ਕਿਸ਼ਨਪੁਰਾ ਕਲਾਂ (ਗੋਪੀ ਰਾਊਕੇ)— ਦਿਨੋਂ-ਦਿਨ ਵੱਧ ਰਹੀ ਆਵਾਰਾ ਪਸ਼ੂਆਂ ਦੀ ਗਿਣਤੀ ਨਾਲ ਜਿੱਥੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਉਥੇ ਇਨ੍ਹਾਂ ਆਵਾਰਾਂ ਪਸ਼ੂਆਂ ਦੇ ਕਾਰਣ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਸਰਕਾਰਾਂ ਵਲੋਂ ਟੈਕਸ ਵਸੂਲਣ ਦੇ ਬਾਵਜੂਦ ਵੀ ਪਿੰਡਾਂ ਸ਼ਹਿਰਾਂ ਅੰਦਰ ਇਨ੍ਹਾਂ ਆਵਾਰਾਂ ਪਸ਼ੂਆਂ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਅੱਜ ਵਾਪਰੀ ਇਕ ਤਾਜ਼ਾ ਘਟਨਾ ਅਨੁਸਾਰ ਪਿੰਡ ਭਿੰਡਰ ਖੁਰਦ ਵਿਖੇ ਇਕ ਬਜ਼ੁਰਗ ਔਰਤ ਦੀ ਆਵਾਰਾ ਢੱਠੇ ਵਲੋਂ ਆਪਣੀ ਲਪੇਟ ਲੈ ਲਏ ਜਾਣ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਸੰਤ ਕੌਰ (80 ਸਾਲ) ਪਤਨੀ ਸਰਦਾਰਾ ਸਿੰਘ ਸਿੱਧੂ ਜੋ ਕਿ ਆਪਣੇ ਘਰ ਦੇ ਸਾਹਮਣੇ ਬਣੇ ਪਸ਼ੂਆ ਦੇ ਵਾੜੇ 'ਚੋਂ ਆਵਾਰਾ ਪਸ਼ੂਆਂ ਨੂੰ ਬਾਹਰ ਕੱਢਣ ਗਈ, ਪਰ ਆਵਾਰਾ ਢੱਠੇ ਨੇ ਉਸ ਨੂੰ ਆਪਣੀ ਲਪੇਟ ਲੈਂਦਿਆਂ ਕਈ ਵਾਰ ਧਰਤੀ 'ਤੇ ਪਟਕ-ਪਟਕ ਕੇ ਮਾਰਿਆ, ਜਿਸ ਕਾਰਣ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਗਿਆ, ਪਰ ਹਾਲਤ ਜ਼ਿਆਦਾ ਖਰਾਬ ਹੋਣ ਕਾਰਣ ਉਸਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਉਸਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਜਾਂ ਤਾਂ ਟੈਕਸ ਵਸੂਲਣਾਂ ਬੰਦ ਕਰੇ ਨਹੀ ਤਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਕਰੇ।
ਟਰੇਨ ਦੀ ਲਪੇਟ 'ਚ ਆ ਕੇ ਆਟੋ ਚਾਲਕ ਦੀ ਮੌਤ
NEXT STORY