮਾਂ ‘ਚੋਂ ਸਭ ਤੋਂ ਔਖਾ ਕੰਮ ਕਾਰਡ ਵੰਡਣਾ ਹੈ। ਉਂਝ ਤਾਂ ਕਾਰਡ ਵਿਆਹ ਦੀ ਪਹਿਲੀ ਜਾਣ-ਪਛਾਣ ਹੈ ਅਤੇ ਇਸ ਨੂੰ ਲਿਖਣ ਲਈ ਮੈਂ ਅਤੇ ਚਰਨਜੀਤ ਸਿੰਘ ਤੇਜੇ ਨੇ ਬੜੀ ਸੰਜੀਦਗੀ ਨਾਲ ਕੌਸ਼ਿਸ਼ ਕੀਤੀ ਸੀ। ਇਹ ਵੀ ਸੱਚ ਹੈ ਕਿ ਵਿਆਹ ਵਾਲਾ ਸੱਦਾ ਪੜ੍ਹ ਕਈਆਂ ਬਹੁਤ ਪਿਆਰ ਬਖਸ਼ਿਆ ਸੀ। ਮੈਂ ਅਤੇ ਭੂਆ ਦੇ ਮੁੰਡੇ ਅਮਰਿੰਦਰ ਸਿੰਘ ਨੇ ਬਹੁਤ ਜ਼ਿੰਮੇਵਾਰੀ ਨਾਲ ਸੱਦਾ ਘਰ-ਘਰ ਪਹੁੰਚਾਇਆ। ਇਸ ਪੂਰੇ ਵਰਤਾਰੇ ‘ਚ ਪਹਿਲੀ ਵਾਰ ਚਾਹ ਸਾਨੂੰ ਇੰਝ ਪੀਣੀ ਪਈ, ਜਿਵੇਂ ਰੋਜ਼ਾਨਾ ਜ਼ਿੰਦਗੀ ‘ਚ ਪਾਣੀ ਦਾ ਪੀਣਾ ਹੋਵੇ। ਘਰੋਂ ਨਿਕਲਣਾ ਤੈਅ ਕਰਕੇ ਕਿ ਸ਼ਾਮੀ 5 ਵਜੇ ਤੱਕ ਇਨੇ ਰਿਸ਼ਤੇਦਾਰਾਂ ਨੂੰ ਸੱਦਾ ਭੁਗਤਾ ਦੇਣਾ ਹੈ ਪਰ ਚਾਹ ਦੇ ਸ਼ੁਗਲ ‘ਚ ਟੀਚਾ ਫੇਲ ਹੋ ਜਾਣਾ। ਚਾਹ ਬਾਰੇ ਸੁਣਿਆ ਸੀ ਕਿ ਚੀਨ ਦੀ ਖੋਜ ਹੈ, ਜੋ ਜਪਾਨ ਤੋਂ ਯੂਰੋਪ ਅਤੇ ਫੇਰ ਪੂਰੀ ਦੁਨੀਆਂ ‘ਚ ਫੈਲ ਗਈ। ਅੰਗਰੇਜ਼ਾਂ ਨੇ ਭਾਰਤ ‘ਚ ਚਾਹ ਐਸੀ ਲੱਭੀ ਕਿ ਚੀਨ ਨਾਲ ਪੂਰਾ ਮੁਕਾਬਲਾ ਹੋ ਗਿਆ ਸੀ। ਬਹੁਤ ਸਾਰੇ ਦੇਸ਼ਾਂ ‘ਚ ਚਾਹ ਸੰਵਾਦ ਕਰਨ ਦੇ ਰੂਪ ‘ਚ ਅਤੇ ਚਾਹ ਦੇ ਪਿਆਲੇ ਮਿਜਾਜ਼ ਤੋਂ ਸੁਭਾਅ ਲਈ ਪਰਖੇ ਜਾਂਦੇ ਹਨ। ਸਾਡਾ ਭੂਪਾਲ ਵਾਲਾ ਫੁੱਫੜ ਜ਼ਿਆਦਾ ਕੜ੍ਹਣ ਦੀ ਕੜਾਕੇਦਾਰ ਚਾਹ ਨੂੰ ਚਾਹ ਮੰਨਦਾ ਹੈ। ਕਿਸੇ ਨੂੰ ਗਾਂ ਦੇ ਦੁੱਧ ਦੀ ਚਾਹ ਅਤੇ ਕੋਈ ਮੱਝ ਦੇ ਦੁੱਧ ਦੀ ਚਾਹ ਦਾ ਸ਼ੌਕੀਨ ਹੁੰਦਾ ਹੈ। ਪਰਮਜੀਤ ਕੱਟੂ ਖੰਡ ਵੱਖਰੀ ਫੜਾ ਦਿੰਦਾ ਹੈ ਤਾਂਕਿ ਆਪਣੇ ਹਿਸਾਬ ਦੀ ਪਾਓ ਅਤੇ ਨਾਲ ਹੀ ਕਹਿੰਦਾ ਹੈ ਕਿ ਚੁੱਲ੍ਹੇ ਧਰੀ ਚਾਹ ‘ਚ ਪਾਈ ਖੰਡ ਚਾਹ ਦੇ ਅਸਰ ਨੂੰ ਖਤਮ ਕਰ ਦਿੰਦੀ ਹੈ।
