ਕਈ ਵਾਰ ਮਾਂ ਦੀ ਫੋਟੋ ਸਾਹਮਣੇ ਆਉਂਦੀ ਤਾਂ ਉਸ ਨੂੰ ਡੋਬ ਜਿਹਾ ਪੈ ਜਾਂਦਾ...ਦੇਖੀ ਨਹੀਂ ਸੀ ਜਾਂਦੀ...‘ਮਾਂ ਹੁਣ ਤੂੰ ਕਦੇ ਨਹੀਂ ਮਿਲਣਾ’ ਇਹ ਸੋਚ ਕੇ ਹੌਲ ਜਿਹੇ ਪੈਣ ਲੱਗਦੇ । ਅੰਦਰੋਂ ਖਾਲੀ-ਖਾਲੀ ਜਿਹਾ ਲੱਗਣ ਲੱਗ ਪੈਂਦਾ, ਜਿਵੇਂ ਕਿਸੇ ਨੇ ਰੁੱਗ ਭਰ ਕੇ ਕੁਝ ਕੱਢ ਲਿਆ ਹੋਵੇ। ਸੋਚਾਂ ਦੇ ਵਹਿਣਾਂ ’ਚ ਗੁਆਚ ਜਾਂਦੀ, ਜਦੋਂ ਨਿੱਕੇ-ਨਿੱਕੇ ਹੁੰਦੇ ਬੀਮਾਰ ਹੋ ਜਾਂਦੇ ਤਾਂ ਮਾਂ ਨੇ ਝੋਲ਼ੀ ’ਚ ਪਾ ਲੈਣਾ, ਹੌਲੀ-ਹੌਲੀ ਸਿਰ ਦੱਬਦੇ ਰਹਿਣਾ। ਜਦੋਂ ਵੀ ਉਹ ਬੀਮਾਰ ਹੁੰਦੀ ਤਾਂ ਸਿਰ ਜ਼ਰੂਰ ਦੁਖਦਾ ਸੀ। ਪਿੰਡ ਦੀ ਕੋਈ ਸਿਆਣੀ ਬਜ਼ੁਰਗ ਔਰਤ ਮਾਂ ਨੂੰ ਮੰਗਲਵਾਰ ਵਾਲੇ ਦਿਨ ਮੰਨੀ (ਮੋਟੀ ਮਿੱਠੀ ਰੋਟੀ) ਲਾਉਣ ਨੂੰ ਆਖ ਦਿੰਦੀ। ਮਾਂ ਮੰਗਲਵਾਰ ਨੂੰ ਮੰਨੀ ਲਾ ਦਿੰਦੀ। ਅੱਗ ’ਤੇ ਘਿਓ ਪਾ ਕੇ ਮੱਥਾ ਟੇਕ ਕੇ ਸਾਰਿਆਂ ਨੂੰ ਵੰਡ ਦਿੰਦੀ। ਕਹਿੰਦੇ ਸਿਰ ਦੁਖਣੋਂ ਹਟ ਜਾਂਦਾ ਪਰ ਉਸ ਦਾ ਸਿਰ ਤਾਂ ਹੁਣ ਵੀ ਦੁਖਦਾ ਸੀ। ਫਰਕ ਸਿਰਫ਼ ਐਨਾ ਸੀ ਕਿ ਹੁਣ ਕਿਸੇ ਪੋਲਾ-ਪੋਲਾ ਦੱਬਿਆ ਨਹੀਂ। ਹਾਂ, ਪਾਣੀ ਦਾ ਗਿਲਾਸ ਤੇ ਸਿਰਦਰਦ ਦੀ ਗੋਲੀ ਜ਼ਰੂਰ ਮਿਲ ਜਾਂਦੀ ਐ। ਸਿਰ ਹਟੇ ਨਾ ਹਟੇ, ਉੱਠ ਕੇ ਕੰਮ ਜ਼ਰੂਰ ਕਰਨੇ ਹੁੰਦੇ ਨੇ। ਮਾਂ ਤੇਰੇ ਬਿਨਾਂ ਇਹ ਜਹਾਨ ਸੁੰਨਾ-ਸੁੰਨਾ ਜਾਪਦਾ ਹੈ।
ਬਸ ਇਹੀ ਤਾਂ ਸਮਾਂ ਹੁੰਦਾ ਮਾਂ ਨਾਲ ਮਿਲਣ ਦਾ....ਗੱਲਾਂ ਕਰਨ ਦਾ....ਜਦੋਂ ਸਿਰ ਦੁਖਦਾ। ਅੱਜ ਵੀ ਉਸ ਦਾ ਸਿਰਦਰਦ ਕਰ ਰਿਹਾ ਸੀ। ਮਾਂ ਨਾਲ ਗੱਲਾਂ-ਬਾਤਾਂ ਫਿਰ ਸ਼ੁਰੂ ਹੋ ਗਈਆਂ। ‘ਮਾਂ ! ਤੈਨੂੰ ਪਤਾ ਜਿੱਦਣ ਤੂੰ ਮੁੱਕੀ ਸੀ। ਮੈਨੂੰ ਛੋਟੀ ਦਾ ਫੋਨ ਆਇਆ ਸੀ ਕਿ ਮਾਂ ਬਹੁਤ ਬੀਮਾਰ ਐ ਤੁਹਾਡੇ ਸ਼ਹਿਰ ਲੈ ਕੇ ਆ ਰਹੇ ਨੇ। ਮੂਹਰੇ ਆ ਜਾਣਾ। ਮੀਂਹ-ਹਨੇਰੀ ਵੀ ਬਹੁਤ ਸੀ। ਬੀ ਜੀ ਸਾਡੇ ਰਾਤ ਨੂੰ ਕਿੱਧਰੇ ਜਾਣ ਨਹੀਂ ਦਿੰਦੇ ਆਪਣੇ ਪੁੱਤ ਨੂੰ....। ਤੈਨੂੰ ਤਾਂ ਪਤੈ ਮੈਂ ਤੇਰੇ ਘਰ ਹੀ ਸ਼ਰਾਰਤਾਂ ਕੀਤੀਆਂ....