ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਵਿਵਾਦਾਂ ਵਿਚ ਉਲਝੇ ਸੀ. ਬੀ. ਆਈ. ਚੀਫ ਆਲੋਕ ਵਰਮਾ ਅਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਸਾਰੇ ਅਧਿਕਾਰ ਵਾਪਸ ਲੈ ਲਏ ਹਨ ਅਤੇ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਇਸ ਉੱਚ ਜਾਂਚ ਏਜੰਸੀ ਦੇ ਇਤਿਹਾਸ ਵਿਚ ਇਹ ਪਹਿਲਾ ਇਸ ਤਰ੍ਹਾਂ ਦਾ ਮਾਮਲਾ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾਕ੍ਰਮ ਜਾਰੀ ਹੈ ਅਤੇ ਸਰਕਾਰ ਵਲੋਂ ਵਿਸਥਾਰ ਪੂਰਵਕ ਬਿਆਨ ਜਾਰੀ ਕਰਨ ਤੋਂ ਬਾਅਦ ਇਸ ਮਾਮਲੇ ਵਿਚ ਸਥਿਤੀ ਜ਼ਿਆਦਾ ਸਪੱਸ਼ਟ ਹੋਵੇਗੀ। ਇਕ ਸਰਕਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਨਿਯੁਕਤ ਕਮੇਟੀ ਨੇ ਮੰਗਲਵਾਰ ਦੇਰ ਰਾਤ ਜੁਆਇੰਟ ਡਾਇਰੈਕਟਰ ਐੱਮ. ਨਾਗੇਸ਼ਵਰ ਰਾਵ ਨੂੰ ਤੁਰੰਤ ਪ੍ਰਭਾਵ ਤੋਂ ਸੀ. ਬੀ. ਆਈ. ਦੇ ਅਹੁਦੇ ਦਾ ਚਾਰਜ ਦਿੱਤਾ ਹੈ। ਜਿਨ੍ਹਾਂ 3 ਐਡੀਸ਼ਨਲ ਡਾਇਰੈਕਟਰਾਂ ਨੂੰ ਦਰਕਿਨਾਰ ਕੀਤਾ ਗਿਆ, ਉਨ੍ਹਾਂ ਵਿਚ ਏ. ਕੇ. ਸ਼ਰਮਾ ਵੀ ਸ਼ਾਮਲ ਹਨ। ਇੱਥੇ ਦੱਸ ਦੇਈਏ ਕਿ ਅਸਥਾਨਾ ਵਲੋਂ ਕੀਤੀ ਗਈ ਸ਼ਿਕਾਇਤ ਵਿਚ ਸ਼ਰਮਾ ਦਾ ਨਾਂ ਸਾਹਮਣੇ ਆਇਆ ਸੀ।
ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਸੀ. ਬੀ. ਆਈ. ਹੈੱਡਕੁਆਰਟਰ ਸੀਲ ਕਰ ਦਿੱਤਾ ਗਿਆ ਹੈ। ਉੱਥੇ ਨਾ ਤਾਂ ਸੀ. ਬੀ. ਆਈ. ਕਰਮਚਾਰੀ ਹਨ ਅਤੇ ਨਾ ਹੀ ਬਾਹਰੀ ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ, ਕਿਉਂਕਿ ਅਧਿਕਾਰੀਆਂ ਦੀ ਇਕ ਟੀਮ ਇਮਾਰਤ ਵਿਚ ਸੀ। ਜ਼ਿਕਰਯੋਗ ਹੈ ਕਿ ਏਜੰਸੀ ਨੇ ਆਪਣੇ ਹੀ ਸਪੈਸ਼ਲ ਡਾਇਰੈਕਟਰ ਅਸਥਾਨਾ 'ਤੇ ਕੇਸ ਦਰਜ ਕੀਤਾ ਹੈ। ਉਨ੍ਹਾਂ 'ਤੇ ਰਿਸ਼ਵਤ ਲੈਣ ਦਾ ਦੋਸ਼ ਲਾਇਆ ਗਿਆ ਹੈ। ਇੱਥੇ ਦੱਸ ਦੇਈਏ ਕਿ ਵਰਮਾ ਅਤੇ ਅਸਥਾਨਾ ਵਿਚਾਲੇ ਕੁਝ ਦਿਨਾਂ ਤੋਂ ਇਕ ਦੂਜੇ 'ਤੇ ਦੋਸ਼ ਲਾਉਣ ਦਾ ਦੌਰ ਚਲ ਰਿਹਾ ਸੀ। ਅਸਥਾਨਾ ਅਤੇ ਜਾਂਚ ਏਜੰਸੀ ਦੇ ਕੁਝ ਹੋਰ ਅਧਿਕਾਰੀਆਂ ਵਿਰੁੱਧ ਰਿਸ਼ਵਤ ਦੇ ਦੋਸ਼ਾਂ ਵਿਚ ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ਮਾਮਲੇ ਦੇ ਸਿਲਸਿਲੇ ਵਿਚ ਸੋਮਵਾਰ ਨੂੰ ਡੀ. ਐੱਸ. ਪੀ. ਰੈਂਕ ਦੇ ਦੇਵੇਂਦਰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਸਥਾਨਾ 'ਤੇ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਦੇ ਮਾਮਲੇ ਵਿਚ ਰਿਸ਼ਵਤ ਲੈਣ ਦਾ ਦੋਸ਼ ਹੈ। ਦੇਵੇਂਦਰ ਕੁਮਾਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕੁਰੈਸ਼ੀ ਮਾਮਲੇ ਦੇ ਗਵਾਹ ਸਤੀਸ਼ ਸਾਨਾ ਦੇ ਬਿਆਨ ਵਿਚ ਫਰਜ਼ੀਵਾੜਾ ਕੀਤਾ ਸੀ।
ਸ਼੍ਰੀਨਗਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਹੋਈ ਮੁੱਠਭੇੜ
NEXT STORY