ਕੁੱਲ ਜਮ੍ਹਾਂ ਬਾਕੀ ਗੱਲ ਇਹ ਹੈ ਕਿ ਚੈਨਲਾਂ ਦੀ ਚਾਹ ਚਰਚਾ ਤੋਂ ਅਨਵਰ ਮਸੂਦ ਦੀ ਕਵਿਤਾ ਚਾਹ ਅਤੇ ਲੱਸੀ ਤੋਂ ਲੈ ਕੇ ਸਿਆਸਤਦਾਨ ਮੋਦੀ ਜੀ ਚਾਏ ਵਾਲਾ, ਸਲੱਮਡਾਗ ਮਿਲੇਨੀਅਰ ਦਾ ਜਮਾਲ ਚਾਏ ਵਾਲਾ, ਵਾਹ ਉਸਤਾਦ ਵਾਹ ਤਾਜ ਚਾਹ ਤੱਕ ਛੋਟੀ ਪੱਤੀ ਵਾਲੀ ਚਾਹ ਅਤੇ 502 ਪਤਾਕਾ ਚਾਹ ਦੀ ਮਸ਼ਹੂਰੀ ਦਾ ਸਿਨੇਮਾ ਅੰਦਰ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਦਾ ਸ਼ੁਗਲ ਤੱਕ ਇੱਥੇ ਉੱਥੇ ਸਭ ਥਾਂਈ ਚਾਹ ਹੀ ਚਾਹ ਹੈ। ਇਸ ਚਾਹ ਨੂੰ ਪੀਣ ਵਾਲੇ ਰਸੀਏ ਵੀ ਵੱਖੋ-ਵੱਖਰੇ ਢੰਗ ਰੱਖਦੇ ਹਨ। ਮਾਮਾ ਸਾਡਾ ਸਰਵ ਲੋਹ ਦੇ ਬਾਟੇ ’ਚ ਚਾਹ ਪੀਂਦਾ ਹੈ।ਬਾਪੂ ਨੂੰ ਚਾਹ ਗੜਵੀ ‘ਚ ਅਤੇ ਗਲਾਸੀ ਵੱਖਰੀ ਦਿੱਤੀ ਜਾਂਦੀ ਹੈ। ਕੋਈ ਕੁਰਲੀ ਕਰ, ਕੋਈ ਬੁਰਸ਼ ਦਾਤਣ ਕਰ, ਕੋਈ ਬੈੱਡ-ਟੀ ਦਾ ਦੀਵਾਨਾ ਹੈ। ਠੰਡੀ, ਤੱਤੀ ਅਤੇ ਸੜੂਕੇ ਮਾਰ ਚਾਹ ਪੀਣ ‘ਚ ਬੜੀਆਂ ਸ਼੍ਰੇਣੀਆਂ ਬਣ ਜਾਂਦੀਆਂ ਹਨ। ਸਭ ਤੋਂ ਖਾਸ ਮਨਜੀਤ ਸਿੰਘ ਰਾਜਪੁਰਾ ਨੂੰ ਕੰਮ ਦੌਰਾਣ ਅੱਧੇ ਘੰਟੇ ਬਾਅਦ ਹੀ ਚਾਹ ਚਾਹੀਦੀ ਹੁੰਦੀ ਹੈ। ਕਈਆਂ ਨੂੰ ਚਾਹ ਦੀ ਚੁਸਕੀ ਲਏ ਬਿਨਾਂ ਟੱਟੀ ਨਹੀਂ ਆਉਂਦੀ ਅਤੇ ਕਈਆਂ ਲਈ ਚਾਹ ਰਚਨਾਤਮਕ ਵਿਚਾਰ ਆਉਣ ‘ਚ ਬੜੀ ਲਾਹੇਵੰਦ ਹੈ।