ਜਦੋਂ ਇਥੋਂ ਤੁਰ ਗਈ...ਨਾ ਸ਼ਰਾਰਤਾਂ ਸੁੱਝੀਆਂ, ਨਾ ਕਿਤੇ ਆਪਣੀ ਗੱਲ ਮੰਨਵਾਉਣ ਦੀ ਜ਼ਿੱਦ ਕੀਤੀ। ਬੀ ਜੀ ਨੂੰ ਕਹਿਣ ਦੀ ਹਿੰਮਤ ’ਕੱਠੀ ਕਰ ਰਹੀ ਸੀ ਅਜੇ। ਫਿਰ ਸੋਚਿਆ ਪੁੱਛ ਲਵਾਂ ਕਿਹੜੇ ਹਸਪਤਾਲ ਆਉਣਾ ਤੁਸੀਂ। ਮੈਂ ਛੋਟੀ ਨੂੰ ਫੋਨ ਲਾਇਆ ਭਾਅ ਜੀ ਨੇ ਚੁੱਕਿਆ । ਉਨ੍ਹਾਂ ਆਖਿਆ, ‘ਮਾਂ ਨੂੰ ਵਾਪਸ ਘਰ ਲੈ ਗਏ।’
"ਕਿਉਂ ? ਐਨੀ ਛੇਤੀ ਕਿਉਂ.....ਰਾਤ ਨੂੰ ਜੇ ਘਰ ਜਾ ਕੇ ਬਾਹਲੇ ਔਖੇ ਹੋ ਗਏ?’’ ਮੈਂ ਘਬਰਾ ਕੇ ਕਿਹਾ।
ਇਹ ਵੀ ਪੜ੍ਹੋ : ਕਹਾਣੀਨਾਮਾ : ਜਾਣੋ ਭੁੱਲੀਆਂ ਵਿਸਰੀਆਂ ਯਾਦਾਂ ਦੇ ਬਾਰੇ
"ਨਾ ਭੈਣੇ ਹੁਣ ਨਹੀਂ ਔਖੇ ਹੁੰਦੇ ....।’’ ਉਸ ਦੀ ਆਵਾਜ਼ ਦੱਬ ਗਈ ਸੀ । ਮੈਂ ਸਮਝਦਿਆਂ ਹੋਇਆਂ ਵੀ ਨਾਸਮਝ ਬਣੀ ਹੋਈ ਸੀ ਭੈਣ ਨਾਲ ਗੱਲ ਕਰਾਉਣ ਨੂੰ ਆਖਿਆ ਤਾਂ ਉਸ ਦੀ ਆਵਾਜ਼ ਸੀ ‘ਇਹਨੂੰ ਨਾ ਦੱਸ ਦਿਓ ਕਿਤੇ...ਸਵੇਰੇ ਦੱਸ ਦੇਣਾ । ਰਾਤ ਕਿਵੇਂ ਲੰਘੂ ਇਹਦੀ।’ ਐਨੀ ਅਣਜਾਣ ਤਾਂ ਨਹੀਂ ਸੀ ਸਮਝ ਗਈ ਕਿ ਛਾਂ ਤੁਰ ਗਈ ਪਰ ਫਿਰ ਵੀ ਲੱਗਿਆ ਇਸ ਤਰ੍ਹਾਂ ਕਿਵੇਂ ਹੋ ਸਕਦੈ ਨਾ ਬੀਮਾਰ ਦਾ ਪਤਾ ਲੱਗਿਆ, ਨਾ ਕਦੇ ਕੋਈ ਤਕਲੀਫ਼ ਸੁਣੀ। ਫਿਰ ਛੋਟੀ ਨੂੰ ਫੋਨ ਲਾ ਲਿਆ, ਉਹ ਫਿਰ ਭਾਅ ਜੀ ਨੇ ਚੁੱਕਿਆ। ਉਨ੍ਹਾਂ ਦੀ ਭੁੱਬ ਨਿਕਲ ਗਈ ਉਸ ਨੇ ਕਿਹਾ, ‘‘ਭੈਣੇ ਮਾਂ ਨਹੀਂ ਰਹੀ, ਉਹਨੂੰ ਇਸ ਲਈ ਘਰ ਵਾਪਸ ਲੈ ਗਏ।’’ ਥੋੜ੍ਹਾ ਸਮਾਂ ਤਾਂ ਕੁਝ ਨਹੀਂ ਸਮਝ ਆਇਆ। ਫਿਰ ਜਿਵੇਂ ਕਾਲਜੇ ’ਚ ਡੋਈ ਜਿਹੀ ਫਿਰ ਗਈ ਨਾੜੂਏ ਦੀ ਸਾਂਝ ਜੁ ਸੀ ਤੇਰੇ ਨਾਲ। ਸਾਰੇ ਸਰੀਰ ਦਾ ਸਤ ਜਿਹਾ ਨਿਕਲ ਗਿਆ। ਮੈਨੂੰ ਲੱਗਿਆ ਜਿਵੇਂ ਤੂੰ ਮੇਰੇ ਸਾਰੇ ਅੰਗਾਂ ’ਚ ਵਸਦੀ ਸੀ ਹੱਥ, ਪੈਰ, ਅੱਖਾਂ, ਦਿਲ, ਦਿਮਾਗ਼ ਸਭ ਕਿਤੇ। ਤਾਂ ਹੀ ਜਦੋਂ ਜਹਾਨੋਂ ਚਲੀ ਗਈ ਹੱਥਾਂ-ਪੈਰਾਂ ਦੀ ਜਾਨ ਨਿਕਲ ਗਈ ਸੀ, ਦਿਲ ਖਾਲੀ ਜਿਹਾ ਹੋ ਗਿਆ ਤੇ ਦਿਮਾਗ ਸੁੰਨ। ਸਰੀਰ ਬੇਜਾਨ ਜਿਹਾ ਹੋ ਗਿਆ। ਤੈਨੂੰ ਇਕ ਗੱਲ ਹੋਰ ਦੱਸਾਂ ਉਸ ਦਿਨ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਤੇਰਾ ਜੁਆਈ ਮੇਰਾ ਕਿੰਨਾ ਫ਼ਿਕਰ ਕਰਦਾ। ਅੱਗੇ ਤਾਂ ਇਹੀ ਲੱਗਦਾ ਹੁੰਦਾ ਸੀ ਕਿ ਰੁੱਖਾ ਜਿਹਾ ਬੰਦਾ ਇਹਨੂੰ ਮੇਰੀ ਫਿਕਰ ਤਾਂ ਕਦੇ ਵੀ ਨਹੀਂ ਹੋ ਸਕਦੀ ਪਰ ਉਸ ਰਾਤ ਮੈਂ ਸਾਰੀ ਰਾਤ ਤੁਰੀ ਰਹੀ ਤੇ ਸੁੱਤਾ ਉਹ ਵੀ ਨਹੀਂ ਮੈਂ ਰਾਤ ਨੂੰ ਬਾਰਾਂ ਕੁ ਵਜੇ ਛੱਤ ’ਤੇ ਚਲੀ ਗਈ। ਮੇਰਾ ਦਿਲ ਕਰਦਾ ਸੀ ਤੇਰੇ ਨਿਰਜਿੰਦ ਸਰੀਰ ਨੂੰ ਦੇਖਣ ਤੋਂ ਪਹਿਲਾਂ ਮੈਂ ਕਿਤੇ ਅਸਮਾਨ ’ਚ ਗੁਆਚ ਜਾਵਾਂ। ਬਥੇਰਾ ਅੱਖਾਂ ਬੰਦ ਕਰਕੇ ਸੋਚਾਂ ਕਿ ਆਸਮਾਨੀ ਉਡਾਰੀ ਲੱਗ ਜਾਵੇ ਪਰ ਫਿਰ ਅਜਿਹਾ ਕੁਝ ਨਹੀਂ ਹੋਇਆ। ਮੈਂ ਹੇਠਾਂ ਆਈ ਤਾਂ ਉਹ ਪੌੜੀਆਂ ’ਚ ਖੜ੍ਹਾ ਸੀ।
ਸਾਰੀ ਰਾਤ ਤੇਰੀ ਇਕੋ ਗੱਲ ਯਾਦ ਆਉਂਦੀ ਰਹੀ, ‘‘ਤੇਰਾ ਪੁੱਤ ਕਦੇ ਨੀ ਜੀਅ ਕਰਦਾ ਪਿੰਡ ਆਉਣ ਨੂੰ।’’ ਉਦੋਂ ਮੈਂ ਹੱਸ ਕੇ ਤੈਨੂੰ ‘ਨਾਂਹ’ ਆਖ ਦਿਆਂ ਕਰਦੀ ਸੀ ਪਰ ਕੀਹਦਾ ਨਹੀਂ ਜੀਅ ਕਰਦਾ ਹੁੰਦਾ ਪੇਕੇ ਜਾਣ ਨੂੰ। ਕੀਹਦਾ ਨਹੀਂ ਜੀਅ ਕਰਦਾ ਹੁੰਦਾ ਪੱਕੀ-ਪਕਾਈ ਰੋਟੀ ਖਾਣ ਨੂੰ, ਜਦੋਂ ਕੋਈ ਥਾਲੀ ਵਿਚ ਪਾ ਕੇ ਪਿਆਰ ਨਾਲ ਫੜਾਵੇ ਪਰ ਮਾਂ ਘਰ _ਚ ਬਣੀਆਂ ਕੰਧਾਂ ਦੇਖਣੀਆਂ ਔਖੀਆਂ ਹੁੰਦੀਆਂ ਨੇ ਧੀਆਂ ਲਈ। ਭਰਾ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਭੈਣਾਂ ਨੂੰ ਸਭ ਪਿਆਰੇ ਹੁੰਦੇ ਨੇ। ਤੈਨੂੰ ਸੱਚ ਦੱਸਾਂ ਇਕ ਸਭ ਤੋਂ ਵੱਡਾ ਕਾਰਨ ਹੋਰ ਵੀ ਸੀ ਪਿੰਡ ਨਾ ਆਉਣ ਦਾ। ਸਾਡੇ ਬੀ ਜੀ ਨੂੰ ਮਾੜੀ-ਮੋਟੀ ਢਿੱਲ-ਮੱਠ ਤਾਂ ਰਹਿੰਦੀ ਐ ਹਮੇਸ਼ਾ। ਜੇ ਮੈਂ ਉਨ੍ਹਾਂ ਨੂੰ ਛੱਡ ਕੇ ਆਉਂਦੀ ਉਹ ਵਹਿਮ ਕਰਦੇ ਨੇ ਕਿ ਮੈਂ ਉਨ੍ਹਾਂ ਦਾ ਖਿਆਲ ਨਹੀਂ ਰੱਖਦੀ। ਬਸ ਇਹੀ ਗੱਲ ਮੈਨੂੰ ਘਰੋਂ ਨਿਕਲਣ ਨਹੀਂ ਸੀ ਦਿੰਦੀ। ਜਦੋਂ ਤੂੰ ਲਾਸ਼ ਬਣੀ ਪਈ ਸੀ, ਮੈਂ ਤੇਰਾ ਹੱਥ ਫੜ ਕੇ ਕਿੰਨੀ ਦੇਰ ਤੇਰੇ ਮੰਜੇ ਨਾਲ ਸਿਰ ਲਾਈ ਬੈਠੀ ਰਹੀ ਕਿਸੇ ਨੇ ਮੇਰੇ ਸਿਰ ’ਤੇ ਹੱਥ ਨਹੀਂ ਸੀ ਰੱਖਿਆ। ਜਦੋਂ ਬਾਪੂ ਜੀ ਗਏ ਸਨ, ਉਦੋਂ ਜੇ ਅਸੀਂ ਰੋਂਦੀਆਂ ਤੂੰ ਸਾਨੂੰ ਆਪਣੀ ਸਹੁੰ ਖਵਾ ਦਿੰਦੀ, ਤੂੰ ਥੋੜ੍ਹਾ ਝਿੜਕ ਕੇ ਆਖਿਆ ਕਰਦੀ, ‘‘ਥੋਨੂੰ ਮੇਰੀ ਸਹੁੰ ਲੱਗੇ ਜੇ ਹੁਣ ਰੋਈਆਂ ਤਾਂ।’’ ਆਖ ਕੇ ਕਾਲਜੇ ਨਾਲ ਘੁੱਟ ਲਿਆ ਕਰਦੀ ਸੀ ਅਤੇ ਅਸੀਂ ਆਪਣੀ ਭੁੱਬ ਨੂੰ ਬੁੱਲ੍ਹਾਂ ਅੰਦਰ ਈ ਘੁੱਟ ਲਿਆ ਕਰਦੀਆਂ ਸੀ ਪਰ ਹੁਣ ਕਿਸੇ ਨੇ ਸਹੁੰ ਨਹੀਂ ਖਵਾਈ ਅਤੇ ਨਾ ਹੀ ਸੀਨੇ ਨਾਲ ਲਾਇਆ। ਆਪੇ ਰੋਈਆਂ ਤੇ ਆਪੇ ਚੁੱਪ ਕਰ ਗਈਆਂ। ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਇਹ ਸੀ ਕਿ ਅਸੀਂ ਪਿੰਡ ਨਹੀਂ ਆਉਂਦੀਆਂ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਤੇਰੇ ਜਿਊਂਦੇ ਹੋਣ ਦਾ ਅਹਿਸਾਸ ਹੀ ਸਾਨੂੰ ਚੁੱਕੀ ਫਿਰਦਾ ਸੀ। ਭਾਵੇਂ ਕਿੰਨੀ ਮਰਜ਼ੀ ਦੂਰ ਸੀ ਅੰਦਰੋਂ ਜੁੜੇ ਸੀ। ਉਨ੍ਹਾਂ ਭਾਣੇ ਪੱਥਰ ਦਿਲ ਧੀਆਂ ਪੇਕੇ ਨਹੀਂ ਆਉਂਦੀਆਂ ਪਰ ਉਨ੍ਹਾਂ ਨੂੰ ਕੀ ਪਤਾ ਸੀ, ਕਿੰਨੀਆਂ ਮਜਬੂਰੀਆਂ ਹੁੰਦੀਆਂ ਨੇ ਪੇਕੇ ਘੱਟ ਜਾਣ ਵਾਲੀਆਂ ਧੀਆਂ ਦੀਆਂ।
ਯਾਦ ਐ ਤੈਨੂੰ ? ਜਦੋਂ ਰਿਸ਼ਤਾ ਕੀਤਾ ਸੀ ਤਾਂ ਇਹ ਦੇਖ ਕੇ ਕੀਤਾ ਸੀ ਕਿ ਕੁੜੀਆਂ ਵਿਆਹੀਆਂ ਨੇ ਜੇਠ-ਜਠਾਣੀ ਅੱਡ ਨੇ ਕੁੜੀ ਰਾਜ ਕਰੂ....ਮੌਜ ਕਰੂ। ਕਦੇ ਇਹ ਨਹੀਂ ਸੋਚਿਆ ਕਿ ਪਰਿਵਾਰ ’ਚ ਜੇ ਤੁਹਾਡੀ ਧੀ ਈ ਕੰਮ ਕਰਨ ਵਾਲੀ ਹੋਊ ਤਾਂ ਉਹ ਕਿਵੇਂ ਰਾਜ ਕਰੂ ਕਿਵੇਂ ਮੌਜ ਕਰੂ। ਕੰਮ ਧੰਦੇ ਵੀ ਤਾਂ ’ਕੱਲੀ ਨੂੰ ਹੀ ਕਰਨੇ ਪੈਣਗੇ। ਤੁਹਾਡੇ ਖਿਆਲਾਂ ’ਚ ਸੋਚਿਆ ਰਾਜ ਤਾਂ ਮੈਨੂੰ ਅਜੇ ਤੱਕ ਪਤਾ ਨਹੀਂ ਲੱਗਿਆ । ਪੇਕੇ ਘੱਟ ਜਾਣ ਦਾ ਕਾਰਨ ਵੀ ਤੁਹਾਡਾ ਰਾਜ ਕਰੂ ਵਾਲਾ ਵਹਿਮ ਈ ਸੀ। ਜੇ ਅਸੀਂ ਇਕੱਠੇ ਹੁੰਦੇ ਤਾਂ ਪਿੱਛੋਂ ਬੀ ਜੀ ਦਾ ਫ਼ਿਕਰ ਨਹੀਂ ਸੀ ਰਿਹਾ ਕਰਨਾ....ਨਾ ਹੀ ਸੁਣਨਾ ਪੈਣਾ ਸੀ ਕਿ ਬੀਮਾਰ ਨੂੰ ਛੱਡ ਕੇ ਤੁਰ ਜਾਂਦੀ ਐ। ਇਕ ਹੋਰ ਗੱਲ ਆਖਾਂ ਅਸੀਂ ਸ਼ਹਿਰ ਵਿਚ ਆ ਗਏ ਤਾਂ ਇਥੇ ਵੀ ਕੋਈ ਰੋਂਦੇ ਨੂੰ ਚੁੱਪ ਕਰਾਉਣ ਵਾਲਾ ਨਹੀਂ ਹੁੰਦਾ। ਹਰ ਕੋਈ ਆਪਣੇ ਦੁੱਖ ਅੰਦਰ ਵੜ ਕੇ ਈ ਰੋਂਦੈ ਤੇ ਅੱਖਾਂ ਪੂੰਝ ਕੇ ਬਾਹਰ ਆ ਜਾਂਦਾ। ਪਿੰਡਾਂ ’ਚ ਹੁੰਦੈ...... ਮੁੱਕ ਚੁੱਕਿਆਂ ਦੇ ਪਰਿਵਾਰ ਵਾਲਿਆਂ ਨੂੰ ਲੋਕ ਧੱਕੇ ਨਾਲ ਰੋਟੀ ਖਵਾਉਂਦੇ ਨੇ । ਜਦੋਂ ਕੋਈ ਆਪਣਾ ਮੁੱਕ ਜਾਂਦਾ ਕੁਝ ਸਮਾਂ ਇਹੋ ਜਿਹਾ ਹੁੰਦਾ ਕਿ ਬੁਰਕੀ ਮੂੰਹ ’ਚ ਫੁੱਲ ਜਾਂਦੀ ਐ, ਖਾਣ ਨੂੰ ਦਿਲ ਨਹੀਂ ਕਰਦਾ ਪਰ ਇਹ ਲੋਕ ਸਹੁੰਆਂ ਖਵਾ ਕੇ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਦਾ ਵਾਸਤਾ ਦੇ ਕੇ ਓਦਾਂ ਖਵਾਉਂਦੇ ਹੁੰਦੇ ਐ, ਜਿਵੇਂ ਪੰਛੀਆਂ ਨੂੰ ਚੋਗਾ । ਕਹਿੰਦੇ ਨੇ ਖਾਲੀ ਪੇਟ ਰਹਿਣ ਨਾਲ ਗਰਮੀਆਂ ’ਚ ਅੰਦਰ ਗਰਮੀ ਭਰ ਜਾਂਦੀ ਐ ਅਤੇ ਸਰਦੀਆਂ ’ਚ ਵੀ ਸਰੀਰ ’ਤੇ ਬੁਰਾ ਅਸਰ ਹੁੰਦਾ ਐ। ਇਸ ਲਈ ਗ਼ਮਗੀਨ ਪਰਿਵਾਰ ਨੂੰ ਥੋੜ੍ਹਾ-ਥੋੜ੍ਹਾ ਖਵਾਉਂਦੇ ਅਤੇ ਪਾਣੀ ਪਿਆਉਂਦੇ ਰਹਿਣਾ ਚਾਹੀਦਾ ਪਰ ਸ਼ਹਿਰਾਂ ’ਚ ਤਾਂ ਜਦੋਂ ਸਰੀਰ ਕੰਮ ਕਰਨੋਂ ਜਵਾਬ ਦੇਣ ਲੱਗਦਾ, ਆਪੇ ਬੰਦੇ ਨੂੰ ਉੱਠ ਕੇ ਕੰਮ ਵੀ ਕਰਨਾ ਪੈਂਦਾ ਹੈ ਤੇ ਖਾਣ ਨੂੰ ਵੀ ਮੰਗਦਾ ਸਰੀਰ। ਦੁਨੀਆ ਨੇ ਤਾਂ ਚੱਲਦੇ ਹੀ ਰਹਿਣਾ ਹੁੰਦੈ। ਪਿੰਡ ਤਾਂ ਜਦੋਂ ਸਾਡੇ ਬਾਪੂ ਜੀ (ਸਹੁਰਾ ਸਾਬ੍ਹ) ਮੁੱਕੇ ਸਨ ਤਾਂ ਕਦੋਂ ਸ਼ਰੀਕੇ ਕਬੀਲੇ ਵਾਲਿਆਂ ਨੇ ਆ ਕੇ ਘਰ ਦੇ ਸਾਰੇ ਕੰਮ ਸੰਭਾਲ ਲਏ ਸਨ, ਸਾਨੂੰ ਪਤਾ ਵੀ ਨਹੀਂ ਸੀ ਲੱਗਿਆ।
ਤੈਨੂੰ ਪਤੈ..? ਜਿਸ ਦਿਨ ਤੇਰੇ ਫੁੱਲ ਚੁਗਣੇ ਸੀ, ਜਦੋਂ ਮੈਂ ਸਵੇਰ ਦੀ ਰੋਟੀ ਬਣਾ ਰਹੀ ਸੀ ਤਾਂ ਮੇਰੀਆਂ ਅੱਖਾਂ ਪਰਲ-ਪਰਲ ਵਹਿ ਰਹੀਆਂ ਸਨ। ਅੱਥਰੂ ਰੁਕਣ ਦਾ ਨਾਂ ਨਹੀਂ ਸਨ ਲੈ ਰਹੇ। ਸੋਚ ਰਹੀ ਸੀ ਮਾਂ ਤੂੰ ਤੁਰ ਵੀ ਗਈ ਪਰ ਸਾਨੂੰ ਤੇਰੀਆਂ ਗੱਲਾਂ ਕਰਨ ਦੀ ਵੀ ਵਿਹਲ ਨਹੀਂ। ਆਮ ਕਰਕੇ ਲੋਕ ਕਹਿ ਦਿੰਦੇ ਨੇ ਕਿ ਰਿਸ਼ਤੇਦਾਰੀ ’ਚ ਜਾਣ ਦੀ ਸਾਨੂੰ ਵਿਹਲ ਨਹੀਂ ਲੱਗਦੀ ਪਰ ਜਦੋਂ ਕੋਈ ਮੁੱਕ ਜਾਂਦੈ ਤਾਂ ਸਾਰੇ ਕੰਮ ਧੰਦੇ ਛੱਡ ਛਡਾ ਕੇ ਦੁਨੀਆਦਾਰੀ ਨਿਭਾਉਣ ਤੁਰ ਪੈਨੇ ਆਂ ਪਰ ਐਨੀ ਹਿੰਮਤ ਨਹੀਂ ਕਰ ਸਕਦੇ ਕਿ ਕੰਮ ਛੱਡ ਕੇ ਕਿਸੇ ਰਿਸ਼ਤੇਦਾਰ ਭੈਣ-ਭਾਈ ਨੂੰ ਉਹਦੇ ਜਿਊਂਦੇ ਜੀਅ ਮਿਲਣ ਚਲੇ ਜਾਈਏ। ਕਦੇ-ਕਦੇ ਸੋਚੀਦੈ ਕਿ ਆਲੇ-ਦੁਆਲੇ ਵਾਲੇ ਰਿਸ਼ਤਿਆਂ ਨੂੰ ਖੁਸ਼ ਕਰਦੇ-ਕਰਦੇ ਆਪਣੇ ਆਪ ਨੂੰ ਖੁਸ਼ ਕਰਨਾ ਭੁੱਲ ਹੀ ਗਏ ਪਰ ਇਕ ਗੱਲ ਐ, ਜਿਹੜਾ ਬੰਦਾ ਤੁਹਾਡੀ ਹਰ ਗੱਲ ਦਾ ਮਤਲਬ ਪੁੱਠਾ ਕੱਢਦਾ ਹੋਵੇ, ਉਸ ਦੇ ਭਾਵੇਂ ਸਾਰੀ ਉਮਰ ਪੈਰਾਂ ਹੇਠ ਹੱਥ ਦੇ ਕੇ ਰੱਖੋ, ਉਹਨੇ ਤਾਂ ਵੀ ਖੁਸ਼ ਨਹੀਂ ਹੋਣਾ ਹੁੰਦਾ। ਬਸ ਮੈਂ ਵੀ ਇਸੇ ਕੋਸ਼ਿਸ਼ ਵਿਚ ਪੰਦਰਾਂ-ਵੀਹ ਸਾਲ ਲੰਘਾ ਲਏ, ਹੁਣ ਐਂ ਲੱਗਦਾ ਢਾਈ ਦਿਨ ਦੀ ਜ਼ਿੰਦਗੀ ਐ ਕਾਹਦੇ ਲਈ ਆਪਣੀ ਮਰਜ਼ੀ ਕਰਕੇ ਕਿਸੇ ਦਾ ਦਿਲ ਦੁਖਾਉਣੈ।
ਮਾਂ ! ਮੈਨੂੰ ਅੱਜ ਵੀ ਯਾਦ ਐ.....ਇਕ ਵਾਰੀ ਆਪਾਂ ਕਿਸੇ ਰਿਸ਼ਤੇਦਾਰੀ ’ਚ ਵਿਆਹ ਤੇ ’ਕੱਠੇ ਹੋਏ ਸੀ, ਸਾਰੇ ਰਿਸ਼ਤੇਦਾਰਾਂ ਦੇਖਿਆ ਕਿ ਸੂਟ ਦਾ ਰੰਗ ਬੜਾ ਫੱਬਦੈ ਪਰ ਜਦੋਂ ਸਾਰੇ ਇਧਰ-ਉਧਰ ਹੋ ਗਏ। ਤੂੰ ਮੇਰੇ ਕੋਲ ਬੈਠ ਕੇ ਪੁੱਛਿਆ ਸੀ, ‘ਤੂੰ ਠੀਕ ਐਂ ਪੁੱਤ?’ ਮੈਂ ਕਿਹਾ, ‘ਹਾਂ ਬਿਲਕੁਲ ਤੰਦਰੁਸਤ ਆਂ ਮੈਂ।’ ਤੂੰ ਫਿਰ ਪੁੱਛਿਆ, ‘‘ਬਾਕੀ ਸਾਰਾ ਪਰਿਵਾਰ ਕਿਵੇਂ ਐ?’’ ਮੈਂ ਕਿਹਾ, ‘ਸਭ ਠੀਕ ਨੇ।’ ਤੂੰ ਫਿਰ ਪੁੱਛਿਆ, ‘ਰਾਤ ਨੂੰ ਨੀਂਦ ਆਉਂਦੀ ਕਿ ਨਹੀਂ? ’ ਮੈਂ ਕਮਲ਼ਿਆਂ ਦੀ ਤਰ੍ਹਾਂ ਹੱਸਣ ਲੱਗੀ । ਫਿਰ ਤੂੰ ਥੋੜ੍ਹਾ ਗੁੱਸੇ ਨਾਲ ਕਿਹਾ, ‘ਨਹੀਂ ਦੱਸਣਾ ਨਾ ਦੱਸ ਪੁੱਤ...ਤੇਰੀਆਂ ਅੱਖਾਂ ਦੱਸ ਰਹੀਆਂ ਨੇ। ਕਾਲੀਆਂ ਹੋਈਆਂ ਪਈਆਂ ਨੇ ਹੇਠੋਂ।’ਸੱਚੀ ਉਨ੍ਹਾਂ ਦਿਨਾਂ ’ਚ ਬਹੁਤ ਸਮੱਸਿਆ ਵਿਚ ਸੀ। ਮਾਵਾਂ ਸੱਚੀ ਅੰਤਰਜਾਮੀ ਹੁੰਦੀਆਂ ਨੇ, ਜੋ ਦੁਨੀਆ ਨਹੀਂ ਦੇਖ ਸਕਦੀ, ਉਹ ਵੀ ਦੇਖ ਲੈਂਦੀਆਂ ਨੇ। ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤਾਂ ਅਸੀਂ ਸਵੇਰੇ ਅੱਧ-ਸੁੱਤੇ ਜਿਹੇ ਹੁੰਦੇ ਸੀ, ਤੇਰਾ ਸੁਭਾਅ ਸੀ ਬੋਲ ਕੇ ਪਾਠ ਕਰਨ ਦਾ। ਤੂੰ ਕੰਮ ਧੰਦੇ ਵੀ ਕਰੀ ਜਾਣੇ ਤੇ ਪਾਠ ਵੀ ਕਰੀ ਜਾਣਾ। ਥੋੜ੍ਹਾ ਵੱਡੇ ਹੋਏ ਤਾਂ ਸਾਨੂੰ ਪਤਾ ਲੱਗਿਆ ਕਿ ਤੈਨੂੰ ਮੂੰਹ ਜ਼ੁਬਾਨੀ ਬਾਣੀ ਸਿਖਾਉਣ ਲਈ ਸਾਡੀ ਅੰਬੋ (ਦਾਦੀ) ਨੇ ਗੁਰਦੁਆਰਾ ਸਾਹਿਬ ਵਾਲੇ ਭਾਈ ਜੀ ਨੂੰ ਆਖਿਆ ਸੀ। ਉਹ ਹਰ ਰੋਜ਼ ਤੈਨੂੰ ਇਕ ਪਉੜੀ ਜਾਂ ਇਕ ਸ਼ਬਦ ਕੰਠ ਕਰਾ ਜਾਂਦੇ ਤੇ ਤੂੰ ਸਾਰਾ ਦਿਨ ਕੰਮ ਧੰਦੇ ਵੀ ਕਰੀ ਜਾਣੇ ਤੇ ਕੰਠ ਵੀ ਕਰ ਲੈਣਾ। ਇਸੇ ਤਰ੍ਹਾਂ ਪੰਜੇ ਬਾਣੀਆਂ ਮੂੰਹ ਜ਼ੁਬਾਨੀ ਯਾਦ ਕਰ ਲਈਆਂ ਸਨ, ਜਦਕਿ ਪੜ੍ਹਨਾ ਨਹੀਂ ਸੀ ਆਉਂਦਾ। ਤੇਰਾ ਬੋਲ ਕੇ ਪਾਠ ਕਰਨ ਦਾ ਬੀਜ ਸਾਡੇ ਅੰਦਰ ਵੀ ਬੀਜਿਆ ਗਿਆ। ਹੁਣ ਕੰਮ ਧੰਦੇ ਕਰਨ ਲੱਗਿਆਂ ਬੋਲ ਕੇ ਪਾਠ ਕਰਦੀ ਆਂ ਤਾਂ ਬੀ ਜੀ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਕਿਸੇ ਡੇਰੇ ਤੋਂ ਕੋਈ ਸ਼ਬਦ ਲਿਆ ਹੋਇਆ, ਜਿਸ ਨੂੰ ਉਹ ‘ਨਾਮਦਾਨ’ ਆਖਦੇ ਨੇ ਅਤੇ ਸਵੇਰੇ-ਸਵੇਰੇ ਮੂੰਹ-ਸਿਰ ਲਪੇਟ ਕੇ ਆਪਣਾ ਭਜਨ ਕਰਦੇ ਨੇ। ਉਹ ਕਹਿੰਦੇ ਭਜਨ ਪਾਠ ਕਰਨਾ ਮਨ ਵਿਚ ਕਰੋ, ਬੋਲ ਕੇ ਕਰਨਾ ਡਰਾਮੇਬਾਜ਼ੀ ਹੁੰਦੀ ਐ।
