ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ ਭਾਰਤੀ ਹਵਾਈ ਫੌਜ ਦਾ 29ਵਾਂ ਪ੍ਰਮੁੱਖ ਨਿਯੁਕਤ ਕੀਤਾ ਹੈ। ਉਹ 31 ਅਕਤੂਬਰ 2026 ਨੂੰ ਏਅਰ ਚੀਫ ਮਾਰਸ਼ਲ ਦਾ ਅਹੁਦਾ ਸੰਭਾਲਣਗੇ। ਮੌਜੂਦਾ ਚੀਫ ਆਫ ਏਅਰ ਸਟਾਫ, ਏਅਰ ਚੀਫ ਮਾਰਸ਼ਲ ਏ.ਪੀ. ਸਿੰਘ (ਅਮਰ ਪ੍ਰੀਤ ਸਿੰਘ), ਉਸੇ ਦਿਨ ਸੇਵਾਮੁਕਤ ਹੋ ਰਹੇ ਹਨ। ਏਅਰ ਮਾਰਸ਼ਲ ਦੀਕਸ਼ਿਤ ਫਿਲਹਾਲ ਵਾਈਸ ਚੀਫ ਆਫ ਏਅਰ ਸਟਾਫ ਦੇ ਅਹੁਦੇ 'ਤੇ ਸੇਵਾਵਾਂ ਨਿਭਾ ਰਹੇ ਹਨ।
9 ਦਸੰਬਰ 1966 ਨੂੰ ਜੰਮੇ ਏਅਰ ਮਾਰਸ਼ਲ ਦੀਕਸ਼ਿਤ 6 ਦਸੰਬਰ 1986 ਨੂੰ ਹਵਾਈ ਫੌਜ ਦੀ ਲੜਾਕੂ (ਫਾਈਟਰ) ਸਟ੍ਰੀਮ ਵਿੱਚ ਕਮਿਸ਼ਨ ਹੋਏ ਸਨ। ਉਹ ਨੈਸ਼ਨਲ ਡਿਫੈਂਸ ਅਕਾਦਮੀ, ਬੰਗਲਾਦੇਸ਼ ਦੇ ਡਿਫੈਂਸ ਸਟਾਫ ਸਰਵਿਸ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਇਸ ਤੋਂ ਪਹਿਲਾਂ ਉਹ ਚੀਫ ਆਫ ਇੰਟੀਗ੍ਰੇਟਿਡ ਡਿਫੈਂਸ ਸਟਾਫ ਅਤੇ ਸੈਂਟਰਲ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਹਨ।
ਉਨ੍ਹਾਂ ਕੋਲ ਮਿਰਾਜ-2000, ਮਿਗ ਦੇ ਵੱਖ-ਵੱਖ ਵੇਰੀਐਂਟ, ਕਿਰਨ, ਜੈਗੁਆਰ, ਆਈ.ਐਲ.-78, ਹਾਕ ਅਤੇ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਸਮੇਤ ਕਈ ਜਹਾਜ਼ਾਂ 'ਤੇ 3,500 ਘੰਟਿਆਂ ਤੋਂ ਵੱਧ ਉਡਾਣ ਦਾ ਵਿਆਪਕ ਤਜਰਬਾ ਹੈ। ਉਹ ਇੱਕ ਐਕਸਪੈਰੀਮੈਂਟਲ ਟੈਸਟ ਪਾਇਲਟ ਅਤੇ ਕੁਆਲੀਫਾਈਡ ਫਲਾਇੰਗ ਇੰਸਟ੍ਰਕਟਰ ਵੀ ਹਨ।
ਆਪਣੇ ਲਗਭਗ ਚਾਰ ਦਹਾਕਿਆਂ ਦੇ ਕਰੀਅਰ ਦੌਰਾਨ ਉਨ੍ਹਾਂ ਨੇ 'ਓਪਰੇਸ਼ਨ ਸਫੇਦ ਸਾਗਰ', 'ਓਪਰੇਸ਼ਨ ਰਕਸ਼ਕ' ਅਤੇ 'ਓਪਰੇਸ਼ਨ ਸੰਦੂਰ' ਵਰਗੇ ਕਈ ਪ੍ਰਮੁੱਖ ਅਭਿਆਨਾਂ ਵਿੱਚ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ ਪੱਛਮੀ ਖੇਤਰ ਵਿੱਚ ਇੱਕ ਫਰੰਟਲਾਈਨ ਫਾਈਟਰ ਏਅਰਬੇਸ ਅਤੇ ਦੱਖਣੀ ਖੇਤਰ ਵਿੱਚ ਇੱਕ ਪ੍ਰਮੁੱਖ ਫਾਈਟਰ ਟ੍ਰੇਨਿੰਗ ਬੇਸ ਦੀ ਕਮਾਨ ਵੀ ਸੰਭਾਲੀ।
ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਉਨ੍ਹਾਂ ਨੂੰ 2006 ਵਿੱਚ ਹਵਾਈ ਫੌਜ ਮੈਡਲ, 2011 ਵਿੱਚ ਵਿਸ਼ਿਸ਼ਟ ਸੇਵਾ ਮੈਡਲ, 2023 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ 2026 ਵਿੱਚ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਵੱਡੀ ਕਾਰਵਾਈ: ਆਕਾਸ਼ਵਾਣੀ ਭਵਨ ਦੇ ਬਾਹਰ ਧਰਨੇ 'ਤੇ ਬੈਠੇ ਰਾਹੁਲ ਤੇ ਪ੍ਰਿਯੰਕਾ ਲਏ ਹਿਰਾਸਤ 'ਚ, ਹੰਗਾਮਾ ਹੋਇਆ ਤੇਜ਼
NEXT STORY