ਖੈਰ ਜਦੋਂ ਅਸੀਂ ਵਿਆਹ ਦਾ ਸੱਦਾ ਦੇਣ ਸਾਰਿਆਂ ਨੂੰ ਗਏ ਤਾਂ ਹਰ ਸੱਜਣ ਚਾਹ ਪੁੱਛਦਾ ਸੀ। ਮਾਸੀ ਵੱਡੀ ਦੇ ਚਾਹ ਪੀਣ ਤੋਂ ਬਾਅਦ ਛੇ ਸੱਤ ਘਰਾਂ ਤੋਂ ਚਾਹ ਪੀਂਦੇ ਹੋਏ ਨਿੱਕੀ ਮਾਸੀ ਦੇ ਘਰ ਆ ਕੇ ਚਾਹ ਪੀਣ ਤੋਂ ਇਨਕਾਰ ਕੀਤਾ ਤਾਂ ਮਾਸੀ ਰੁੱਸ ਗਈ। ਕਹਿੰਦੀ ਵੱਡੀ ਦੇ ਘਰੋਂ ਪੀ ਕੇ ਆਏ ਓ, ਛੋਟੀ ਮਾਸੀ ਦੀ ਚਾਹ ਕਿੱਥੇ ਪੀਂਦੇ ਓ। ਅਜਿਹੇ ਵਾਸਤਿਆਂ ‘ਚ ਕਦੀ ਜਵਾਈ ਭਾਈ ਦਾ ਲਿਹਾਜ, ਕਦੀ ਭਰਾ ਦਾ ਮਾਣ, ਕਦੀ ਸਾਡੇ ਗਰੀਬਾਂ ਦੀ ਚਾਹ ਕੋਣ ਪੀਂਦਾ ਏ, ਵਰਗੇ ਜਜ਼ਬਾਤੀ ਕੱਸਵੇਂ ਫਿਕਰਿਆਂ ’ਚੋਂ ਚਾਹਵਾਂ ਪ੍ਰਤੀ ਕੋਈ ਚਾਹ ਨਾ ਰਹੀ ਅਖੀਰ।
ਸਾਡਾ ਇਕ ਹੋਰ ਮਿੱਤਰ ਹੈ...ਡਾ.ਹਰਸਿਮਰਨ ਸੰਧੂ ਕਹਿੰਦਾ ਚਾਹ ਤੁਸੀਂ ਕਾਫੀ ਪੀ ਲਈ ਏ, ਆਪਾਂ ਫਰੂਟ ਖਾਂਦੇ ਹਾਂ। ਮੈਂ ਅਤੇ ਅਮਰਿੰਦਰ ਖੁਸ਼ ਹੋਏ ਕਿ ਇਨ੍ਹਾਂ ਨੇ ਸਾਡਾ ਦੁੱਖ ਸਮਝਿਆ ਏ ਪਰ ਸੰਧੂ ਸਾਹਿਬ ਵੀ ਅਖੀਰ ਜਾਣ ਲੱਗਿਆ ਕਹਿੰਦੇ ਫਰੂਟ ਤਾਂ ਥੱਲੇ ਹੋ ਗਿਆ, ਥੌੜ੍ਹੀ ਥੌੜ੍ਹੀ ਚਾਹ ਹੋ ਜਾਵੇ। ਅਸੀਂ ਇਕੋ ਸੁਰ ‘ਚ ਕਿਹਾ ਬਿਲਕੁਲ ਨਹੀਂ। ਗੱਲ ਇਹ ਹੈ ਕਿ ਦੁਨੀਆਦਾਰੀ ਅਜਿਹੀ ਹੈ ਕਿ ਬੰਦਾ ਸੋਚਦਾ ਹੈ ਕਿਤੇ ਅਗਲਾ ਇਹ ਵੀ ਨਾ ਕਹਿ ਦੇਵੇ ਕਿ ਅਸੀਂ ਗਏ ‘ਤੇ ਅਗਲੇ ਨੇ ਚਾਹ ਬਾਰੇ ਵੀ ਨਹੀਂ ਕਿਹਾ। ਮੀਟ-ਮਾਸ ਅਤੇ ਛਿਟ ਲਾਉਣ ਵਾਲੇ ਸਾਨੂੰ ਟਿੱਚਰਾਂ ਕਰਕੇ ਪਿਆ ਦਿੰਦੇ ਸਨ ਕਿ ਇਹ ਚੂਹ ’ਤੇ ਪੀਂਦੇ ਨੀ ਚਾਹ ਲਿਆਈਏ ?
