ਜੰਮੂ— ਜੰਮੂ ਕਸ਼ਮੀਰ ਦੇ ਕਠੁਆ 'ਚ 8 ਸਾਲ ਦੀ ਬੱਚੀ ਨਾਲ ਗੈਂਗਰੇਪ ਦੇ ਮਾਮਲੇ ਦੀ ਵਕੀਲ ਦੀਪਿਕਾ ਸਿੰਘ ਰਾਜਾਵਤ ਨੂੰ ਪੀੜਤ ਪਰਿਵਾਰ ਨੇ ਕੇਸ ਤੋਂ ਹਟਾ ਦਿੱਤਾ ਹੈ। ਬੱਚੀ ਦੇ ਪਿਤਾ ਨੇ ਪਠਾਨਕੋਟ ਕੋਰਟ ਵਿਚ ਵਕੀਲ ਦੀਪਿਕਾ ਨੂੰ ਕੇਸ ਤੋਂ ਹਟਾਉਣ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ ਹੈ। ਪਰਿਵਾਰ ਨੇ ਦੱਸਿਆ ਕਿ ਵਕੀਲ ਦੀਪਿਕਾ ਕੇਸ 'ਚ ਘੱਟ ਦਿਲਚਸਪੀ ਲੈਣ ਅਤੇ ਅਦਾਲਤ ਵਿਚ ਨਾ ਆਉਣ ਕਾਰਨ ਕੇਸ ਤੋਂ ਹਟਾ ਰਹੇ ਹਨ। ਪਰਿਵਾਰ ਦੇ ਇਕ ਮਿੱਤਰ ਨੇ ਕਿਹਾ ਕਿ ਪੀੜਤਾ ਦੇ ਪਿਤਾ ਦਾ ਕਹਿਣਾ ਹੈ ਕਿ ਵਕੀਲ ਦੀਪਿਕਾ ਸਿੰਘ ਰਾਜਾਵਤ ਕੋਰਟ ਵਿਚ ਦੋ ਜਾਂ ਤਿੰਨ ਵਾਰ ਹੀ ਆਈ ਹੈ। ਬੱਚੀ ਦੇ ਪਰਿਵਾਰ ਵਾਲੇ ਪਹਿਲਾਂ ਤੋਂ ਹੀ ਆਪਣੀ ਧੀ ਨਾਲ ਹੋਈ ਘਟਨਾ ਕਰ ਕੇ ਟੁੱਟ ਚੁੱਕੇ ਹਨ। ਦੱਸਣਯੋਗ ਹੈ ਕਿ ਦੀਪਿਕਾ ਨੇ ਹੀ ਪਰਿਵਾਰ ਵਲੋਂ ਪੀੜਤਾ ਦਾ ਕੇਸ ਲੜਨ ਲਈ ਪਹਿਲ ਕੀਤੀ ਸੀ, ਜਿਸ ਤੋਂ ਬਾਅਦ ਉਹ ਇਕ ਨੈਸ਼ਨਲ ਸੈਲੀਬ੍ਰਿਟੀ ਬਣ ਗਈ ਸੀ।
ਮੀਡੀਆ ਰਿਪੋਰਟ ਮੁਤਾਬਕ ਦੀਪਿਕਾ ਸਿੰਘ ਰਾਜਾਵਤ ਨੇ ਇਸ ਮਾਮਲੇ ਵਿਚ ਦੁੱਖ ਜ਼ਾਹਰ ਕਰਦਿਆਂ ਆਪਣੀ ਸਮੱਸਿਆਵਾਂ ਬਾਰੇ ਦੱਸਿਆ। ਉਨ੍ਹਾਂ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਵਿਚ ਪੇਸ਼ ਨਾ ਹੋਣ ਦੇ ਸਵਾਲ 'ਤੇ ਕਿਹਾ ਕਿ ਉਨ੍ਹਾਂ ਨੂੰ ਪਠਾਨਕੋਟ ਕਰੀਬ ਢਾਈ ਸੌ ਕਿਲੋਮੀਟਰ ਦੂਰ ਪੈਂਦਾ ਹੈ, ਅਜਿਹੇ ਵਿਚ ਉਨ੍ਹਾਂ ਲਈ ਹਰ ਸੁਣਵਾਈ 'ਤੇ ਕੋਰਟ ਜਾਣਾ ਮੁਸ਼ਕਲ ਹੋ ਰਿਹਾ ਸੀ।
ਦੱਸਣਯੋਗ ਹੈ ਕਿ ਜੰਮੂ ਦੇ ਕਠੁਆ ਵਿਚ ਇਸ ਸਾਲ ਜਨਵਰੀ ਮਹੀਨੇ 8 ਸਾਲ ਦੀ ਬੱਚੀ ਨਾਲ ਬਲਾਤਕਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਪੁਲਸ ਦੀ ਚਾਰਜਸ਼ੀਟ ਵਿਚ ਸਾਹਮਣੇ ਆਇਆ ਸੀ ਕਿ ਜੰਮੂ ਦੇ ਹਿੰਦੂ ਬਹੁਲ ਇਲਾਕੇ ਤੋਂ ਮੁਸਲਿਮ ਆਬਾਦੀ ਨੂੰ ਖਦੇੜਨ ਲਈ ਬੱਚੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਪੂਰੇ ਦੇਸ਼ ਵਿਚ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਗੁੱਸਾ ਫੁਟਿਆ ਸੀ।
ਭਾਜਪਾ ਨੂੰ ਝਟਕਾ, 3 ਮੰਤਰੀਆਂ ਸਮੇਤ 64 ਨੇਤਾ ਕਾਂਗਰਸ 'ਚ ਸ਼ਾਮਿਲ
NEXT STORY