ਨਵੀਂ ਦਿੱਲੀ— ਉੱਤਰ-ਪੂਰਬੀ ਦਿੱਲੀ 'ਚ ਦੰਗੇ ਕਾਰਨ ਪ੍ਰਭਾਵਤ ਹੋਏ ਇਲਾਕਿਆਂ 'ਚ ਹੌਲੀ-ਹੌਲੀ ਜਨਜੀਵਨ ਲੀਹ 'ਤੇ ਵਾਪਸ ਪਰਤ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਨੇ ਦੰਗਾ ਭੜਕਾਉਣ ਵਾਲਿਆਂ ਨੂੰ ਫੜਨ ਲਈ ਮੁਹਿੰਮ ਵਿੱਢ ਦਿੱਤੀ ਹੈ। ਇਸ ਦੌਰਾਨ ਹੁਣ ਤਕ 167 ਕੇਸ ਦਰਜ ਕਰ ਕੇ 885 ਲੋਕਾਂ ਤੋਂ ਪੁੱਛਗਿਛ ਲਈ ਹਿਰਾਸਤ 'ਚ ਲਿਆ ਗਿਆ ਹੈ। ਉੱਤਰ-ਪੂਰਬੀ ਦਿੱਲੀ ਦੇ ਮੌਜਪੁਰ, ਚਾਂਦਬਾਗ, ਗੋਕੁਲਪੁਰੀ, ਖਜੂਰੀ ਸਮੇਤ ਕਈ ਹੋਰ ਇਲਾਕਿਆਂ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਦੰਗੇ ਹੋਏ। ਜਿਸ ਦੌਰਾਨ ਹੁਣ ਤਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 300 ਦੇ ਕਰੀਬ ਜ਼ਖਮੀਆਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ 'ਚ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਰਤਨ ਲਾਲ ਤੇ ਖੁਫੀਆ ਬਿਓਰੋ ਦੇ ਜਵਾਨ ਅੰਕਿਤ ਸ਼ਰਮਾ ਵੀ ਸ਼ਾਮਲ ਹਨ।
ਦਿੱਲੀ ਪੁਲਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਆਮ ਤੇ ਕੰਟਰੋਲ ਹੇਠ ਹੋਣ ਦਾ ਦਾਅਵਾ ਕਰਦੇ ਹੋਏ ਦੱਸਿਆ ਕਿ ਦੰਗਿਆਂ ਦੇ ਚਲਦੇ 167 ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਸ 'ਚ 36 ਮਾਮਲੇ ਆਰਮਸ ਐਕਟ ਦੇ ਤਹਿਤ ਦਰਜ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਦੰਗਾ ਭੜਕਾਉਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸ਼ਿਕੰਜੇ 'ਚ ਲੈਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਹੁਣ ਤਕ 885 ਲੋਕਾਂ ਨੂੰ ਹਿਰਾਸਤ ਤੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਪੁਲਸ ਨੇ ਟਵੀਟਰ, ਫੇਸਬੁੱਕ ਤੇ ਇੰਸਟਾਗ੍ਰਾਮ ਵਰਗੀਆਂ ਸੋਸ਼ਲ ਮੀਡੀਆ ਵੈੱਬਸਾਈਟਾਂ 'ਚੇ ਭੜਕਾਊ ਪੋਸਟ ਲਿਖਣ ਵਾਲੇ 13 ਮਾਮਲੇ ਦਰਜ ਕੀਤੇ ਹਨ। ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਗੈਰ ਕਾਨੂੰਨੀ ਤੇ ਇਤਰਾਜ਼ਯੋਗ ਸਮੱਗਰੀ ਦਾ ਪ੍ਰਚਾਰ ਕਰਨ ਲਈ ਕਈ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤੇ ਹਨ।
ਕਸ਼ਮੀਰ 'ਚ ਇਕ ਅੱਤਵਾਦੀ ਸਮੇਤ 4 ਲੋਕ ਹਥਿਆਰਾਂ ਸਣੇ ਗ੍ਰਿਫਤਾਰ
NEXT STORY