ਅਖੀਰ ‘ਤੇ ਚਾਹ ਨੂੰ ਸਮਰਪਿਤ ਕੁਝ ਗੀਤ
ਕੱਪ ਕੱਪ ਹੋ ਜੇ ਚਾਹ ਚੰਨੀਏ
‘ਇਕ ਗਰਮ ਚਾਏ ਕੀ ਪਿਆਲੀ ਹੋ’’
‘ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਦਿਲ ਮੇਂ ਆਇਆ ਹੈ,
ਇਸੀ ਲੀਏ ਮੇਰੀ ਮੰਮੀ ਨੇ ਤੁਮਹੇ ਚਾਏ ਪੇ ਬੁਲਾਇਆ ਹੈ।’
ਅਸਲਮ ਭਾਈ
ਦੁੱਬਈ ਕੀ ਚਸ਼ਮਾ
ਚੀਨ ਕੀ ਚੱਡੀ …
ਔਰ ਇਰਾਨੀ ਚਾਏ
ਅੰਬ
ਸੰਨ 1991 ਦੀ ਗੱਲ ਹੈ। ਨਾ ਟਿਊਬਵੈਲ ਸਨ, ਨਾ ਪਾਣੀ ਡੂੰਗੇ, ਨਾ ਕੋਈ ਹੋਰ ਆਧੁਨਿਕ ਚਕਾਚੌਂਧ
ਮਿਥੁਣ ਚਕਰਵਰਤੀ ਮਿਠੁਣ ਸੀ, ਅਮਿਤਾਬ ਬੱਚਨ ਲੰਬੂ ਅਤੇ ਅਨਿਲ ਕਪੂਰ ਲਿਲ ਕਪੂਰ
ਮਾਮਿਆਂ ਦੇ ਜਾਣਾ ਤਾਂ ਲਾਲਚ ਦੇਣਾ ਕਿ ਭਣੇਵਿਆਂ ਅੱਜ ਰਹੁ ਵੀ.ਸੀ.ਆਰ ਲੈ ਕੇ ਆਵਾਂਗੇ। ਇਨ੍ਹਾਂ ਫਿਲਮਾਂ ‘ਚ ਸ਼ਗਨਾਂ ਵਾਂਗੂ ਗੱਗੂ ਗਿੱਲ, ਵਰਿੰਦਰ, ਅਮਿਤਾਬ, ਮਿਥੁਣ, ਗੋਵਿੰਦਾ, ਅਨਿਲ ਕਪੂਰ ਦੀ ਫਿਲਮ ਜ਼ਰੂਰ ਹੁੰਦੀ ਸੀ। ਮੇਰੇ ਵਰਗੇ ਲੋਕਾਂ ਨੇ ਉਨ੍ਹਾਂ ਸਮਿਆਂ ‘ਚ ਫਿਲਮ ਦੀ ਪੂਰੀ ਜਾਣਕਾਰੀ ਦਾ ਰਿਕਾਰਡ ਰੱਖਿਆ ਹੋਇਆ ਸੀ, ਕਿਉਂਕਿ ਉਦੋਂ ਵੀਕੀਪੀਡੀਆ ਨਹੀਂ ਸੀ, ਹੋਵੇਗਾ ਵੀ ਪਰ ਸਾਨੂੰ ਪਤਾ ਨਹੀਂ ਸੀ। ਇਹ ਉਹ ਦੌਰ ਸੀ ਜਦੋਂ ਖਿੜਕੀ ‘ਤੇ ਟਿਕਟ ਲੈਣ ਲਈ ਲੰਮੀਆਂ ਲਾਈਨਾਂ, ਧੱਕਾ-ਮੁੱਕੀ ਅਤੇ ਅੰਤਾਂ ਦੇ ਸੰਘਰਸ਼ ਤੋਂ ਬਾਅਦ ਫਿਲਮ ਸਿਨੇਮਾ ‘ਚ ਭੂੰਜੇ ਬਹਿਕੇ ਵੀ ਵੇਖਣੀ ਪੈ ਜਾਂਦੀ ਸੀ। ਸੀਟਾਂ ਭਰ ਜਾਣ ਤੋਂ ਬਾਅਦ ਵੀ ਖਾਸ ਮੌਕਿਆਂ ‘ਤੇ ਫਿਲਮ ਵਿਖਾਉਣੀ ਜ਼ਰੂਰੀ ਸੀ।
ਖੈਰ ਇਸ ਦੌਰ ਅੰਦਰ ਅੰਬਾ ਵੱਲ ਮੁੜਦੇ ਹਾਂ। ਜਿਵੇਂ ਮੈਂ ਕਿਹਾ ਕਿ ਉਦੋਂ ਟਿਊਬਵੈਲ ਨਹੀਂ ਬੋਰ ਸਨ। ਇੰਜਣ, ਪਟਾ, ਬਰੋਜ਼ਾ, ਜੈਨਡੋਰੀ, ਸ਼ਾਵਟ, ਪੁਲੀ ਦੀਆਂ ਗੱਲਾਂ ਸਨ। ਪਿੰਡ ਦੇ ਲੋਕਾਂ ਵਲੋਂ ਬਰੋਜ਼ੇ ਦੀ ਕਵਾਲਟੀ ਨੂੰ ਲੈ ਕੇ ਦੁਕਾਨਦਾਰ ਨਾਲ ਖਹਿੰਦੇ ਰਹਿਣਾ। ਉਨ੍ਹਾਂ ਜ਼ਮਾਨਿਆਂ ‘ਚ ਮਈ-ਜੂਨ ਮਹੀਨੇ ਪੈਟਰੋਲ ਪੰਪਾ ‘ਤੇ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਸਨ। ਟਰਾਲੀ ‘ਚ ਰੱਖ ਕਿਸੇ ਇਕ ਕਿਸੇ ਦੋ ‘ਤੇ ਕਿਸੇ 3 ਡਰੰਮ ਲੈ ਖੜੌਤੇ ਹੋਣਾ। ਪੈਟਰੋਲ ਪੰਪਾਂ ‘ਤੇ ਕਿਸਾਨਾਂ ਦਾ ਮੇਲਾ ਲੱਗਾ ਹੋਣਾ, ਦੇਸ਼ ਦੀ ਸਿਆਸਤ, ਇਲਾਕੇ ਦਾ ਹਾਲ, ਕਿਸਾਨਵਾਣੀ ਅਤੇ ਦੇਸੀ ਨੁਸਖਿਆਂ ਤੱਕ ਦੀਆਂ ਗੱਲਾਂ ਹੋ ਜਾਣੀਆਂ।
ਪੈਟਰੋਲ ਪੰਪ ਦੇ ਨੇੜੇ ਸਰਦਾਰਾਂ ਦਾ ਅੰਬਾਂ ਦਾ ਬਾਗ ਸੀ। ਤੇਲ ਲੈਣ ਗਇਓਂ ਅਤੇ ਘਰ ਦੀਆਂ ਬੀਬੀਆਂ ਕਹਿ ਦੇਣਾ ਆਚਾਰ ਲਈ ਅੰਬ ਲੈ ਕੇ ਆਉਣਾ। ਪੰਸੇਰੇ ਅੰਬ ਅਚਾਰ ਲਈ ਖਰੀਦਦੇ ਹੋਏ ਨਾਲ ਖਾਣ ਲਈ ਅੰਬ ਵੀ ਲੈ ਲਏ ਜਾਂਦੇ ਸੀ। ਬਾਪੂ ਸਾਡੇ ਨੇ 3 ਕਿੱਲੋ ਅੰਬ ਲੈ ਲਏ ਅਤੇ ਮੈਨੂੰ ਕਿਹਾ ਕਿ ਖਾ ਲਓ। ਤੇਲ ਲੈਣ ਲਈ ਲਾਈਨ ਲੰਬੀ ਸੀ ਅਤੇ ਆਪਾਂ ਛੇ ਸਾਲ ਦੀ ਉੱਮਰ ‘ਚ ਵੱਡਮੁੱਲਾ ਕਾਰਜ ਹੱਥ ‘ਚ ਲੈਂਦਿਆ ਤਿੰਨ ਕਿੱਲੋ ਅੰਬ ਚੂਪ ਛੱਡੇ। ਲਿਫਾਫੇ ‘ਚ ਇਕ ਈ ਅੰਬ ਛੱਡਿਆ ਜਿਵੇਂ ਉਹ ਰੱਬ ਨੂੰ ਭੋਗ ਲਵਾਇਆ ਹੋਵੇ। ਬੱਸ ਜੀ ਉੱਧਰੋਂ ਪੰਪ ‘ਤੇ ਸਾਡੀ ਵਾਰੀ ਆਈ ਅਤੇ ਬਾਪੂ ਮੈਨੂੰ ਵੇਖ ਰਿਹਾ ਸੀ ਅਤੇ ਰੇਸ ਵਾਲੀ ਕਿੱਲੀ ‘ਤੇ ਲਟਕੇ ਲਿਫਾਫੇ ‘ਚ ਇਕ ਅੰਬ। ਬਾਪੂ ਨੇ ਹੱਸ ਕੇ ਕਿਹਾ ਪੁੱਤ ਆਹ ਵੀ ਛੱਕ ਲੈ ਅਤੇ ਆਪਾਂ ਵੀ ਬਾਪੂ ਦਾ ਹੁਕਮ ਸਿਰ ਮੱਥੇ ਮਨ ਲਿਆ ਅਤੇ ਆਖਰੀ ਅੰਬ ਵੀ ਚੂਪ ਛੱਡਿਆ। ਉਸ ਦਿਨ ਬਾਪੂ ਘਰ ਲਈ 3 ਕਿੱਲੋ ਅੰਬ ਹੋਰ ਖਰੀਦ ਕੇ ਲੈ ਆਇਆ।
ਇਹ ਉਹ ਜ਼ਮਾਨਾ ਸੀ, ਜਦੋਂ ਨਾ ਬਰਗਰ ਪੀਜ਼ਿਆ ਦਾ ਦੌਰ ਸੀ ਨਾ ਛੇ ਸੈਕਿੰਡ ‘ਚ ਅਰਾਮ ਦੇਣ ਵਾਲੀ ਈਨੂੰ ਦੀ ਮਸ਼ਹੂਰੀ। ਘਰ ਆ ਕੇ 2-3 ਅੰਬ ਹੋਰ ਚੂਪ ਛੱਡੇ ਸੀ ਪਰ ਇਹ ਸੱਚ ਹੈ ਕਿ ਨਾ ਹਾਜਮਾ ਖਰਾਬ ਹੋਇਆ ਨਾ ਟੱਟੀਆਂ ਲੱਗੀਆਂ।
ਉਹ ਵੀ ਦਿਨ ਸਨ
ਇਹ ਵੀ ਪੜ੍ਹੋ - ‘ਕੜਾਹੀਨਾਮਾ’ ਕਿਸ਼ਤ : 1
ਜੋ ਤੁਰਦੇ ਹਨ ਉਹੀ ਪੁੱਜਦੇ ਹਨ
NEXT STORY