ਧਰਮਕੋਟ (ਸਤੀਸ਼, ਅਕਾਲੀਆਂਵਾਲਾ)—ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਹਿਸੀਲ ਦਫਤਰ ਧਰਮਕੋਟ ਵਿਖੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਅਗਵਾਈ ਹੇਠ ਹਲਕੇ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਅਗਵਾਈ 'ਚ ਦੇਸ਼ ਦੀ ਆਰਥਕ ਹਾਲਤ ਡਾਵਾਂਡੋਲ ਹੋ ਚੁੱਕੀ ਹੈ, ਦੇਸ਼ ਦੀ ਜਨਤਾ ਮੋਦੀ ਸਰਕਾਰ ਨੂੰ ਦੁਬਾਰਾ ਸੱਤਾ ਸੌਂਪ ਕੇ ਪਛਤਾ ਰਹੀ ਹੈ। ਮੋਦੀ ਸਰਕਾਰ ਹਰ ਫਰੰਟ 'ਤੇ ਫੇਲ ਹੋਈ ਹੈ।
ਇਸ ਸਰਕਾਰ ਦੇ ਰਾਜ 'ਚ ਪੂੰਜੀਪਤੀ ਉਦਯੋਗਪਤੀਆਂ ਨੂੰ ਦੇਸ਼ ਦਾ ਖਜ਼ਾਨਾ ਲੁਟਾਇਆ ਜਾ ਰਿਹਾ ਹੈ, ਸਰਕਾਰ ਦੀਆਂ ਗਲਤ ਆਰਥਕ ਨੀਤੀਆਂ ਕਾਰਣ ਵਪਾਰੀ ਵਰਗ, ਮੁਲਾਜ਼ਮ ਵਰਗ, ਕਿਸਾਨ ਵਰਗ ਅਤੇ ਮਜ਼ਦੂਰ ਵਰਗ ਮਾਯੂਸ ਹਨ ਅਤੇ ਦੇਸ਼ 'ਚ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ। ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ ਪਰ ਇਸ ਬੋਲ਼ੀ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ, ਜਿਸ 'ਤੇ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ਾਂ 'ਤੇ ਇਸ ਬੋਲ਼ੀ ਸਰਕਾਰ, ਜੋ ਕਿ ਸੁੱਤੀ ਪਈ ਹੈ, ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਕਾਂਗਰਸ ਪਾਰਟੀ ਵੱਲੋਂ ਸਮੁੱਚੇ ਦੇਸ਼ ਅੰਦਰ ਸੰਘਰਸ਼ ਸ਼ੁਰੂ ਕੀਤਾ ਜਾ ਚੁੱਕਾ ਹੈ। ਦੇਸ਼ ਦੀ ਜਨਤਾ ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲੀ ਹੈ। ਇਸ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਅਗਵਾਈ ਵਿਚ ਪਵਨ ਕੁਮਾਰ ਗੁਲਾਟੀ ਤਹਿਸੀਲਦਾਰ ਧਰਮਕੋਟ ਨੂੰ ਮੰਗ-ਪੱਤਰ ਵੀ ਸੌਂਪਿਆ ਗਿਆ।
ਇਸ ਮੌਕੇ ਇਕੱਠ ਨੂੰ ਅਮਰਜੀਤ ਸਿੰਘ ਬਿੱਟੂ ਬੀਜਾਪੁਰ ਬਲਾਕ ਕਾਂਗਰਸ ਪ੍ਰਧਾਨ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲਾ ਪ੍ਰੀਸ਼ਦ ਮੋਗਾ, ਮਨਪ੍ਰੀਤ ਸਿੰਘ ਨੀਟਾ ਬੈਨੀਵਾਲ, ਚਿਮਨ ਸਿੰਘ ਮੈਂਬਰ ਜ਼ਿਲਾ ਪ੍ਰੀਸ਼ਦ, ਕੁਲਬੀਰ ਸਿੰਘ ਲੌਂਗੀਵਿੰਡ ਚੇਅਰਮੈਨ, ਬਲਤੇਜ ਸਿੰਘ ਚੇਅਰਮੈਨ ਮਾਰਕੀਟਿੰਗ ਸੋਸਾਇਟੀ, ਪ੍ਰਿਤਪਾਲ ਸਿੰਘ ਚੀਮਾ ਚੇਅਰਮੈਨ ਬਲਾਕ ਸੰਮਤੀ, ਗੁਰਬੀਰ ਸਿੰਘ ਗੋਗਾ, ਸੋਹਣ ਸਿੰਘ ਖੇਲਾ ਪੀ. ਏ. ਟੂ. , ਅਵਤਾਰ ਸਿੰਘ ਪੀ.ਏ., ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਕਿਸ਼ਨ ਤਿਵਾੜੀ, ਵਿਜੇ ਧੀਰ ਗੁਰਮੀਤ ਮੁਖੀਜਾ ਕੌਂਸਲਰ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸ ਸਮੇਂ ਅਮਨਦੀਪ ਸਿੰਘ ਗਿੱਲ ਪ੍ਰਧਾਨ ਨਗਰ ਪੰਚਾਇਤ ਫਤਿਹਗੜ੍ਹ ਪੰਜਤੂਰ, ਪਰਮਜੀਤ ਕੌਰ ਕਪੂਰੇ ਮਹਿਲਾ ਕਾਂਗਰਸ ਆਗੂ, ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਇਕਬਾਲ ਸਿੰਘ ਸਰਪੰਚ ਰਾਮਗੜ੍ਹ, ਰਾਜ ਸਿੰਘ ਕਾਦਰਵਾਲਾ ਮੈਂਬਰ ਬਲਾਕ ਸੰਮਤੀ ਆਦਿ ਤੋਂ ਇਲਾਵਾ ਇਲਾਕੇ ਦੇ ਕਾਂਗਰਸੀ ਆਗੂ, ਵਰਕਰ ਹਾਜ਼ਰ ਸਨ।
ਮੋਗਾ 'ਚ 2 ਮੁੰਡਿਆਂ ਦੀ ਰਾਡਾਂ ਨਾਲ ਕੁੱਟਮਾਰ, ਵੀਡੀਓ ਵਾਇਰਲ
NEXT STORY