ਕਈ-ਕਈ ਦਿਨ ਤਾਲੂਏ ਜੀਭ ਲੱਗੀ ਰਹਿੰਦੀ ਐ । ਬੰਦਾ ਚੁੱਪ ਕਰਿਆ ਰਹੇ ਤੇ ਅੰਦਰ ਭਜਨ ਬੰਦਗੀ ਵੀ ਚਲਦੀ ਰਹੇ, ਇਹ ਮੇਰੇ ਵਰਗੇ ਬੰਦੇ ਦੇ ਵੱਸ ਦੀ ਗੱਲ ਕਿੱਥੇ ਐ ? ਬੜੀ ਤਕਲੀਫ਼ ਜਿਹੀ ਹੁੰਦੀ ਐ ਕਿ ਆਪਣੇ ਹੀ ਘਰ ਵਿਚ ਐਨੀ ਕੁ ਆਜ਼ਾਦੀ ਵੀ ਨਹੀਂ। ਮੈਂ ਕਿਹੜਾ ਬਹੁਤਾ ਉੱਚੀ ਬੋਲ ਕੇ ਕਰਦੀ ਹੁੰਦੀ ਆਂ। ਬਸ ਐਨਾ ਕੁ ਹੁੰਦੈ ਕਿ ਮੇਰੇ ਕੰਨਾਂ ਨੂੰ ਸੁਣੇ। ਚਲੋ ਇਹ ਸਮੱਸਿਆਵਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ। ਬਸ ਮਨ ਵਿਚ ਇਹੀ ਮਲਾਲ ਐ ਕਿ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ’ਤੇ ਵੀ ਬੀ ਜੀ ਖੁਸ਼ ਨਹੀਂ ਹੁੰਦੇ। ਕਈ ਵਾਰ ਸੋਚਦੀ ਆਂ ਕਿ ਮਨਾ ਏਦੂੰ ਤਾਂ ਆਪਣੀ ਮਰਜ਼ੀ ਹੀ ਕਰ ਲਿਆ ਕਰਦਾ ਨਾਲੇ ਆਪ ਨਾ-ਖੁਸ਼ ਰਹੀ, ਨਾਲੇ ਦੂਜਿਆਂ ਨੂੰ ਖੁਸ਼ ਨਹੀਂ ਕਰ ਸਕੀ। ਮਾਂ ! ਇਕ ਮਿੰਟ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਅਜੇ। ਸ਼ਾਇਦ ਬੀ ਜੀ ਕੁਝ ਕਹਿ ਰਹੇ ਨੇ ਸੁਣ ਲਵਾਂ। "ਜੇ ਕੁਛ ਦੁਖਦੈ ਗੋਲੀ ਗੂਲੀ ਖਾ ਲੈ ਕੋਈ.... ਕੁਵੇਲਾ ਹੋਈ ਜਾਂਦੈ ਰੋਟੀ ਟੁੱਕ ਨੂੰ........।" ਬੀ ਜੀ ਨੇ ਉੱਚੀ ਦੇਣੇ ਕਿਹਾ... ਉਸ ਤੋਂ ਬਾਅਦ ਭਾਂਡਿਆਂ ਦੇ ਖੜਕੇ ਵਿੱਚ ਰਲੀ ਆਵਾਜ਼ ਦੀ ਸਮਝ ਨਹੀਂ ਆਈ। ਉਸ ਨੇ ਦਰਵਾਜ਼ੇ ਵੱਲ ਪਿੱਠ ਕਰਕੇ ਅੱਖਾਂ ਪੂੰਝੀਆਂ। " ਅੱਛਾ ਮਾਂ ! ਫੇਰ ਕਰਾਂਗੇ ਰਹਿੰਦੀਆਂ ਗੱਲਾਂ । ਰੋਟੀ-ਪਾਣੀ ਦਾ ਆਹਰ ਕਰ ਲਵਾਂ।’’ ਉਸ ਨੇ ਸਿਰਦਰਦ ਨੂੰ ਜਾੜ੍ਹ ਹੇਠ ਦੱਬਿਆ ਤੇ ਕੰਮਾਂ ’ਚ ਜੁੱਟ ਗਈ।
ਅੰਮ੍ਰਿਤ ਕੌਰ (ਬਡਰੁੱਖਾਂ)
ਸੰਗਰੂਰ।
9876714004
ਕਹਾਣੀਨਾਮਾ : ਜਾਣੋ ਭੁੱਲੀਆਂ ਵਿਸਰੀਆਂ ਯਾਦਾਂ ਦੇ ਬਾਰੇ
NEXT STORY